ਅੱਤਵਾਦ ਦਾ ਘਿਨਾਉਣਾ ਚਿਹਰਾ
ਬੀਤੇ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਦੇ ਇਲਾਕੇ ਵਿਚ ਇਕ ਕਾਰ ਬੰਬ ਵਿਸਫੋਟ ਹੋਇਆ, 1 ਦਰਜ਼ਨ ਦੇ ਕਰੀਬ ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ, ਕਾਫੀ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ। ਅੱਤਵਾਦ ਜਾਂ ਤੋੜ ਫੋੜ ਦੀ ਪ੍ਰਵਿਰਤੀ ਇਕ ਮਾਨਸਿਕ ਵਿਕਾਰ ਹੈ। ਇਹ ਕਿਸੇ ਇਕ ਦੇਸ਼ ਜਾਂ ਇਕ ਖਿੱਤੇ ਤੱਕ ਸੀਮਿਤ ਨਹੀਂ ਹੈ, ਅੱਜ ਪੂਰਾ ਸੰਸਾਰ ਇਸ ਸਮੱਸਿਆ ਵਿਚੋਂ ਗੁਜ਼ਰ ਰਿਹਾ ਹੈ। ਅੱਜ ਦੇ ਦੌਰ ਵਿਚ ਦਹਿਸ਼ਤਗਰਦੀ ਇਕ ਬਹੁਤ ਹੀ ਪੇਚੀਦਾ ਚੁਨੌਤੀ ਹੈ।
ਬੀਤੇ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਦੇ ਇਲਾਕੇ ਵਿਚ ਇਕ ਕਾਰ ਬੰਬ ਵਿਸਫੋਟ ਹੋਇਆ, 1 ਦਰਜ਼ਨ ਦੇ ਕਰੀਬ ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ, ਕਾਫੀ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ। ਅੱਤਵਾਦ ਜਾਂ ਤੋੜ ਫੋੜ ਦੀ ਪ੍ਰਵਿਰਤੀ ਇਕ ਮਾਨਸਿਕ ਵਿਕਾਰ ਹੈ। ਇਹ ਕਿਸੇ ਇਕ ਦੇਸ਼ ਜਾਂ ਇਕ ਖਿੱਤੇ ਤੱਕ ਸੀਮਿਤ ਨਹੀਂ ਹੈ, ਅੱਜ ਪੂਰਾ ਸੰਸਾਰ ਇਸ ਸਮੱਸਿਆ ਵਿਚੋਂ ਗੁਜ਼ਰ ਰਿਹਾ ਹੈ। ਅੱਜ ਦੇ ਦੌਰ ਵਿਚ ਦਹਿਸ਼ਤਗਰਦੀ ਇਕ ਬਹੁਤ ਹੀ ਪੇਚੀਦਾ ਚੁਨੌਤੀ ਹੈ। ਜੇ ਅੱਤਵਾਦ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਮਾਜ ਵਿਚ ਆਪਣੇ ਆਪ ਨੂੰ ਇਕ ਅਣਗੌਲਿਆ ਸਮਝਣ ਵਾਲਾ ਵਰਗ, ਧੱਕੇ ਜਾਂ ਜ਼ੁਲਮ ਦਾ ਸ਼ਿਕਾਰ ਲੋਕ, ਰਾਜਨੀਤਕ ਹੱਕਾਂ ਤੋਂ ਵਾਂਝੇ ਇੰਨਸਾਨ, ਆਪਣੇ ਅਧਿਕਾਰਾਂ ਜਾਂ ਕਿਸੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਇਹ ਤਰੀਕਾ ਅਪਣਾਉਂਦੇ ਹਨ। ਕਈ ਵਾਰ ਇਸ ਦਾ ਕਾਰਨ ਧਾਰਮਿਕ ਕੱਟੜਵਾਦ ਵੀ ਹੋ ਸਕਦਾ ਹੈ। ਕੁਝ ਲੋਕ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਬਾਕੀ ਸਭ ਤੋਂ ਉਪਰ ਮਨਦੇ ਹਨ ਤੇ ਆਪਣੀ ਵਿਚਾਰਧਾਰਾ ਬਾਕੀ ਲੋਕਾਂ ਉਪਰ ਲਾਗੂ ਕਰਨਾ ਆਪਣਾ ਫ਼ਰਜ਼ ਜਾਂ ਰੱਬ ਦਾ ਹੁਕਮ ਸਮਝਦੇ ਹਨ ਤੇ ਇਸ ਉਦੇਸ਼ ਦੀ ਪੂਰਤੀ ਲਈ ਉਹ ਹਿੰਸਾ ਜਾਂ ਮਾਰੂ ਗਤੀਵਿਧੀਆਂ ਦਾ ਸਹਾਰਾ ਲੈਂਦੇ ਹਨ।
ਕਈ ਵਾਰ ਲੋਕਾਂ ਦੀ ਆਰਥਿਕ ਦਸ਼ਾਂ ਵੀ ਉਨਾਂ ਵਿਚ ਉਪਰਾਮਤਾ ਜਾਂ ਵਿਦਰੋਹ ਦਾ ਕਾਰਨ ਬਣਦੀ ਹੈ। ਕਿਸੇ ਗ਼ਰੀਬ, ਬੇਰੁਜ਼ਗਾਰ ਜਾਂ ਅਨਪੜ੍ਹ ਬੰਦੇ ਨੂੰ ਵਰਗਲਾਉਣਾ ਜਾਂ ਗੁਮਰਾਹ ਕਰਨਾ ਥੋੜਾ ਸੌਖਾ ਹੁੰਦਾ ਹੈ। ਕਿਸੇ ਲਾਚਾਰ ਵਿਅਕਤੀ ਨੂੰ ਸਬਜ਼ਬਾਗ ਦਿਖਾ ਕੇ ਜਾਂ ਵਿੱਤੀ ਫਾਇਦਾ ਪਹੁੰਚਾਕੇ ਤੋੜ ਫੋੜ ਵਰਗੀਆਂ ਮਾਰੂ ਕਾਰਵਾਈਆਂ ਲਈ ਉਕਸਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਤਰਾਂ ਹੀ ਆਪਣੇ ਰਾਸ਼ਟਰ ਦੀ ਆਜ਼ਾਦੀ ਜਾਂ ਆਪਣੇ ਤਬਕੇ ਦੀ ਬਿਹਰਤੀ ਵਾਸਤੇ ਲੜਨ ਵਾਲੇ ਲੋਕ ਕਦੇ ਕਦੇ ਆਪਣੇ ਉਦੇਸ਼ ਪ੍ਰਤੀ ਵਧੇਰੇ ਲੋਕਾਂ ਦਾ ਧਿਆਨ ਖਿੱਚਣ ਲਈ ਵੀ ਅੱਤਵਾਦ ਨੂੰ ਇਕ ਹਥਿਆਰ ਵਜੋਂ ਵਰਤਦੇ ਹਨ। ਇਸ ਦੇ ਕਾਰਨ ਜੋ ਵੀ ਮਰਜ਼ੀ ਹੋਣ, ਅੰਤ ਇਸ ਦੇ ਨਤੀਜੇ ਬਰਬਾਦੀ ਅਤੇ ਮਾਸੂਮ ਬੇਕਸੂਰਾਂ ਦਾ ਘਾਣ ਹੀ ਹੁੰਦਾ ਹੈ। ਬਹੁਤ ਸਾਰੇ ਮਨੁੱਖ ਆਪਣੀਆਂ ਜਾਨਾਂ ਗੁਆ ਦਿੰਦੇ ਹਨ ਤੇ ਅਨੇਕਾਂ ਲੋਕੀਂ ਜ਼ਿੰਦਗੀ ਭਰ ਲਈ ਅਪਾਹਜ਼ ਹੋ ਜਾਂਦੇ ਹਨ। ਇਹੋ ਜਹੀਆਂ ਘਟਨਾਵਾਂ ਚਿਰਾਂ ਤੱਕ ਲੋਕਾਂ ਦੀ ਮਨੋਸਥਿਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਚਸ਼ਮਦੀਦ ਜਾਂ ਹਾਦਸਾਗ੍ਰਸਤ ਵਿਅਕਤੀਆਂ ਦੇ ਵਾਰਸ ਜ਼ਿੰਦਗੀ ਭਰ ਲਈ ਇਸ ਦੇ ਸਦਮੇ ਵਿਚੋਂ ਬਾਹਰ ਨਹੀਂ ਆਉਂਦੇ।
ਅੱਤਵਾਦੀ ਹਮਲੇ ਦੇਸ਼ ਦੇ ਆਰਥਿਕ ਵਿਕਾਸ ਵਿਚ ਵੱਡੀ ਰੁਕਾਵਟ ਪੈਦਾ ਕਰਦੇ ਹਨ। ਇਹ ਘਟਨਾਵਾਂ ਅਰਧ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਹੋਰ ਵੀ ਜ਼ਿਆਦਾ ਨੁਕਸਾਨਦਾਇਕ ਹੁੰਦੀਆਂ ਹਨ। ਦੇਸ਼ ਦਾ ਬੁਨਿਆਦੀ ਢਾਂਚਾ ਅਤੇ ਕਾਰੋਬਾਰ ਤਬਾਹ ਹੁੰਦਾ ਹੈ। ਅੰਤਰਿਕ ਸੁਰੱਖਿਆ ਉਪਰ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ। ਉਹ ਪੂੰਜੀ ਜੋ ਸਿਹਤ, ਸਿਖਿਆ ਤੇ ਹੋਰ ਵਿਕਾਸ ਦੇ ਕੰਮਾਂ ਲਈ ਖ਼ਰਚ ਹੋਣੀ ਹੁੰਦੀ ਹੈ ਉਸ ਦਾ ਵੱਡਾ ਹਿੱਸਾ ਸੁਰੱਖਿਆ ਪ੍ਰਣਾਲੀ ਜਾ ਪੁਨਰ-ਨਿਰਮਾਣ ਉਪਰ ਖਰਚ ਹੋ ਜਾਂਦਾ ਹੈ। ਬਜ਼ਾਰ ਵਿਚ ਅਸਥਿਰਤਾ ਦੀ ਸਥਿਤੀ ਉਤਪੰਨ ਹੁੰਦੀ ਹੈ ਤੇ ਅੱਤਵਾਦੀ ਘਟਨਾਵਾਂ ਜਨਤਾ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ। ਲੋਕਾਂ ਦਾ ਸਰਕਾਰ ਅਤੇ ਸਰਕਾਰੀ ਤੰਤਰ ਪ੍ਰਤੀ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਨਸਲੀ ਵਿਤਕਰੇ ਅਤੇ ਸਮਾਜਿਕ ਪਾੜੇ ਪੈਦਾ ਹੁੰਦੇ ਹਨ। ਸਭ ਤੋਂ ਵੱਧ ਨੁਕਸਾਨ ਮਨੁੱਖੀ ਹੱਕਾਂ ਦਾ ਹੁੰਦਾ ਹੈ। ਇਸ ਅੱਤਵਾਦ ਨੂੰ ਰੋਕਣ ਲਈ ਸਰਕਾਰਾਂ ਸਖ਼ਤੀ ਦੇ ਨਾਂ ਤੇ ਬਹੁਤ ਵਾਰ ਬੇਗੁਨਾਹ ਲੋਕਾਂ ਉਪਰ ਜ਼ਿਆਦਤੀਆਂ ਕਰਦੀਆਂ ਹਨ, ਜੋ ਸਪਸ਼ਟ ਰੂਪ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ।
ਕਈ ਵਾਰ ਅਜਿਹੇ ਕਾਨੂੰਨ ਬਣਾਏ ਜਾਂਦੇ ਹਨ ਜਿਨ੍ਹਾਂ ਨਾਲ ਆਵਾਮ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਜਿਥੇ ਅਪੀਲ ਅਤੇ ਦਲੀਲ ਦਾ ਮੌਕਾ ਨਹੀਂ ਮਿਲਦਾ। ਉਂਜ ਤਾਂ ਦਹਿਸ਼ਤਗਰਦੀ ਘਟਨਾਵਾਂ ਤੋਂ ਪੂਰਾ ਸੰਸਾਰ ਹੀ ਪ੍ਰਭਾਵਿਤ ਹੈ ਪਰ ਜੇ ਭਾਰਤ ਦੀ ਗੱਲ ਕਰੀਏ ਤਾਂ ਅੱਤਵਾਦ ਨੇ ਉਤਰ - ਪੱਛਮ, ਉਤਰ ਪੂਰਬ ਅਤੇ ਮੱਧ ਤੇ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿਚ ਜੰਮੂ ਤੇ ਕਸ਼ਮੀਰ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਪਿਛਲੇ ਕੁਝ ਦਹਾਕਿਆਂ ਵਿਚ ਭਾਰਤ ਵਿਚ ਅਜਿਹੀਆਂ ਘਟਨਾਵਾਂ ਵਿਚ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿਚ ਜਾ ਚੁਕੇ ਹਨ। ਆਰਥਿਕ ਤੌਰ ਤੇ ਵੀ ਬਹੁਤ ਜ਼ਿਆਦਾ ਨੁਕਸਾਨ ਦੇਸ਼ ਨੇ ਝੱਲਿਆ ਹੈ।
ਸਮੋਂ ਦੀਆਂ ਸਰਕਾਰਾਂ ਇਸ ਮੁਸੀਬਤ ਦੇ ਕਾਰਗਰ ਹਲ ਲਈ ਹਮੇਸ਼ਾ ਯਤਨਸ਼ੀਲ ਰਹੀਆਂ ਹਨ। ਸਰਹੱਦਾਂ ਉਪਰ ਅਤਿ ਆਧੁਨਿਕ ਤਕਨੀਕਾਂ ਨਾਲ ਚੌਕਸੀ ਵਧਾਈ ਗਈ ਹੈ। ਅੰਦਰੂਨੀ ਸੁਰਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰਾਂ ਹਮੇਸ਼ਾ ਚੌਕਸ ਰਹਿੰਦੀਆਂ ਹਨ। ਇਹ ਸੱਚ ਹੈ ਕਿ ਬੁਰਾਈ ਦਾ ਖਾਤਮਾ ਸ਼ੁਰੂ ਵਿਚ ਹੀ ਕਰਨਾ ਆਸਾਨ ਹੁੰਦਾ ਹੈ, ਇਸ ਲਈ ਅਤੱਵਾਦੀ ਫੰਡਿੰਗ ਸਟਰੀਮ ਨੂੰ ਰੋਕਣਾ, ਗੁਮਰਾਹ ਨੌਜਵਾਨ ਵਰਗ ਨੂੰ ਚੰਗੀ ਸੋਧ ਤੇ ਪੁਨਰਵਾਸ ਦਾ ਪ੍ਰਬੰਧ ਕਰਨਾ, ਕਾਰਗਰ ਕਦਮ ਹੋ ਸਕਦੇ ਹਨ। ਨਿੱਜੀ ਤੇ ਸੌੜੇ ਹਿਤਾਂ ਲਈ ਰਾਜਨੀਤਿਕ ਸਰਪਰਸਤੀ ਵੀ ਬੰਦ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਆਮ ਲੋਕਾਂ ਨੂੰ ਵਧੇਰੇ ਚੌਕਸ ਅਤੇ ਆਪਣੇ ਫਰਜ਼ਾਂ ਪ੍ਰਤੀ ਵਫ਼ਾਦਾਰ ਹੋਣ ਦੀ ਲੋੜ ਹੈ। ਦਹਿਸ਼ਤਗਰਦੀ ਕਿਸੇ ਵੀ ਸਮੱਸਿਆ ਦਾ ਹਲ ਨਹੀਂ, ਸਗੋਂ ਕਦੇ ਨਾ ਕਦੇ ਹੋਣ ਵਾਲੀਆਂ ਮੁਸ਼ਕਿਲਾਂ ਦੀ ਜਨਮਦਾਤਾ ਹੈ।
-ਦਵਿੰਦਰ ਕੁਮਾਰ