ਖੁਸ਼ੀਆਂ ਖੇੜਿਆਂ ਤੇ ਰੌਸ਼ਨੀਆਂ ਦਾ ਤਿਉਹਾਰ: ਦੀਵਾਲੀ
ਭਾਰਤ ਦੇਸ਼ ਧਾਰਮਿਕ ਪ੍ਰਵਿਰਤੀ ਦੇ ਲੋਕਾਂ ਦਾ ਦੇਸ਼ ਹੈ। ਇਥੇ ਹਰ ਰੁੱਤੇ, ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਦਾ ਹਮੇਸ਼ਾ ਕੋਈ ਧਾਰਮਿਕ ਅਤੇ ਇਤਿਹਾਸਿਕ ਪਿਛੋਕੜ ਹੁੰਦਾ ਹੈ। ਇਸੇ ਹੀ ਲੜੀ ਵਿਚ ਦੀਵਾਲੀ ਦਾ ਤਿਉਹਾਰ ਸ਼ਾਮਿਲ ਹੈ ਜਿਸ ਦਾ ਇੰਤਜ਼ਾਰ ਹਰ ਭਾਰਤੀ ਬੇਸਬਰੀ ਨਾਲ ਕਰਦਾ ਹੈ। ਦੀਵਾਲੀ ਜਾਂ ਦੀਪਾਵਲੀ ਜਾਂ ਬੰਦੀ ਛੋੜ ਦਿਵਸ, ਹਿੰਦੂ, ਸਿੱਖ, ਜੈਨ ਤੇ ਕੁਝ ਬੁੱਧ ਧਰਮ ਦੇ ਲੋਕਾਂ ਦਾ ਸਾਂਝਾ ਤਿਉਹਾਰ ਹੈ। ਵੈਸੇ ਤਾਂ ਹਰ ਧਰਮ ਦੇ ਲੋਕ ਇਸ ਦਿਨ ਆਪਣੇ ਘਰਾਂ ਵਿਚ ਦੀਪ ਮਾਲਾ ਕਰਕੇ, ਮਿਠਾਈਆਂ ਵੰਡ ਕੇ ਤੇ ਆਪਣੇ ਹਿੰਦੂ, ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦੇ ਕੇ ਇਹ ਪਰਵ ਮਨਾਉਂਦੇ ਹਨ, ਪਰ ਉਤਰੀ ਭਾਰਤ ਵਿਚ ਮੁਖ ਤੌਰ ਤੇ ਇਹ ਤਿਉਹਾਰ ਹਿੰਦੂ ਤੇ ਸਿੱਖ ਤਬਕੇ ਦੇ ਲੋਕਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਭਾਰਤ ਦੇਸ਼ ਧਾਰਮਿਕ ਪ੍ਰਵਿਰਤੀ ਦੇ ਲੋਕਾਂ ਦਾ ਦੇਸ਼ ਹੈ। ਇਥੇ ਹਰ ਰੁੱਤੇ, ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਦਾ ਹਮੇਸ਼ਾ ਕੋਈ ਧਾਰਮਿਕ ਅਤੇ ਇਤਿਹਾਸਿਕ ਪਿਛੋਕੜ ਹੁੰਦਾ ਹੈ। ਇਸੇ ਹੀ ਲੜੀ ਵਿਚ ਦੀਵਾਲੀ ਦਾ ਤਿਉਹਾਰ ਸ਼ਾਮਿਲ ਹੈ ਜਿਸ ਦਾ ਇੰਤਜ਼ਾਰ ਹਰ ਭਾਰਤੀ ਬੇਸਬਰੀ ਨਾਲ ਕਰਦਾ ਹੈ। ਦੀਵਾਲੀ ਜਾਂ ਦੀਪਾਵਲੀ ਜਾਂ ਬੰਦੀ ਛੋੜ ਦਿਵਸ, ਹਿੰਦੂ, ਸਿੱਖ, ਜੈਨ ਤੇ ਕੁਝ ਬੁੱਧ ਧਰਮ ਦੇ ਲੋਕਾਂ ਦਾ ਸਾਂਝਾ ਤਿਉਹਾਰ ਹੈ। ਵੈਸੇ ਤਾਂ ਹਰ ਧਰਮ ਦੇ ਲੋਕ ਇਸ ਦਿਨ ਆਪਣੇ ਘਰਾਂ ਵਿਚ ਦੀਪ ਮਾਲਾ ਕਰਕੇ, ਮਿਠਾਈਆਂ ਵੰਡ ਕੇ ਤੇ ਆਪਣੇ ਹਿੰਦੂ, ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦੇ ਕੇ ਇਹ ਪਰਵ ਮਨਾਉਂਦੇ ਹਨ, ਪਰ ਉਤਰੀ ਭਾਰਤ ਵਿਚ ਮੁਖ ਤੌਰ ਤੇ ਇਹ ਤਿਉਹਾਰ ਹਿੰਦੂ ਤੇ ਸਿੱਖ ਤਬਕੇ ਦੇ ਲੋਕਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕੱਤਕ ਮਹੀਨੇ ਵਿਚ ( ਅਕਤੂਬਰ ਅਤੇ ਨਵੰਬਰ ਮਹੀਨੇ ਵਿਚਕਾਰ ) ਮਨਾਇਆ ਜਾਂਦਾ ਹੈ। ਦੀਵਾਲੀ ਹਨੇਰੇ ਉਪਰ ਉਜਾਲੇ, ਬੁਰਾਈ 'ਤੇ ਚੰਗਿਆਈ ਅਤੇ ਅਗਿਆਨਤ ਉਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ।
ਹਿੰਦੂ ਮਿਥਿਹਾਸ ਅਨੁਸਾਰ ਦੀਵਾਲੀ ਧਨ ਤੇ ਸੰਪਨਤਾ ਦੀ ਦੇਵੀ ਮਾਂ ਲਕਸ਼ਮੀ ਤੇ ਗਿਆਨ ਤੇ ਵਿਘਨਣ ਹਰਤਾ ਦੇਵਤੇ ਸ੍ਰੀ ਗਣੇਸ਼ ਜੀ ਨਾਲ ਸਬੰਧਿਤ ਹੈ। ਰਮਾਇਣ ਅਨੁਸਾਰ ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ, ਭਰਾਤਾ ਲਛਮਣ ਤੇ ਸੀਤਾ ਜੀ ਨਾਲ ਲੰਕਾ ਫਤਿਹ ਤੋਂ ਬਾਅਦ ਅਯੁਧਿਆ ਪਰਤੇ ਸਨ। ਉਨਾਂ ਦੇ ਆਗਮਨ ਦੀ ਖ਼ੁਸ਼ੀ ਵਿਚ ਅਯੁਧਿਆ ਵਾਸੀਆਂ ਨੇ, ਆਪਣੇ ਘਰਾਂ ਤੇ ਮਹਿਲਾਂ ਵਿਚ ਸੁੰਦਰ ਦੀਪਮਾਲਾ ਕੀਤੀ ਸੀ। ਕਈ ਖੇਤਰੀ ਪ੍ਰੰਪਰਾਵਾਂ ਅਨੁਸਾਰ ਇਹ ਤਿਉਹਾਰ ਸੀਤਾ, ਰਾਮ, ਕ੍ਰਿਸ਼ਨ, ਮਾਂ ਦੁਰਗਾ, ਸ਼ਿਵ, ਕਾਲੀ, ਹਨੂੰਮਾਨ, ਕੁਬੇਰ, ਜਮ, ਜਮੁਨਾ, ਧਨਵੰਤਰੀ ਜਾਂ ਵਿਸ਼ਵਕਰਮਾ ਨਾਲ ਵੀ ਸਬੰਧਿਤ ਮੰਨਿਆ ਜਾਂਦਾ ਹੈ। ਸਿੱਖ ਧਰਮ ਵਿਚ ਵੀ ਇਸ ਦਿਨ ਦਾ ਖਾਸ ਮਹੱਤਵ ਹੈ। ਇਸ ਇਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕਾਰਜ ਕਾਲ ਸਮੋਂ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਵਿਚੋਂ ਰਿਹਾ ਹੋ ਕੇ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚੇ ਸਨ ਤਾਂ ਉਸ ਵੇਲੇ ਸਿੱਖ ਸੰਗਤਾਂ ਨੇ ਦੀਵੇ ਬਾਲ ਕੇ ਖੁਸ਼ੀਆਂ ਮਨਾਈਆਂ ਸਨ। ਇਸ ਕਰਕੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੀਵਾਲੀ ਮੌਕੇ ਸਿੱਖ ਸ਼ਰਧਾਲੂ ਗੁਰੂ ਘਰਾਂ ਵਿਚ ਮੱਥਾ ਟੇਕਦੇ ਹਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਨ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਦੀਵਾਲੀ ਸੰਸਾਰ ਪ੍ਰਸਿੱਧ ਹੈ। ਇਸ ਦਿਨ ਲੱਖਾਂ ਲੋਕੀਂ ਇਥੇ ਆਉਂਦੇ ਹਨ। ਦੀਪ ਮਾਲਾ ਤੇ ਅਲੌਕਿਕ ਆਤਿਸ਼ਬਾਜ਼ੀ ਦਾ ਦ੍ਰਿਸ਼ ਬਹੁਤ ਵਿਲੱਖਣ ਤੇ ਮਨ ਮੋਹਿਕ ਹੁੰਦਾ ਹੈ। ਦੀਵਾਲੀ ਅਸਲ ਵਿਚ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦ 'ਦੀਪ' ਅਤੇ 'ਆਵਲੀ' ਤੋਂ ਬਣਿਆ ਹੈ। 'ਦੀਪ' ਦਾ ਅਰਥ ਹੈ ਦੀਵਾ, ਪ੍ਰਕਾਸ਼, ਚਿਰਾਗ, ਗਿਆਨ ਜਾਂ ਕੋਈ ਉਜਵਲ ਵਸਤੂ ਅਤੇ 'ਆਵਲੀ' ਤੋਂ ਭਾਵ ਹੈ, ਕਤਾਰ, ਅਟੁੱਟ ਰੇਖਾ ਜਾਂ ਲੜੀ।
ਨਿਰਸੰਦੇਹ ਦੀਵਾਲੀ ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਹੈ ਤੇ ਇਸ ਨੂੰ ਪ੍ਰੰਪਰਾਗਤ ਸਾਦਗੀ ਤੇ ਸਦਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਹੈ। ਪਰ ਸਮੋਂ ਦੇ ਬਦਲਾਅ ਤੇ ਆਧੁਨਿਕਤਾ ਦੇ ਪ੍ਰਭਾਵ ਹੇਠ ਸਾਡੇ ਤਿਉਹਾਰ ਤੇ ਜ਼ਸ਼ਨਾਂ ਦੇ ਤੌਰ ਤਰੀਕੇ ਬਦਲ ਗਏ ਹਨ। ਇਸ ਦਿਨ ਰਵਾਇਤੀ ਦੀਪਮਾਲਾ ਦੇ ਨਾਲ ਨਾਲ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਤੇ ਪਟਾਕੇ ਚਲਾਏ ਜਾਂਦੇ ਹਨ। ਤਿਉਹਾਰ ਮਨਾਉਣਾ ਅੱਜ ਕਲ ਆਪਣੇ ਧਨ ਤੇ ਰੁਤਬੇ ਦੀ ਨੁਮਾਇਸ਼ ਤੇ ਦਿਖਾਵਾ ਬਣ ਚੁੱਕਾ ਹੈ। ਪਟਾਕੇ ਤੇ ਆਤਿਸ਼ਬਾਜ਼ੀ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ਜਿਸ ਨਾਲ ਬੱਚਿਆਂ ਤੇ ਬਿਮਾਰ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ। ਅੱਜ ਕਲ ਪ੍ਰਦੂਸ਼ਣ ਦੀ ਸਮੱਸਿਆ ਇੰਨੀ ਗੰਭੀਰ ਹੋ ਗਈ ਹੈ ਕਿ ਦੇਸ਼ ਦੀ ਸਰਬਉੱਚ ਅਦਾਲਤ ਨੂੰ ਨਿਰਦੇਸ਼ ਜਾਰੀ ਕਰਨੇ ਪਏ ਹਨ ਕਿ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ। ਵੱਡੇ ਸ਼ਹਿਰਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਦੀਵਾਲੀ ਦੇ ਦਿਨਾਂ ਵਿਚ ਹਸਪਤਾਲਾਂ ਵਿਚ ਡਾਕਟਰਾਂ ਤੇ ਸਹਾਇਕ ਅਮਲੇ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਂ ਕਿ ਪਟਾਕਿਆਂ ਕਾਰਨ ਹੋਈਆਂ ਦੁਰਘਟਨਾਵਾਂ ਨਾਲ ਨਜਿੱਠਿਆ ਜਾ ਸਕੇ।ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਮੁਲਾਜ਼ਮਾਂ ਨੂੰ ਤਿਆਰ ਬਰ ਤਿਆਰ ਰੱਖਿਆ ਜਾਂਦਾ ਹੈ। ਸਰਕਾਰਾਂ ਆਪਣੀ ਪੱਧਰ ਤੇ ਲੋਕਾਂ ਨੂੰ ਪਟਾਕਿਆਂ ਤੇ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਜਾਂਣੁ ਕਰਵਾਉਂਦੀਆਂ ਰਹਿੰਦੀਆਂ ਹਨ। ਪਰਂਤੂ ਹਰ ਸਾਲ ਹਾਦਸੇ ਹੁੰਦੇ ਹਨ, ਅੱਗਾਂ ਲਗਦੀਆਂ ਹਨ ਤੇ ਕਈ ਵਾਰ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਕੁਝ ਲੋਕ ਇਸ ਦਿਨ ਨਸ਼ੇ ਦੀ ਵੀ ਵਰਤੋਂ ਕਰਦੇ ਹਨ ਜੋ ਇਸ ਤਿਉਹਾਰ ਦੇ ਰੰਗ ਨੂੰ ਫਿੱਕਾ ਕਰਦੇ ਹਨ। ਮਿਲਾਵਟੀ ਮਿਠਾਈਆਂ ਵੀ ਭਾਰੀ ਮਾਤਰਾ ਵਿਚ ਵਿਕਦੀਆਂ ਹਨ। ਕੁਝ ਲੋਕ ਇਸ ਦਿਨ ਜੂਆ ਵੀ ਖੇਲਦੇ ਹਨ, ਜੋ ਇਕ ਵੱਡੀ ਸਮਾਜਿਕ ਬੁਰਾਈ ਹੈ ਤੇ ਇਹ ਲਤ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣਦੀ ਹੈ।
ਦੀਵਾਲੀ ਨੂੰ ਹਨੇਰੇ ਅਤੇ ਅਗਿਆਨਤਾ ਉਪਰ ਜਿੱਤ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ। ਸਭ ਤਿਉਹਾਰਾਂ ਦੀ ਤਰਾਂ ਦੀਵਾਲੀ ਸਮਾਜ ਵਿਚ ਖੁਸ਼ੀ, ਭਾਈਚਾਰੇ ਤੇ ਪ੍ਰੇਮ ਦਾ ਸੰਦੇਸ਼ ਲੈ ਕਿ ਆਉਂਦੀ ਹੈ। ਆਉ ਇਸ ਦਿਨ ਸਮਾਜ ਵਿਚ ਫੈਲੀਆਂ ਬੁਰਾਈਆਂ ਦੀ ਕਾਲਖ਼ ਨੂੰ ਖ਼ਤਮ ਕਰਨ ਦਾ ਪ੍ਰਣ ਕਰੀਏ। ਸ਼ੋਰ-ਸ਼ਰਾਬੇ ਰਹਿਤ ਪ੍ਰਦੂਸ਼ਣ ਮੁਕਤ ਤਿਉਹਾਰ ਮਨਾਈਏ। ਕਾਦਰ ਦੀ ਕੁਦਰਤ ਨੂੰ ਹਰ ਭਰਾ ਰੱਖਣ ਵਿਚ ਸਹਿਯੋਗ ਕਰੀਏ। ਸਭ ਨੂੰ ਰੌਸ਼ਨ ਦੀਵਾਲੀ ਦੀਆਂ ਦਿਲੋਂ ਮੁਬਾਰਕਾਂ।
-ਦਵਿੰਦਰ ਕੁਮਾਰ