ਪਹਾੜਾਂ ਵਿੱਚ ਟ੍ਰੈਫਿਕ ਜਾਮ ਦਾ ਸੰਕਟ

ਪਹਾੜ ਹਮੇਸ਼ਾ ਤੋਂ ਕੁਦਰਤ ਦੀ ਸ਼ਾਂਤੀ, ਸੁੰਦਰਤਾ ਅਤੇ ਸਾਦਗੀ ਦੇ ਪ੍ਰਤੀਕ ਰਹੇ ਹਨ। ਲੋਕ ਸ਼ਹਿਰਾਂ ਦੀ ਭੱਜ-ਦੌੜ, ਪ੍ਰਦੂਸ਼ਣ ਅਤੇ ਭੀੜ-ਭੜਾਕੇ ਤੋਂ ਬਚਣ ਲਈ ਪਹਾੜਾਂ ਵੱਲ ਜਾਂਦੇ ਹਨ। ਪਰ ਅੱਜ ਹਾਲਾਤ ਇੰਨੇ ਬਦਲ ਚੁੱਕੇ ਹਨ ਕਿ ਕਈ ਪਹਾੜੀ ਇਲਾਕਿਆਂ ਵਿੱਚ ਸੈਲਾਨੀਆਂ ਨੂੰ ਕੁਦਰਤ ਨਾਲੋਂ ਵੱਧ ਟ੍ਰੈਫਿਕ ਜਾਮ ਦੇ ਦਰਸ਼ਨ ਹੁੰਦੇ ਹਨ। ਕਈ ਵਾਰ ਸੜਕਾਂ ਉੱਤੇ 8 ਤੋਂ 10 ਘੰਟਿਆਂ ਤੱਕ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਕੁਦਰਤ ਦੀ ਗੋਦ ਵਿੱਚ ਸੁਕੂਨ ਲੱਭਣ ਨਿਕਲੇ ਲੋਕ ਆਪਣਾ ਵੱਡਾ ਸਮਾਂ ਜਾਮ ਵਿੱਚ ਫਸ ਕੇ ਬਿਤਾਉਂਦੇ ਹਨ। ਇਹ ਸਿਰਫ਼ ਆਵਾਜਾਈ ਦੀ ਸਮੱਸਿਆ ਨਹੀਂ, ਸਗੋਂ ਇਹ ਦਰਸਾਉਂਦਾ ਹੈ ਕਿ ਪਹਾੜੀ ਖੇਤਰਾਂ ਵਿੱਚ ਵਿਕਾਸ ਅਤੇ ਸੈਰ-ਸਪਾਟੇ ਨੂੰ ਲੈ ਕੇ ਵਧੇਰੇ ਦੂਰਅੰਦੇਸ਼ੀ ਅਤੇ ਯੋਜਨਾਬੱਧ ਸੋਚ ਦੀ ਲੋੜ ਹੈ।

ਪਹਾੜ ਹਮੇਸ਼ਾ ਤੋਂ ਕੁਦਰਤ ਦੀ ਸ਼ਾਂਤੀ, ਸੁੰਦਰਤਾ ਅਤੇ ਸਾਦਗੀ ਦੇ ਪ੍ਰਤੀਕ ਰਹੇ ਹਨ। ਲੋਕ ਸ਼ਹਿਰਾਂ ਦੀ ਭੱਜ-ਦੌੜ, ਪ੍ਰਦੂਸ਼ਣ ਅਤੇ ਭੀੜ-ਭੜਾਕੇ ਤੋਂ ਬਚਣ ਲਈ ਪਹਾੜਾਂ ਵੱਲ ਜਾਂਦੇ ਹਨ। ਪਰ ਅੱਜ ਹਾਲਾਤ ਇੰਨੇ ਬਦਲ ਚੁੱਕੇ ਹਨ ਕਿ ਕਈ ਪਹਾੜੀ ਇਲਾਕਿਆਂ ਵਿੱਚ ਸੈਲਾਨੀਆਂ ਨੂੰ ਕੁਦਰਤ ਨਾਲੋਂ ਵੱਧ ਟ੍ਰੈਫਿਕ ਜਾਮ ਦੇ ਦਰਸ਼ਨ ਹੁੰਦੇ ਹਨ। ਕਈ ਵਾਰ ਸੜਕਾਂ ਉੱਤੇ 8 ਤੋਂ 10 ਘੰਟਿਆਂ ਤੱਕ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਕੁਦਰਤ ਦੀ ਗੋਦ ਵਿੱਚ ਸੁਕੂਨ ਲੱਭਣ ਨਿਕਲੇ ਲੋਕ ਆਪਣਾ ਵੱਡਾ ਸਮਾਂ ਜਾਮ ਵਿੱਚ ਫਸ ਕੇ ਬਿਤਾਉਂਦੇ ਹਨ। ਇਹ ਸਿਰਫ਼ ਆਵਾਜਾਈ ਦੀ ਸਮੱਸਿਆ ਨਹੀਂ, ਸਗੋਂ ਇਹ ਦਰਸਾਉਂਦਾ ਹੈ ਕਿ ਪਹਾੜੀ ਖੇਤਰਾਂ ਵਿੱਚ ਵਿਕਾਸ ਅਤੇ ਸੈਰ-ਸਪਾਟੇ ਨੂੰ ਲੈ ਕੇ ਵਧੇਰੇ ਦੂਰਅੰਦੇਸ਼ੀ ਅਤੇ ਯੋਜਨਾਬੱਧ ਸੋਚ ਦੀ ਲੋੜ ਹੈ।

 ਹਿਮਾਚਲ ਪ੍ਰਦੇਸ਼ ਇਸ ਹਕੀਕਤ ਦਾ ਇੱਕ ਵੱਡਾ ਉਦਾਹਰਣ ਹੈ। ਲਗਭਗ 70 ਤੋਂ 75 ਲੱਖ ਦੀ ਆਬਾਦੀ ਵਾਲੇ ਇਸ ਸੂਬੇ ਵਿੱਚ ਸਾਲ 2024 ਦੌਰਾਨ 1.80 ਕਰੋੜ ਤੋਂ ਵੱਧ ਘਰੇਲੂ ਸੈਲਾਨੀ ਅਤੇ ਕਰੀਬ 83 ਹਜ਼ਾਰ ਵਿਦੇਸ਼ੀ ਸੈਲਾਨੀ ਪਹੁੰਚੇ। ਇੱਕ ਹੀ ਸਾਲ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਸੂਬੇ ਦੀ ਕੁੱਲ ਆਬਾਦੀ ਨਾਲੋਂ ਢਾਈ ਗੁਣਾ ਤੋਂ ਵੀ ਵੱਧ ਰਹੀ। ਇਹ ਅੰਕੜੇ ਸੈਰ-ਸਪਾਟੇ ਦੀ ਆਰਥਿਕ ਮਹੱਤਤਾ ਨੂੰ ਦਰਸਾਉਂਦੇ ਹਨ, ਪਰ ਨਾਲ ਹੀ ਇਹ ਵੀ ਦੱਸਦੇ ਹਨ ਕਿ ਪਹਾੜੀ ਖੇਤਰਾਂ ਉੱਤੇ ਪੈਣ ਵਾਲਾ ਦਬਾਅ ਲਗਾਤਾਰ ਵਧ ਰਿਹਾ ਹੈ। ਜਿਨ੍ਹਾਂ ਸੜਕਾਂ, ਪਾਰਕਿੰਗ ਥਾਵਾਂ ਅਤੇ ਨਾਗਰਿਕ ਸਹੂਲਤਾਂ ਨੂੰ ਸੀਮਤ ਆਬਾਦੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਸੀ, ਉਹ ਹੁਣ ਕਰੋੜਾਂ ਸੈਲਾਨੀਆਂ ਦਾ ਬੋਝ ਝੱਲਣ ਲਈ ਮਜਬੂਰ ਹਨ।

ਪਹਾੜਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੀ ਉਨ੍ਹਾਂ ਦੀ ਨਾਜ਼ੁਕਤਾ ਹੈ। ਮੈਦਾਨੀ ਇਲਾਕਿਆਂ ਵਾਂਗ ਇੱਥੇ ਬੇਅੰਤ ਵਿਸਥਾਰ ਸੰਭਵ ਨਹੀਂ। ਪਿਛਲੇ ਸਾਲ ਦੇ ਮਾਨਸੂਨ ਨੇ ਇਸ ਹਕੀਕਤ ਨੂੰ ਬਹੁਤ ਸਪੱਸ਼ਟ ਢੰਗ ਨਾਲ ਸਾਹਮਣੇ ਲਿਆ ਦਿੱਤਾ ਸੀ। ਭਾਰੀ ਮੀਂਹ, ਬਾਦਲ ਫਟਣ ਦੀਆਂ ਘਟਨਾਵਾਂ, ਭੂ-ਖਿਸਕਣ, ਸੜਕਾਂ ਦਾ ਟੁੱਟਣਾ ਅਤੇ ਕਈ ਥਾਵਾਂ ਉੱਤੇ ਆਏ ਹੜ੍ਹਾਂ ਨੇ ਇਹ ਯਾਦ ਦਿਵਾਇਆ ਕਿ ਪਹਾੜਾਂ ਦੀ ਭੂਗੋਲਿਕ ਬਣਤਰ ਬਹੁਤ ਸੰਵੇਦਨਸ਼ੀਲ ਹੈ। ਜਦੋਂ ਜੰਗਲਾਂ ਦੀ ਕਟਾਈ ਹੁੰਦੀ ਹੈ, ਢਲਾਣਾਂ ਨੂੰ ਕੱਟ ਕੇ ਨਿਰਮਾਣ ਕੀਤਾ ਜਾਂਦਾ ਹੈ ਅਤੇ ਕੁਦਰਤੀ ਜਲ ਨਿਕਾਸ ਮਾਰਗਾਂ ਨਾਲ ਛੇੜਛਾੜ ਹੁੰਦੀ ਹੈ ਤਾਂ ਕੁਦਰਤ ਆਪਣਾ ਸੰਤੁਲਨ ਗੁਆਉਣ ਲੱਗਦੀ ਹੈ। ਟ੍ਰੈਫਿਕ ਜਾਮ ਇਸ ਵੱਡੀ ਸਮੱਸਿਆ ਦਾ ਸਿਰਫ਼ ਇੱਕ ਦਿੱਖਣ ਵਾਲਾ ਹਿੱਸਾ ਹੈ। ਸੈਰ-ਸਪਾਟੇ ਦਾ ਮੌਜੂਦਾ ਮਾਡਲ ਵੀ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਰਿਹਾ ਹੈ। 

ਪਹਿਲਾਂ ਲੋਕ ਵੱਡੇ ਪੱਧਰ ਉੱਤੇ ਰੇਲਾਂ ਅਤੇ ਬੱਸਾਂ ਰਾਹੀਂ ਯਾਤਰਾ ਕਰਦੇ ਸਨ, ਪਰ ਹੁਣ ਜ਼ਿਆਦਾਤਰ ਪਰਿਵਾਰ ਆਪਣੀਆਂ ਨਿੱਜੀ ਗੱਡੀਆਂ ਨਾਲ ਪਹਾੜਾਂ ਵੱਲ ਰੁਖ ਕਰਦੇ ਹਨ। ਹਜ਼ਾਰਾਂ ਵਾਹਨ ਇੱਕੋ ਸਮੇਂ ਤੰਗ ਅਤੇ ਘੁੰਮਾਵਦਾਰ ਸੜਕਾਂ ਉੱਤੇ ਆ ਜਾਂਦੇ ਹਨ। ਪਾਰਕਿੰਗ ਦੀ ਸਮਰੱਥਾ ਪਹਿਲਾਂ ਹੀ ਸੀਮਤ ਹੁੰਦੀ ਹੈ, ਜਿਸ ਕਾਰਨ ਸੜਕਾਂ ਦੇ ਕਿਨਾਰੇ ਹੀ ਵਾਹਨ ਖੜ੍ਹੇ ਹੋਣ ਲੱਗਦੇ ਹਨ ਅਤੇ ਆਵਾਜਾਈ ਹੋਰ ਪ੍ਰਭਾਵਿਤ ਹੁੰਦੀ ਹੈ।ਜਦੋਂ ਕਿਸੇ ਪਹਾੜੀ ਰਸਤੇ ਉੱਤੇ 10 ਘੰਟਿਆਂ ਦਾ ਟ੍ਰੈਫਿਕ ਜਾਮ ਲੱਗਦਾ ਹੈ ਤਾਂ ਇਸ ਦਾ ਪ੍ਰਭਾਵ ਸਿਰਫ਼ ਯਾਤਰੀਆਂ ਤੱਕ ਸੀਮਤ ਨਹੀਂ ਰਹਿੰਦਾ। ਹਜ਼ਾਰਾਂ ਲੀਟਰ ਇੰਧਨ ਵਿਅਰਥ ਸੜਦਾ ਹੈ, ਹਵਾ ਵਿੱਚ ਪ੍ਰਦੂਸ਼ਣ ਵਧਦਾ ਹੈ, ਸਥਾਨਕ ਵਪਾਰ ਪ੍ਰਭਾਵਿਤ ਹੁੰਦਾ ਹੈ ਅਤੇ ਐਮਰਜੈਂਸੀ ਸੇਵਾਵਾਂ ਦੀ ਰਫ਼ਤਾਰ ਘਟ ਜਾਂਦੀ ਹੈ। ਐਂਬੂਲੈਂਸਾਂ, ਅੱਗ ਬੁਝਾਊ ਵਾਹਨਾਂ ਅਤੇ ਜ਼ਰੂਰੀ ਸਪਲਾਈ ਵਾਲੇ ਟਰੱਕਾਂ ਨੂੰ ਵੀ ਉਸੇ ਜਾਮ ਵਿੱਚੋਂ ਲੰਘਣਾ ਪੈਂਦਾ ਹੈ। ਇਸ ਦੇ ਨਾਲ-ਨਾਲ ਜੰਗਲੀ ਜੀਵ-ਜੰਤੂ ਵੀ ਵਧਦੇ ਸ਼ੋਰ ਅਤੇ ਪ੍ਰਦੂਸ਼ਣ ਦਾ ਅਸਰ ਸਹਿੰਦੇ ਹਨ। ਇੱਕ ਲੰਮਾ ਜਾਮ ਸਿਰਫ਼ ਮਨੁੱਖਾਂ ਨੂੰ ਨਹੀਂ, ਸਗੋਂ ਪੂਰੇ ਵਾਤਾਵਰਣ ਅਤੇ ਸਥਾਨਕ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।

ਪਹਾੜੀ ਸ਼ਹਿਰਾਂ ਵਿੱਚ ਹੋਟਲਾਂ, ਰਿਜ਼ੋਰਟਾਂ ਅਤੇ ਵਪਾਰਕ ਇਮਾਰਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਰ ਕਈ ਥਾਵਾਂ ਉੱਤੇ ਸੜਕਾਂ, ਪਾਰਕਿੰਗ, ਕੂੜਾ ਪ੍ਰਬੰਧਨ ਅਤੇ ਪਾਣੀ ਦੀਆਂ ਸਹੂਲਤਾਂ ਉਸ ਰਫ਼ਤਾਰ ਨਾਲ ਵਿਕਸਤ ਨਹੀਂ ਹੋਈਆਂ ਹਨ। ਨਤੀਜੇ ਵਜੋਂ ਸੈਰ-ਸਪਾਟੇ ਦਾ ਲਾਭ ਤਾਂ ਵਧਦਾ ਦਿਖਾਈ ਦਿੰਦਾ ਹੈ, ਪਰ ਉਸ ਦੀ ਕੀਮਤ ਵਾਤਾਵਰਣ ਅਤੇ ਸਥਾਨਕ ਲੋਕਾਂ ਨੂੰ ਚੁਕਾਉਣੀ ਹੁੰਦੀ ਹੈ। ਵਿਕਾਸ ਦਾ ਅਰਥ ਸਿਰਫ਼ ਨਵੀਆਂ ਇਮਾਰਤਾਂ ਖੜ੍ਹੀਆਂ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਸਹਾਰਾ ਦੇਣ ਵਾਲਾ ਢਾਂਚਾ ਤਿਆਰ ਕਰਨਾ ਵੀ ਹੁੰਦਾ ਹੈ। ਇਸ ਸੰਦਰਭ ਵਿੱਚ ਸਾਡੇ ਸ਼ਹਿਰਾਂ ਦੀ ਯੋਜਨਾਬੰਦੀ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪਹਾੜੀ ਸ਼ਹਿਰਾਂ ਨੂੰ ਮੈਦਾਨੀ ਸ਼ਹਿਰਾਂ ਦੀ ਨਕਲ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ। ਹਰ ਖੇਤਰ ਦੀ ਭੂਗੋਲਿਕ ਸਮਰੱਥਾ, ਪਾਣੀ ਦੇ ਸਰੋਤਾਂ, ਵਾਤਾਵਰਣਕ ਸੰਵੇਦਨਸ਼ੀਲਤਾ ਅਤੇ ਆਵਾਜਾਈ ਦੀਆਂ ਹੱਦਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਯੋਜਨਾਵਾਂ ਤਿਆਰ ਹੋਣੀਆਂ ਚਾਹੀਦੀਆਂ ਹਨ। ਵਿਕਾਸ ਦਾ ਮਾਪਦੰਡ ਸਿਰਫ਼ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਨਹੀਂ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਅਤੇ ਟਿਕਾਊ ਢੰਗ ਨਾਲ ਸੰਭਾਲਣ ਦੀ ਸਮਰੱਥਾ ਹੋਣੀ ਚਾਹੀਦੀ ਹੈ।

ਹੱਲ ਸਪੱਸ਼ਟ ਹੈ। ਪਹਾੜੀ ਖੇਤਰਾਂ ਵਿੱਚ ਜਨਤਕ ਆਵਾਜਾਈ ਨੂੰ ਕੇਂਦਰੀ ਸਥਾਨ ਦੇਣਾ ਪਵੇਗਾ। ਲੋਕਾਂ ਨੂੰ ਆਪਣੀਆਂ ਗੱਡੀਆਂ ਘਰ ਛੱਡਣ ਲਈ ਕਹਿਣਾ ਉਦੋਂ ਹੀ ਪ੍ਰਭਾਵਸ਼ਾਲੀ ਹੋਵੇਗਾ ਜਦੋਂ ਉਨ੍ਹਾਂ ਨੂੰ ਭਰੋਸੇਯੋਗ ਅਤੇ ਆਰਾਮਦਾਇਕ ਵਿਕਲਪ ਮਿਲਣ। ਆਧੁਨਿਕ ਬੱਸ ਸੇਵਾਵਾਂ, ਬਿਜਲੀ ਬੱਸਾਂ, ਸ਼ਟਲ ਪ੍ਰਣਾਲੀਆਂ ਅਤੇ ਸ਼ਹਿਰਾਂ ਤੋਂ ਬਾਹਰ ਬਣਾਏ ਗਏ ਵੱਡੇ ਪਾਰਕਿੰਗ ਹੱਬ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੋ ਸਕਦੇ ਹਨ। ਜਨਤਕ ਆਵਾਜਾਈ ਨੂੰ ਸਿਰਫ਼ ਵਧਾਉਣ ਦੀ ਨਹੀਂ, ਸਗੋਂ ਉਸ ਨੂੰ ਸਮੇਂ ਦੀਆਂ ਲੋੜਾਂ ਮੁਤਾਬਕ ਆਧੁਨਿਕ ਬਣਾਉਣ ਦੀ ਵੀ ਲੋੜ ਹੈ। ਸੈਰ-ਸਪਾਟਾ ਪਹਾੜੀ ਖੇਤਰਾਂ ਦੀ ਆਰਥਿਕਤਾ ਲਈ ਜ਼ਰੂਰੀ ਹੈ, ਪਰ ਇਸ ਦੀ ਸਫ਼ਲਤਾ ਦਾ ਮਾਪ ਸਿਰਫ਼ ਸੈਲਾਨੀਆਂ ਦੀ ਗਿਣਤੀ ਨਹੀਂ ਹੋਣਾ ਚਾਹੀਦਾ। ਪਹਾੜਾਂ ਵਿੱਚ ਲੱਗਦੇ ਟ੍ਰੈਫਿਕ ਜਾਮ ਇੱਕ ਚੇਤਾਵਨੀ ਹਨ ਕਿ ਹੁਣ ਬੇਲਗਾਮ ਵਾਧੇ ਦੀ ਥਾਂ ਟਿਕਾਊ ਵਿਕਾਸ ਨੂੰ ਤਰਜੀਹ ਦੇਣੀ ਪਵੇਗੀ। ਜੇਕਰ ਕੁਦਰਤ ਦੀਆਂ ਹੱਦਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਜਾਮ ਸਿਰਫ਼ ਸੜਕਾਂ ਨੂੰ ਨਹੀਂ, ਸਗੋਂ ਪਹਾੜਾਂ ਦੇ ਵਾਤਾਵਰਣ, ਅਰਥਚਾਰੇ ਅਤੇ ਜੀਵਨ-ਸ਼ੈਲੀ ਨੂੰ ਵੀ ਠੱਪ ਕਰ ਸਕਦੇ ਹਨ। ਪਹਾੜ ਸਾਨੂੰ ਲਗਾਤਾਰ ਇਹ ਸੰਦੇਸ਼ ਦੇ ਰਹੇ ਹਨ ਕਿ ਵਿਕਾਸ ਅਤੇ ਸੰਤੁਲਨ ਇਕੱਠੇ ਚੱਲਣ ਤਾਂ ਹੀ ਉਨ੍ਹਾਂ ਦੀ ਸੁੰਦਰਤਾ ਅਤੇ ਕੁਦਰਤੀ ਧਰੋਹਰ ਨੂੰ ਬਚਾਇਆ ਜਾ ਸਕਦਾ ਹੈ।


- ਦਵਿੰਦਰ ਕੁਮਾਰ

- ਦਵਿੰਦਰ ਕੁਮਾਰ