ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਕੰਟੀਨੀ ਮੁੰਡੀਰ ਤਹਿਤ ਪ੍ਰਤਿਭਾ ਖੋਜ ਸਮਾਰੋਹ ਕਰਵਾਇਆ ਗਿਆ
ਮਾਹਿਲਪੁਰ, 9 ਸਤੰਬਰ:- ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਸ਼ੇਸ਼ ਯਤਨਾਂ ਨਾਲ 'ਕੰਟੀਨੀ ਮੁੰਡੀਰ' ਤਹਿਤ ਇਕ ਪ੍ਰਤਿਭਾ ਖੋਜ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪ੍ਰੋਗਰਾਮ ਸੰਚਾਲਕ ਅਤੇ ਐਂਕਰ ਰਵਨੀਤ ਸਿੰਘ ਅਤੇ ਸਮੁੱਚੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਟਾਫ਼ ਵੱਲੋਂ ਅਦਾਕਾਰ ਅਤੇ ਐਂਕਰ ਰਵਨੀਤ ਸਿੰਘ ਦਾ ਸਵਾਗਤ ਕੀਤਾ ਗਿਆ।
ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਵੱਲੋਂ ਕਾਲਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕਾਲਜ ਤੋਂ ਪੜ੍ਹ ਕੇ ਖੇਡਾਂ, ਸਾਹਿਤ ਅਤੇ ਕਲਾ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਬਾਰੇ ਦੱਸਿਆ ਗਿਆ। ਇਸ ਮੌਕੇ ਰਵਨੀਤ ਸਿੰਘ ਨੇ ਕਾਲਜ ਦੇ ਮੁੱਖ ਖੇਡ ਮੈਦਾਨ ਵਿਚ ਉਤਸ਼ਾਹ ਨਾਲ ਇਕੱਠੇ ਹੋਏ ਵਿਦਿਆਰਥੀਆਂ ਨਾਲ ਆਪਣੇ ਹਸਮੁੱਖ ਅੰਦਾਜ਼ ਵਿੱਚ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਪੜ੍ਹਾਈ, ਕਲਾ ਰੁਚੀਆਂ ਅਤੇ ਜੀਵਨ ਟੀਚਿਆਂ ਬਾਰੇ ਪੁੱਛਿਆ।
ਇਸ ਮੌਕੇ ਕਾਲਜ ਦੇ ਕਰੀਬ ਸੱਤਰ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਸਕਿੱਟ, ਮਿਮਿਕਰੀ, ਗਾਇਕੀ, ਭੰਡ, ਸ਼ਬਦ ਗਾਇਣ ਆਦਿ ਸਮੇਤ ਵੱਖ-ਵੱਖ ਪ੍ਰਤਿਭਾਵਾਨ ਕਲਾਵਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਐਂਕਰ ਰਵਨੀਤ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਆਪਣੀ ਹਾਜ਼ਰ ਜਵਾਬੀ ਭਰੀਆਂ ਟਿੱਪਣੀਆਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਇਸ ਉਪਰੰਤ ਕਾਲਜ ਵੱਲੋਂ ਰਵਨੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਰੱਖੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਸਨਮਾਨ ਸਮਾਰੋਹ ਮੌਕੇ ਮੰਚ ਦੀ ਕਾਰਵਾਈ ਡਾ. ਜੇ. ਬੀ. ਸੇਖੋਂ ਨੇ ਚਲਾਈ।
ਸਮਾਰੋਹ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕਨਵੀਨਰ ਪ੍ਰੋ. ਗੁਰਪ੍ਰੀਤ ਕੌਰ, ਕੋ-ਕਨਵੀਨਰ ਪ੍ਰੋ. ਸੰਦੀਪ ਕੌਰ, ਕੋ-ਕਨਵੀਨਰ ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਜਸਵਿੰਦਰ ਸਿੰਘ, ਡਾ. ਬਲਵੀਰ ਕੌਰ, ਡਾ. ਜਤਿੰਦਰ ਕੁਮਾਰ, ਪ੍ਰੋ. ਸ਼ਵੇਤਾ, ਪ੍ਰੋ. ਵਰਿੰਦਰ ਕੁਮਾਰ, ਪ੍ਰੋ. ਰਜਿੰਦਰ ਪ੍ਰਸਾਦ ਆਦਿ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
