ਗੁੰਮ ਹੋ ਰਹੀ ਕੁਦਰਤੀ ਛਾਂ
ਇੱਕ ਵੱਡੀ ਵਿਡੰਬਨਾ ਹੈ ਕਿ ਜਿੰਨੇ ਆਧੁਨਿਕ ਸਾਡੇ ਸ਼ਹਿਰ ਹੁੰਦੇ ਜਾ ਰਹੇ ਹਨ, ਉਨ੍ਹਾਂ ਵਿੱਚ ਮਨੁੱਖ ਲਈ ਆਰਾਮ ਨਾਲ ਰਹਿਣਾ ਉਨਾ ਹੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦੁਪਹਿਰ ਵੇਲੇ ਸੜਕਾਂ ਅੱਗ ਵਾਂਗ ਤਪਦੀਆਂ ਹਨ, ਕੰਕਰੀਟ ਦੀਆਂ ਕੰਧਾਂ ਸ਼ਾਮ ਹੋਣ ਤੋਂ ਬਾਅਦ ਵੀ ਗਰਮੀ ਛੱਡਦੀਆਂ ਰਹਿੰਦੀਆਂ ਹਨ ਅਤੇ ਘਰੋਂ ਬਾਹਰ ਨਿਕਲਣਾ ਇੱਕ ਆਮ ਗੱਲ ਦੀ ਥਾਂ ਸਹਿਣਸ਼ਕਤੀ ਦੀ ਅਜਮਾਇਸ਼ ਜਿਹਾ ਲੱਗ ਰਿਹਾ ਹੈ। ਸ਼ਹਿਰ ਅਜਿਹੇ ਸਥਾਨ ਬਣ ਰਹੇ ਹਾਂ ਜਿੱਥੇ ਮਨੁੱਖੀ ਜੀਵਨ ਅਤੇ ਸੁਖ-ਸੁਵਿਧਾ ਹੌਲੀ-ਹੌਲੀ ਪਿੱਛੇ ਛੁੱਟ ਰਹੀ ਹੈ। ਗਰਮੀਆਂ ਵਿੱਚ ਤਾਪਮਾਨ ਦੇ ਲਗਾਤਾਰ ਵਧਣ ਨਾਲ ਨਾਲ ਬਿਜਲੀ ਦੀ ਲੋਡਸ਼ੈਡਿੰਗ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ। ਕਈ ਇਲਾਕਿਆਂ ਵਿੱਚ ਘਰ ਅਜਿਹੇ ਗਰਮੀ ਦੇ ਜਾਲ ਬਣ ਜਾਂਦੇ ਹਨ ਜਿੱਥੇ ਨਾ ਠੀਕ ਹਵਾ ਆਉਂਦੀ ਹੈ, ਨਾ ਛਾਂ ਮਿਲਦੀ ਹੈ ਅਤੇ ਨਾ ਹੀ ਆਰਾਮ। ਕੁਦਰਤੀ ਛਾਂ ਅਤੇ ਦਰੱਖ਼ਤਾਂ ਦੀ ਘਾਟ ਕਾਰਨ ਲੋਕ ਪੂਰੀ ਤਰ੍ਹਾਂ ਏਅਰ ਕੰਡੀਸ਼ਨਰ ਅਤੇ ਪੱਖਿਆਂ ’ਤੇ ਨਿਰਭਰ ਹੋ ਰਹੇ ਹਨ, ਪਰ ਜਦੋਂ ਬਿਜਲੀ ਹੀ ਨਾ ਹੋਵੇ ਤਾਂ ਇਹ ਸਾਰੀ ਸਹੂਲਤ ਬੇਅਸਰ ਬਣ ਜਾਂਦੀ ਹੈ।

ਇਹੀ ਹਾਲ ਮਾਨਸੂਨ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਉਹੀ ਸ਼ਹਿਰ ਜੋ ਵਿਕਾਸ ਦਾ ਚਿਹਰਾ ਮੰਨੇ ਜਾਂਦੇ ਹਨ, ਪਾਣੀ ਵਿੱਚ ਡੁੱਬ ਜਾਂਦੇ ਹਨ। ਨਿਕਾਸੀ ਪ੍ਰਣਾਲੀ ਦੀ ਕਮਜ਼ੋਰੀ ਕਾਰਨ ਸੜਕਾਂ ਤਾਲਾਬ ਬਣ ਜਾਂਦੀਆਂ ਹਨ, ਟ੍ਰੈਫਿਕ ਰੁਕ ਜਾਂਦਾ ਹੈ ਅਤੇ ਰੋਜ਼ਾਨਾ ਜ਼ਿੰਦਗੀ ਠੱਪ ਹੋ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੇ ਜਿਨ੍ਹਾਂ ਸ਼ਹਿਰਾਂ ਨੂੰ ਟੀਅਰ-1 ਜਾਂ ਸਭ ਤੋਂ ਅਗੇਵਾਂ ਸ਼ਹਿਰ ਕਿਹਾ ਜਾਂਦਾ ਹੈ, ਉਹੀ ਸ਼ਹਿਰ ਗਰਮੀ ਅਤੇ ਮਾਨਸੂਨ ਦੋਵੇਂ ਹੀ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੇ ਹਨ। ਪਿਛਲੇ ਦਹਾਕੇ ਤੋਂ ਲਗਾਤਾਰ ਵਧ ਰਹੀਆਂ ਗਰਮੀ ਦੀਆਂ ਲਹਿਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਸਿਰਫ਼ ਮੌਸਮੀ ਤਬਦੀਲੀ ਦਾ ਮਸਲਾ ਨਹੀਂ ਰਿਹਾ। ਫਿਰ ਵੀ ਸ਼ਹਿਰਾਂ ਦੀ ਯੋਜਨਾ ਅਜੇ ਵੀ ਉਸੇ ਤਰੀਕੇ ਨਾਲ ਬਣ ਰਹੀ ਹੈ ਜਿਵੇਂ ਕੁਦਰਤ ਹਮੇਸ਼ਾ ਸਥਿਰ ਹੋਵੇ। ਸੜਕਾਂ ਚੌੜੀਆਂ ਕਰਨ ਲਈ ਦਰੱਖ਼ਤ ਕੱਟੇ ਜਾ ਰਹੇ ਹਨ, ਖੁੱਲ੍ਹੀਆਂ ਥਾਵਾਂ ਨੂੰ ਇਮਾਰਤਾਂ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਸੀਮੈਂਟ ਤੇ ਲੋਹੇ ਨੂੰ ਹੀ ਵਿਕਾਸ ਦਾ ਪ੍ਰਤੀਕ ਸਮਝਿਆ ਜਾ ਰਿਹਾ ਹੈ। ਨਤੀਜਾ ਇਹ ਨਿਕਲ ਰਿਹਾ ਹੈ ਕਿ ਸ਼ਹਿਰ ਦਿਨ ਵੇਲੇ ਗਰਮੀ ਸੋਖਦੇ ਹਨ ਅਤੇ ਰਾਤ ਨੂੰ ਉਹੀ ਗਰਮੀ ਹੌਲੀ-ਹੌਲੀ ਛੱਡਦੇ ਹਨ। ਇਸਨੂੰ ਵਿਗਿਆਨਕ ਭਾਸ਼ਾ ਵਿੱਚ “ਅਰਬਨ ਹੀਟ ਆਇਲੈਂਡ” ਕਿਹਾ ਜਾਂਦਾ ਹੈ, ਪਰ ਆਮ ਲੋਕਾਂ ਲਈ ਇਹ ਇੱਕ ਅਹਿਸਾਸ ਹੈ ਕਿ ਸ਼ਹਿਰ ਹੁਣ ਪਹਿਲਾਂ ਨਾਲੋਂ ਵੱਧ ਤਪਦੇ ਹਨ। ਇਸ ਵਧਦੀ ਗਰਮੀ ਦਾ ਸਭ ਤੋਂ ਵੱਡਾ ਅਸਰ ਉਹਨਾਂ ਲੋਕਾਂ ’ਤੇ ਹੁੰਦਾ ਹੈ ਜਿਨ੍ਹਾਂ ਕੋਲ ਗਰਮੀ ਤੋਂ ਬਚਣ ਦੇ ਸਾਧਨ ਘੱਟ ਹਨ। ਰੇਹੜੀ ਵਾਲੇ, ਮਜ਼ਦੂਰ, ਡਿਲਿਵਰੀ ਕਰਮਚਾਰੀ, ਸਫਾਈ ਕਰਮਚਾਰੀ, ਟ੍ਰੈਫਿਕ ਪੁਲਿਸ ਅਤੇ ਖੁੱਲ੍ਹੇ ਆਕਾਸ਼ ਹੇਠ ਕੰਮ ਕਰਨ ਵਾਲੇ ਹਜ਼ਾਰਾਂ ਲੋਕ ਦਿਨ ਭਰ ਇਸ ਤਪਸ਼ ਨੂੰ ਸਹਿਣ ਲਈ ਮਜਬੂਰ ਹੁੰਦੇ ਹਨ। ਦੂਜੇ ਪਾਸੇ, ਸ਼ਹਿਰਾਂ ਦਾ ਹੱਲ ਹੈ ਏਅਰ ਕੰਡੀਸ਼ਨਰਾਂ ਉੱਤੇ ਵਧਦੀ ਨਿਰਭਰਤਾ। ਇਮਾਰਤਾਂ ਇਸ ਤਰ੍ਹਾਂ ਬਣ ਰਹੀਆਂ ਹਨ ਕਿ ਬਿਨਾਂ ਮਸ਼ੀਨੀ ਠੰਡਕ ਦੇ ਉਹ ਰਹਿਣਯੋਗ ਹੀ ਨਹੀਂ ਰਹਿੰਦੀਆਂ ਹਨ।
ਸਾਨੂੰ ਆਪਣੇ ਪੁਰਖਿਆਂ ਦੀ ਸਿਆਣਪ ਵੱਲ ਮੁੜ ਕੇ ਦੇਖਣ ਦੀ ਲੋੜ ਹੈ। ਇੱਕ ਸਮਾਂ ਸੀ ਜਦੋਂ ਘਰ ਕੁਦਰਤ ਨਾਲ ਟਕਰਾਅ ਨਹੀਂ ਕਰਦੇ ਸਨ, ਸਗੋਂ ਉਸ ਨਾਲ ਸਾਂਝਾ ਹੁੰਦੇ ਸਨ। ਘਰ ਬਣਾਉਣ ਤੋਂ ਪਹਿਲਾਂ ਮਿੱਟੀ ਦੀ ਕਿਸਮ, ਹਵਾ ਦੀ ਦਿਸ਼ਾ, ਧੁੱਪ ਦੀ ਤੀਬਰਤਾ, ਮੀਂਹ ਦਾ ਰੁਝਾਨ, ਪਾਣੀ ਦੀ ਉਪਲਬਧਤਾ ਅਤੇ ਜੀਵ-ਜੰਤੂਆਂ ਦੀ ਵਸੋਬਸ ਦਾ ਧਿਆਨ ਰੱਖਿਆ ਜਾਂਦਾ ਸੀ। ਪਹਿਲਾਂ ਇਲਾਕੇ ਦੀ ਪ੍ਰਕਿਰਤੀ ਨੂੰ ਸਮਝਿਆ ਜਾਂਦਾ ਸੀ, ਫਿਰ ਮਨੁੱਖੀ ਲੋੜਾਂ ਨੂੰ ਉਸਦੇ ਅਨੁਸਾਰ ਢਾਲਿਆ ਜਾਂਦਾ ਸੀ। ਪੰਜਾਬ ਸਮੇਤ ਭਾਰਤ ਦੇ ਕਈ ਖੇਤਰਾਂ ਵਿੱਚ ਮਿੱਟੀ ਦੇ ਘਰ, ਮੋਟੀਆਂ ਕੰਧਾਂ, ਅੰਗਣ, ਬਰਾਂਡੇ ਅਤੇ ਕੁਦਰਤੀ ਹਵਾ ਲਈ ਖਿੜਕੀਆਂ ਇੱਕ ਆਮ ਗੱਲ ਹੁੰਦੀ ਸੀ। ਮਿੱਟੀ ਦੀਆਂ ਕੰਧਾਂ ਗਰਮੀ ਵਿੱਚ ਘਰ ਨੂੰ ਠੰਡਾ ਅਤੇ ਸਰਦੀ ਵਿੱਚ ਗਰਮ ਰੱਖਣ ਦੀ ਖੂਬੀ ਰੱਖਦੀਆਂ ਸਨ। ਅੰਗਣ ਹਵਾ ਦੀ ਆਵਾਜਾਈ ਨੂੰ ਸੁਗਮ ਬਣਾਉਂਦੇ ਸਨ। ਘਰਾਂ ਦੇ ਨੇੜੇ ਦਰੱਖ਼ਤ ਲਗਾਏ ਜਾਂਦੇ ਸਨ ਤਾਂਕਿ ਕੁਦਰਤੀ ਛਾਂ ਅਤੇ ਠੰਡਕ ਮਿਲ ਸਕੇ। ਚੂਨਾ, ਲੱਕੜ, ਪੱਥਰ, ਮਿੱਟੀ ਅਤੇ ਹੋਰ ਸਥਾਨਕ ਸਮੱਗਰੀ ਵਰਤੀ ਜਾਂਦੀ ਸੀ ਜੋ ਇਲਾਕੇ ਦੇ ਮੌਸਮ ਦੇ ਅਨੁਕੂਲ ਹੁੰਦੀ ਸੀ।
ਅੱਜ ਦੀ ਵਿਡੰਬਨਾ ਇਹ ਹੈ ਕਿ ਜੋ ਮਿੱਟੀ ਦਾ ਘਰ ਕਦੇ ਸਾਦਗੀ ਅਤੇ ਆਮ ਜੀਵਨ ਦਾ ਪ੍ਰਤੀਕ ਹੁੰਦਾ ਸੀ, ਉਹ ਹੁਣ ਇੱਕ ਸ਼ਾਨਦਾਰ ਤਜਰਬਾ ਬਣ ਗਿਆ ਹੈ। ਲੋਕ ਵੱਡੀਆਂ ਰਕਮਾਂ ਖਰਚ ਕੇ “ਈਕੋ ਰਿਜ਼ੋਰਟਾਂ” ਜਾਂ ਪਿੰਡਾਂ ਵਿੱਚ ਬਣੇ ਮਿੱਟੀ ਦੇ ਘਰਾਂ ਵਿੱਚ ਰਹਿਣ ਜਾਂਦੇ ਹਨ ਕੁਦਰਤੀ ਠੰਡਕ ਅਤੇ ਸ਼ਾਂਤੀ ਦਾ ਅਨੁਭਵ ਕਰਨੇ। ਜਿਹੜਾ ਕਦੇ ਆਮ ਮਨੁੱਖ ਦਾ ਘਰ ਹੁੰਦਾ ਸੀ, ਉਹ ਹੁਣ ਆਲੀਸ਼ਾਨੀ ਦੀ ਨਿਸ਼ਾਨੀ ਬਣਦਾ ਜਾ ਰਿਹਾ ਹੈ। ਇਸਦੇ ਉਲਟ, ਅਸੀਂ ਸ਼ਹਿਰਾਂ ਵਿੱਚ ਇੱਕੋ ਜਿਹੀਆਂ ਕੰਕਰੀਟ ਦੀਆਂ ਇਮਾਰਤਾਂ ਖੜ੍ਹੀਆਂ ਕਰ ਰਹੇ ਹਨ ਜੋ ਇਲਾਕਾਈ ਮੌਸਮ ਅਤੇ ਪਰਿਆਵਰਣ ਦੀਆਂ ਲੋੜਾਂ ਨੂੰ ਅਕਸਰ ਨਜ਼ਰਅੰਦਾਜ਼ ਕਰਦੀਆਂ ਹਨ। ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਆਧੁਨਿਕਤਾ ਦਾ ਮਤਲਬ ਆਪਣੇ ਪੁਰਾਣੇ ਗਿਆਨ ਨੂੰ ਪੂਰੀ ਤਰ੍ਹਾਂ ਛੱਡਣਾ ਨਹੀਂ ਹੈ। ਕੱਚ ਦੀਆਂ ਇਮਾਰਤਾਂ ਉਹਨਾਂ ਦੇਸ਼ਾਂ ਅਤੇ ਖੇਤਰਾਂ ਲਈ ਜ਼ਿਆਦਾ ਉਚਿਤ ਹਨ ਜਿੱਥੇ ਧੁੱਪ ਦੀ ਕਮੀ ਰਹਿੰਦੀ ਹੈ, ਪਰ ਅਸੀਂ ਬਿਨਾਂ ਸੋਚੇ-ਸਮਝੇ ਨਕਲ ਕਰਦੇ ਹੋਏ ਇੱਥੇ ਵੀ ਅਜਿਹੀਆਂ ਇਮਾਰਤਾਂ ਬਣਾ ਰਹੇ ਹਾਂ ਜਿੱਥੇ ਧੁੱਪ ਬਹੁਤ ਵਾਫ਼ਰ ਮਾਤਰਾ ਵਿੱਚ ਮਿਲਦੀ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਧੁਨਿਕ ਤਕਨਾਲੋਜੀ ਨੂੰ ਪੁਰਾਤਨ ਸਿਆਣਪ ਨਾਲ ਜੋੜੀਏ। ਘਰਾਂ ਦੇ ਨਿਰਮਾਣ ਵਿੱਚ ਸਥਾਨਕ ਸਮੱਗਰੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ, ਸਥਾਨਕ ਕਾਰੀਗਰਾਂ ਅਤੇ ਮਿਸਤਰੀਆਂ ਨੂੰ ਰੁਜ਼ਗਾਰ ਮਿਲੇ ਅਤੇ ਅਜਿਹੀਆਂ ਇਮਾਰਤਾਂ ਬਣਨ ਜੋ ਮੌਸਮ ਦੇ ਅਨੁਕੂਲ ਹੋਣ। ਕੁਦਰਤੀ ਹਵਾਦਾਰੀ, ਅੰਗਣ, ਛਾਂਦਾਰ ਰਸਤੇ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵੱਧ ਹਰੇ-ਭਰੇ ਖੇਤਰਾਂ ਨੂੰ ਸ਼ਹਿਰੀ ਯੋਜਨਾਬੰਦੀ ਦਾ ਹਿੱਸਾ ਬਣਾਇਆ ਜਾਵੇ। ਕਿਉਂਕਿ ਆਖ਼ਿਰ ਵਿੱਚ, ਕਿੰਨੀ ਵੀ ਚਮਕਦਾਰ ਕੰਕਰੀਟ ਹੋਵੇ, ਉਹ ਇੱਕ ਦਰੱਖ਼ਤ ਦੀ ਛਾਂ, ਖੁੱਲ੍ਹੀ ਹਵਾ ਅਤੇ ਕੁਦਰਤ ਨਾਲ ਜੁੜੇ ਘਰ ਦੀ ਸੁਖਦਾਈ ਠੰਡਕ ਦੀ ਥਾਂ ਨਹੀਂ ਲੈ ਸਕਦੀ।
- ਦਵਿੰਦਰ ਕੁਮਾਰ