ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਫ਼ਵਾਹਾਂ ਦਾ ਖ਼ਤਰਾ
ਸੂਚਨਾ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਫੇਸਬੁੱਕ, ਵਟਸਐਪ, ਐਕਸ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਮਾਧਿਅਮਾਂ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਬਹੁਤ ਆਸਾਨ ਅਤੇ ਤੇਜ਼ ਬਣਾ ਦਿੱਤਾ ਹੈ। ਅੱਜ ਕੋਈ ਵੀ ਘਟਨਾ ਵਾਪਰਨ ਤੋਂ ਕੁਝ ਮਿੰਟਾਂ ਵਿੱਚ ਹੀ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਇਹ ਤਕਨਾਲੋਜੀ ਜਿੱਥੇ ਲੋਕਾਂ ਨੂੰ ਜੋੜਨ, ਗਿਆਨ ਵਧਾਉਣ ਅਤੇ ਜਾਗਰੂਕਤਾ ਫੈਲਾਉਣ ਦਾ ਮਹੱਤਵਪੂਰਨ ਸਾਧਨ ਬਣੀ ਹੈ, ਉੱਥੇ ਇਸ ਦੇ ਨਾਲ ਇੱਕ ਵੱਡਾ ਖ਼ਤਰਾ ਵੀ ਜੁੜਿਆ ਹੋਇਆ ਹੈ—ਅਫ਼ਵਾਹਾਂ ਅਤੇ ਗਲਤ ਜਾਣਕਾਰੀ ਦਾ ਬੇਰੋਕ-ਟੋਕ ਪ੍ਰਸਾਰ। ਪਹਿਲਾਂ ਅਫ਼ਵਾਹਾਂ ਕਿਸੇ ਪਿੰਡ, ਮੁਹੱਲੇ ਜਾਂ ਸੀਮਤ ਖੇਤਰ ਤੱਕ ਹੀ ਰਹਿੰਦੀਆਂ ਸਨ।
ਸੂਚਨਾ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਫੇਸਬੁੱਕ, ਵਟਸਐਪ, ਐਕਸ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਮਾਧਿਅਮਾਂ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਬਹੁਤ ਆਸਾਨ ਅਤੇ ਤੇਜ਼ ਬਣਾ ਦਿੱਤਾ ਹੈ। ਅੱਜ ਕੋਈ ਵੀ ਘਟਨਾ ਵਾਪਰਨ ਤੋਂ ਕੁਝ ਮਿੰਟਾਂ ਵਿੱਚ ਹੀ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਇਹ ਤਕਨਾਲੋਜੀ ਜਿੱਥੇ ਲੋਕਾਂ ਨੂੰ ਜੋੜਨ, ਗਿਆਨ ਵਧਾਉਣ ਅਤੇ ਜਾਗਰੂਕਤਾ ਫੈਲਾਉਣ ਦਾ ਮਹੱਤਵਪੂਰਨ ਸਾਧਨ ਬਣੀ ਹੈ, ਉੱਥੇ ਇਸ ਦੇ ਨਾਲ ਇੱਕ ਵੱਡਾ ਖ਼ਤਰਾ ਵੀ ਜੁੜਿਆ ਹੋਇਆ ਹੈ—ਅਫ਼ਵਾਹਾਂ ਅਤੇ ਗਲਤ ਜਾਣਕਾਰੀ ਦਾ ਬੇਰੋਕ-ਟੋਕ ਪ੍ਰਸਾਰ। ਪਹਿਲਾਂ ਅਫ਼ਵਾਹਾਂ ਕਿਸੇ ਪਿੰਡ, ਮੁਹੱਲੇ ਜਾਂ ਸੀਮਤ ਖੇਤਰ ਤੱਕ ਹੀ ਰਹਿੰਦੀਆਂ ਸਨ।
ਲੋਕ ਇੱਕ ਦੂਜੇ ਤੋਂ ਸੁਣੀਆਂ ਗੱਲਾਂ ਨੂੰ ਅੱਗੇ ਪਹੁੰਚਾਉਂਦੇ ਸਨ ਅਤੇ ਉਨ੍ਹਾਂ ਦਾ ਪ੍ਰਭਾਵ ਵੀ ਸੀਮਤ ਹੁੰਦਾ ਸੀ। ਪਰ ਅੱਜ ਇੱਕ ਗਲਤ ਸੁਨੇਹਾ, ਪੁਰਾਣੀ ਤਸਵੀਰ ਜਾਂ ਤੱਥਾਂ ਤੋਂ ਰਹਿਤ ਵੀਡੀਓ ਕੁਝ ਹੀ ਮਿੰਟਾਂ ਵਿੱਚ ਹਜ਼ਾਰਾਂ-ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਕਈ ਵਾਰ ਲੋਕ ਬਿਨਾਂ ਜਾਂਚੇ-ਪਰਖੇ ਅਜਿਹੀ ਸਮੱਗਰੀ ਨੂੰ ਅੱਗੇ ਭੇਜ ਦਿੰਦੇ ਹਨ, ਜਿਸ ਕਾਰਨ ਅਫ਼ਵਾਹ ਸੱਚ ਵਰਗੀ ਲੱਗਣ ਲੱਗਦੀ ਹੈ। ਜਦੋਂ ਇੱਕੋ ਗੱਲ ਕਈ ਥਾਵਾਂ ਤੋਂ ਦਿਖਾਈ ਜਾਂ ਸੁਣਾਈ ਦੇਵੇ ਤਾਂ ਲੋਕ ਅਕਸਰ ਉਸ ਨੂੰ ਸੱਚ ਮੰਨ ਲੈਂਦੇ ਹਨ, ਭਾਵੇਂ ਉਸ ਦਾ ਹਕੀਕਤ ਨਾਲ ਕੋਈ ਸਬੰਧ ਨਾ ਹੋਵੇ।
ਅਫ਼ਵਾਹਾਂ ਦਾ ਸਭ ਤੋਂ ਵੱਡਾ ਨੁਕਸਾਨ ਸਮਾਜਿਕ ਸਦਭਾਵਨਾ ਨੂੰ ਹੁੰਦਾ ਹੈ। ਧਰਮ, ਜਾਤੀ, ਭਾਸ਼ਾ ਜਾਂ ਖੇਤਰੀ ਪਛਾਣ ਨਾਲ ਜੁੜੀਆਂ ਗਲਤ ਅਤੇ ਭੜਕਾਊ ਪੋਸਟਾਂ ਕਈ ਵਾਰ ਸਮਾਜ ਵਿੱਚ ਤਣਾਅ ਪੈਦਾ ਕਰ ਦਿੰਦੀਆਂ ਹਨ। ਇੱਕ ਝੂਠੀ ਖ਼ਬਰ ਲੋਕਾਂ ਵਿੱਚ ਸ਼ੱਕ, ਡਰ ਅਤੇ ਨਫ਼ਰਤ ਦਾ ਮਾਹੌਲ ਬਣਾ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਸੱਚ ਸਾਹਮਣੇ ਆਉਣ ਤੱਕ ਕਈ ਵਾਰ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਸਮਾਜ ਦੀ ਏਕਤਾ ਅਤੇ ਆਪਸੀ ਭਰੋਸੇ ਨੂੰ ਕਾਇਮ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਕਿਸੇ ਵੀ ਸੰਵੇਦਨਸ਼ੀਲ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰਨ।
ਅਫ਼ਵਾਹਾਂ ਦਾ ਪ੍ਰਭਾਵ ਕੇਵਲ ਸਮਾਜਿਕ ਖੇਤਰ ਤੱਕ ਸੀਮਤ ਨਹੀਂ ਰਹਿੰਦਾ। ਇਹ ਆਰਥਿਕ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਕਈ ਵਾਰ ਕਿਸੇ ਬੈਂਕ, ਕੰਪਨੀ ਜਾਂ ਸਰਕਾਰੀ ਯੋਜਨਾ ਬਾਰੇ ਗਲਤ ਜਾਣਕਾਰੀ ਫੈਲਣ ਨਾਲ ਲੋਕਾਂ ਵਿੱਚ ਘਬਰਾਹਟ ਪੈਦਾ ਹੋ ਜਾਂਦੀ ਹੈ। ਕਿਸੇ ਖੇਤਰ ਵਿੱਚ ਬਿਮਾਰੀ, ਕੁਦਰਤੀ ਆਫ਼ਤ ਜਾਂ ਸੁਰੱਖਿਆ ਨਾਲ ਸੰਬੰਧਿਤ ਗਲਤ ਖ਼ਬਰਾਂ ਲੋਕਾਂ ਨੂੰ ਡਰ ਦੇ ਮਾਹੌਲ ਵਿੱਚ ਧੱਕ ਸਕਦੀਆਂ ਹਨ।
ਅਜਿਹੇ ਹਾਲਾਤਾਂ ਵਿੱਚ ਪ੍ਰਸ਼ਾਸਨ ਨੂੰ ਸਥਿਤੀ ਸੰਭਾਲਣ ਲਈ ਵਾਧੂ ਸਰੋਤ ਅਤੇ ਸਮਾਂ ਲਗਾਉਣਾ ਪੈਂਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਅੱਜਕੱਲ੍ਹ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਡਿਜ਼ੀਟਲ ਤਕਨੀਕਾਂ ਦੀ ਮਦਦ ਨਾਲ ਜਾਅਲੀ ਤਸਵੀਰਾਂ, ਆਵਾਜ਼ਾਂ ਅਤੇ ਵੀਡੀਓ ਬਣਾਉਣਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਗਿਆ ਹੈ। ਅਜਿਹੀ ਸਮੱਗਰੀ ਨੂੰ ਦੇਖ ਕੇ ਆਮ ਵਿਅਕਤੀ ਲਈ ਸੱਚ ਅਤੇ ਝੂਠ ਵਿੱਚ ਫ਼ਰਕ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਕਾਰਨ ਅਫ਼ਵਾਹਾਂ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਭਵਿੱਖ ਵਿੱਚ ਇਹ ਚੁਣੌਤੀ ਹੋਰ ਗੰਭੀਰ ਹੋ ਸਕਦੀ ਹੈ ਜੇਕਰ ਡਿਜ਼ੀਟਲ ਸਾਖਰਤਾ ਅਤੇ ਜਾਗਰੂਕਤਾ ਨੂੰ ਤਰਜੀਹ ਨਾ ਦਿੱਤੀ ਗਈ।
ਇਸ ਸਮੱਸਿਆ ਲਈ ਕੇਵਲ ਸਰਕਾਰਾਂ ਜਾਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਹਰ ਨਾਗਰਿਕ ਦੀ ਵੀ ਇੱਕ ਅਹਿਮ ਭੂਮਿਕਾ ਹੈ। ਜੇਕਰ ਕੋਈ ਸੁਨੇਹਾ ਬਹੁਤ ਹੈਰਾਨੀਜਨਕ, ਭਾਵਨਾਤਮਕ ਜਾਂ ਭੜਕਾਊ ਲੱਗੇ ਤਾਂ ਉਸ ਨੂੰ ਤੁਰੰਤ ਸੱਚ ਮੰਨਣ ਦੀ ਬਜਾਏ ਭਰੋਸੇਯੋਗ ਸਰੋਤਾਂ ਤੋਂ ਜਾਂਚਣਾ ਚਾਹੀਦਾ ਹੈ। ਕਿਸੇ ਵੀ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ ਇਹ ਸੋਚਣਾ ਲਾਜ਼ਮੀ ਹੈ ਕਿ ਜੇਕਰ ਇਹ ਗਲਤ ਹੋਈ ਤਾਂ ਇਸ ਦਾ ਪ੍ਰਭਾਵ ਕਿੰਨੇ ਲੋਕਾਂ 'ਤੇ ਹੋ ਸਕਦਾ ਹੈ।
ਡਿਜ਼ੀਟਲ ਦੁਨੀਆ ਵਿੱਚ ਜ਼ਿੰਮੇਵਾਰ ਨਾਗਰਿਕ ਬਣਨਾ ਅੱਜ ਦੀ ਇੱਕ ਵੱਡੀ ਲੋੜ ਹੈ। ਸਿੱਖਿਆ ਸੰਸਥਾਵਾਂ ਨੂੰ ਵੀ ਵਿਦਿਆਰਥੀਆਂ ਵਿੱਚ ਮੀਡੀਆ ਅਤੇ ਡਿਜ਼ੀਟਲ ਸਾਖਰਤਾ ਵਧਾਉਣ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ। ਨੌਜਵਾਨਾਂ ਨੂੰ ਇਹ ਸਿਖਾਉਣਾ ਜ਼ਰੂਰੀ ਹੈ ਕਿ ਕਿਸੇ ਖ਼ਬਰ ਦੀ ਸੱਚਾਈ ਕਿਵੇਂ ਪਰਖੀ ਜਾਵੇ, ਭਰੋਸੇਯੋਗ ਸਰੋਤ ਕਿਹੜੇ ਹੁੰਦੇ ਹਨ ਅਤੇ ਝੂਠੀ ਜਾਣਕਾਰੀ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ। ਜਿੰਨੀ ਤੇਜ਼ੀ ਨਾਲ ਤਕਨਾਲੋਜੀ ਵਿਕਸਿਤ ਹੋ ਰਹੀ ਹੈ, ਉੱਨੀ ਹੀ ਤੇਜ਼ੀ ਨਾਲ ਲੋਕਾਂ ਦੀ ਸਮਝ ਅਤੇ ਜਾਗਰੂਕਤਾ ਦਾ ਵਿਕਾਸ ਵੀ ਹੋਣਾ ਚਾਹੀਦਾ ਹੈ।
ਸੋਸ਼ਲ ਮੀਡੀਆ ਆਪਣੇ ਆਪ ਵਿੱਚ ਨਾ ਤਾਂ ਚੰਗਾ ਹੈ ਅਤੇ ਨਾ ਹੀ ਮਾੜਾ। ਇਹ ਇੱਕ ਸ਼ਕਤੀਸ਼ਾਲੀ ਸਾਧਨ ਹੈ ਜਿਸ ਦਾ ਪ੍ਰਭਾਵ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਦਾ ਇਸਤੇਮਾਲ ਕਿਵੇਂ ਕਰਦੇ ਹਨ। ਜੇਕਰ ਇਸ ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਵੇ ਤਾਂ ਇਹ ਗਿਆਨ, ਜਾਗਰੂਕਤਾ ਅਤੇ ਸਮਾਜਿਕ ਤਰੱਕੀ ਦਾ ਸਾਧਨ ਬਣ ਸਕਦਾ ਹੈ। ਪਰ ਜੇਕਰ ਅਸੀਂ ਬਿਨਾਂ ਸੋਚੇ-ਸਮਝੇ ਅਫ਼ਵਾਹਾਂ ਨੂੰ ਫੈਲਾਉਣ ਦਾ ਹਿੱਸਾ ਬਣਦੇ ਹਾਂ ਤਾਂ ਇਹੀ ਮਾਧਿਅਮ ਸਮਾਜ ਵਿੱਚ ਅਵਿਸ਼ਵਾਸ, ਵੰਡ ਅਤੇ ਅਸਥਿਰਤਾ ਪੈਦਾ ਕਰ ਸਕਦਾ ਹੈ।
ਇਸ ਲਈ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਜਾਣਕਾਰੀ ਦੀ ਰਫ਼ਤਾਰ ਨਾਲੋਂ ਸੱਚਾਈ ਦੀ ਮਹੱਤਤਾ ਨੂੰ ਵੱਧ ਤਰਜੀਹ ਦਿੱਤੀ ਜਾਵੇ। ਜਦੋਂ ਹਰ ਨਾਗਰਿਕ ਤੱਥਾਂ ਦੀ ਪੁਸ਼ਟੀ ਅਤੇ ਜ਼ਿੰਮੇਵਾਰੀ ਨਾਲ ਜਾਣਕਾਰੀ ਸਾਂਝੀ ਕਰਨ ਦੀ ਆਦਤ ਅਪਣਾਏਗਾ, ਤਦ ਹੀ ਅਸੀਂ ਅਫ਼ਵਾਹਾਂ ਦੇ ਇਸ ਵਧਦੇ ਖ਼ਤਰੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਸਕਾਂਗੇ।
- ਦਵਿੰਦਰ ਕੁਮਾਰ