ਸਮਾਜਿਕ ਬਰਾਬਰੀ ਕਦੋਂ ਤੇ ਕਿਵੇਂ?

ਭਾਰਤ ਨੂੰ ਆਜ਼ਾਦੀ ਮਿਲਿਆਂ 78 ਸਾਲ ਬੀਤ ਗਏ ਹਨ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਲੋਕਾਂ ਨੇ ਆਪਣੀ ਜਾਨਾਂ ਵਾਰੀਆਂ, ਜੇਲ੍ਹਾਂ ਕੱਟੀਆਂ, ਪਰਿਵਾਰਾਂ ਨੇ ਅਕਹਿ ਸੰਤਾਪ ਝੱਲੇ। ਉਨਾਂ ਦੇ ਸੁਪਨਿਆਂ ਦਾ ਹਿੰਦੋਸਤਾਨ ਇਕ ਇਹੋ ਜਿਹਾ ਦੇਸ਼ ਸੀ ਜਿਥੇ ਹਰ ਇਕ ਇਨਸਾਨ ਨੂੰ ਬਰਾਬਰੀ ਦਾ ਹੱਕ ਮਿਲੇ, ਸਭ ਲੋਕ ਡਰ, ਭੈਅ ਤੇ ਸ਼ੋਸ਼ਣ ਤੋਂ ਮੁਕਤ ਫਿਜ਼ਾ ਵਿਚ ਸਾਹ ਲੈ ਸਕਣ। ਸਮਾਜਿਕ ਬਰਾਬਰੀ ਇਕੋ ਇਹੋ ਜਹੀ ਸਥਿਤੀ ਹੈ ਜਿਥੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਜਾਤੀ ਵਿਤਰਕੇ ਤੋਂ ਸਮਾਨ ਅਧਿਕਾਰ, ਮੌਕੇ ਤੇ ਸਹੂਲਤਾਂ ਮਿਲਦੀਆਂ ਹਨ। ਭਾਰਤੀ ਸੰਵਿਧਾਨ ਅਨੁਸਾਰ ਸਾਰੇ ਨਾਗਰਿਕ ਬਰਾਬਰ ਹਨ ਤੇ ਕਿਸੇ ਵਿਅਕਤੀ ਨਾਲ ਧਰਮ, ਜਾਤ, ਲਿੰਗ, ਇਲਾਕੇ ਜਾਂ ਰੰਗ ਦੇ ਅਧਾਰ 'ਤੇ ਕੋਈ ਭੇਦ ਭਾਵ ਨਹੀਂ ਕੀਤਾ ਜਾ ਸਕਦਾ। ਜੇ ਇਨਾਂ ਕਾਨੂੰਨ ਤੇ ਨਿਯਮਾਂ ਨੂੰ ਜ਼ਮੀਨੀ ਪੱਧਰ ਉਪਰ ਵੇਖੀਏ ਤਾਂ ਸ਼ਾਇਦ ਹਕੀਕਤ ਇਸ ਤੋਂ ਭਿੰਨ ਨਜ਼ਰ ਆਉਂਦੀ ਹੈ।

ਭਾਰਤ ਨੂੰ ਆਜ਼ਾਦੀ ਮਿਲਿਆਂ 78 ਸਾਲ ਬੀਤ ਗਏ ਹਨ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਲੋਕਾਂ ਨੇ ਆਪਣੀ ਜਾਨਾਂ ਵਾਰੀਆਂ, ਜੇਲ੍ਹਾਂ ਕੱਟੀਆਂ, ਪਰਿਵਾਰਾਂ ਨੇ ਅਕਹਿ ਸੰਤਾਪ ਝੱਲੇ। ਉਨਾਂ ਦੇ ਸੁਪਨਿਆਂ ਦਾ ਹਿੰਦੋਸਤਾਨ ਇਕ ਇਹੋ ਜਿਹਾ ਦੇਸ਼ ਸੀ ਜਿਥੇ ਹਰ ਇਕ ਇਨਸਾਨ ਨੂੰ ਬਰਾਬਰੀ ਦਾ ਹੱਕ ਮਿਲੇ, ਸਭ ਲੋਕ ਡਰ, ਭੈਅ ਤੇ ਸ਼ੋਸ਼ਣ ਤੋਂ ਮੁਕਤ ਫਿਜ਼ਾ ਵਿਚ ਸਾਹ ਲੈ ਸਕਣ। ਸਮਾਜਿਕ ਬਰਾਬਰੀ ਇਕੋ ਇਹੋ ਜਹੀ ਸਥਿਤੀ ਹੈ ਜਿਥੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਜਾਤੀ ਵਿਤਰਕੇ ਤੋਂ ਸਮਾਨ ਅਧਿਕਾਰ, ਮੌਕੇ ਤੇ ਸਹੂਲਤਾਂ ਮਿਲਦੀਆਂ ਹਨ। ਭਾਰਤੀ ਸੰਵਿਧਾਨ ਅਨੁਸਾਰ ਸਾਰੇ ਨਾਗਰਿਕ ਬਰਾਬਰ ਹਨ ਤੇ ਕਿਸੇ ਵਿਅਕਤੀ ਨਾਲ ਧਰਮ, ਜਾਤ, ਲਿੰਗ, ਇਲਾਕੇ ਜਾਂ ਰੰਗ ਦੇ ਅਧਾਰ 'ਤੇ ਕੋਈ ਭੇਦ ਭਾਵ ਨਹੀਂ ਕੀਤਾ ਜਾ ਸਕਦਾ। ਜੇ ਇਨਾਂ ਕਾਨੂੰਨ ਤੇ ਨਿਯਮਾਂ ਨੂੰ ਜ਼ਮੀਨੀ ਪੱਧਰ ਉਪਰ ਵੇਖੀਏ ਤਾਂ ਸ਼ਾਇਦ ਹਕੀਕਤ ਇਸ ਤੋਂ ਭਿੰਨ ਨਜ਼ਰ ਆਉਂਦੀ ਹੈ।

ਬੀਤੇ 7 ਅਕਤੂਬਰ ਨੂੰ ਹਰਿਆਣਾ ਕੇਡਰ ਦੇ I P S ਅਧਿਕਾਰੀ ਵਾਈ ਪੂਰਨ ਕੁਮਾਰ ਵਲੋਂ ਖ਼ੁਦਕੁਸ਼ੀ ਕਰਨ ਦੇ ਖ਼ੌਫ਼ਨਾਕ ਕਦਮ ਨੇ ਸਭ ਨੂੰ ਝਿੰਜੋੜ ਕੇ ਰੱਖ ਦਿਤਾ ਹੈ। ਉਨਾਂ ਨੇ ਸੁਸਾਇਡ ਨੋਟ ਵਿਚ ਕੁਝ ਸਾਥੀ ਅਧਿਕਾਰੀਆਂ ਵਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦਾ ਜ਼ਿਕਰ ਕੀਤਾ ਹੈ। ਅੱਜ ਵਧੀਆ ਸਿੱਖਿਆ ਸਹੂਲਤਾਂ ਮਿਲਣ ਕਾਰਨ, ਹਰ ਖੇਤਰ ਤੇ ਹਰ ਵਰਗ ਦੇ ਬੱਚੇ ਗੁਣਵੱਤਾ ਵਾਲੀ ਉੱਚ ਵਿਦਿਆ ਪ੍ਰਾਪਤ ਕਰ ਰਹੇ ਹਨ। ਕੁਝ ਪਿਛੜੇ ਤੇ ਦਲਿਤ ਵਰਗ ਦੇ ਨੌਜਵਾਨ ਆਪਣੀ ਮਿਹਨਤ ਸਦਕਾ ਕੇੰਦਰ ਤੇ ਰਾਜ ਸਰਕਾਰਾਂ ਵਿਚ ਉੱਚੇ ਅਹੁਦੇ ਪ੍ਰਾਪਤ ਕਰ ਲੈਂਦੇ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਚਾਹੇ ਉਹ ਕਿਸੇ ਵੀ ਵੱਡੀ ਤੋਂ ਵੱਡੀ ਪਦਵੀ ਉਪਰ ਪਹੁੰਚ ਜਾਣ, ਨੀਂਵੀ ਜਾਤੀ ਦਾ ਲੇਬਲ ਤੇ ਜਾਤ ਅਧਾਰਿਤ ਵਿਤਕਰਾ ਉਨਾਂ ਦਾ ਪਿੱਛਾ ਨਹੀਂ ਛੱਡਦਾ। ਜੋ ਲੋਕ ਸਰਕਾਰੀ ਨੌਕਰੀਆਂ ਕਰ ਚੁਕੇ ਹਨ ਜਾਂ ਅਜੇ ਕਰ ਰਹੇ ਹਨ ਉਹ ਇਸ ਕੌੜੀ ਹਕੀਕਤ ਤੋਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ। ਸਾਡਾ ਦੇਸ਼, ਸਮਾਜ ਬਹੁਤ ਤੱਰਕੀ ਕਰ ਚੁਕਾ ਹੈ, ਪਰ ਜਾਤੀ ਪ੍ਰਥਾ ਹਾਲੇ ਖ਼ਤਮ ਨਹੀਂ ਹੋਈ। ਸਮਾਜਿਕ ਤਾਣੇ ਬਣੇ ਵਿਚ ਨੀਂਵੀਆਂ ਜਾਤਾਂ ਦੇ ਨੌਜਵਾਨ ਪੜ੍ਹਾਈ ਵਿਚ ਜਿੰਨੇ ਮਰਜ਼ੀ ਲਾਇਕ ਹੋਣ, ਉੱਚੀਆਂ ਡਿਗਰੀਆਂ ਲੈਕੇ ਜਿੱਡੇ ਮਰਜ਼ੀ ਵੱਡੇ ਅਹੁਦੇ ਉਪਰ ਜਾ ਬੈਠਣ, ਸਭ ਤੋਂ ਪਹਿਲਾਂ ਉਸ ਦੀ ਜਾਤ ਬਰਾਦਰੀ ਪਰਖੀ ਜਾਂਦੀ ਹੈ। A D G P ਵਾਈ. ਪੂਰਨ ਕੁਮਾਰ ਦੀ ਜੇ ਗੱਲ ਕਰੀਏ ਤਾਂ ਉਹ ਇਕ ਬਹੁਤ ਵੱਡੇ ਅਹੁਦੇ ਉਪਰ ਤਾਇਨਾਤ, ਉੱਚ ਵਿਦਿਆ ਪ੍ਰਾਪਤ, ਯੋਗ ਅਧਿਕਾਰੀ ਸਨ। ਉਨਾਂ ਦਾ ਆਪਣਾ ਪਰਿਵਾਰ ਤੇ ਉਨਾਂ ਦਾ ਸਹੁਰਾ ਪਰਿਵਾਰ ਇਕ ਰਸੂਖਦਾਰ ਤੇ ਅਫਸਰਾਂ ਦਾ ਪਰਿਵਾਰ ਹੈ। ਜੇ ਇਕ I P S ਅਧਿਕਾਰੀ ਆਪਣੇ ਉਪਰਲੇ ਅਫਸਰਾਂ ਤੇ ਸਾਥੀ ਮੁਲਾਜ਼ਮਾਂ ਦੇ ਰਵਈਏ ਤੋਂ ਪ੍ਰੇਸ਼ਾਨ ਹੋ ਕੇ ਆਪਣਾ ਜੀਵਨ ਖ਼ਤਮ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ ਤਾਂ ਦੇਸ਼ ਦੇ ਬਾਕੀ ਗਰੀਬ ਤੇ ਦਲਿਤ ਵਰਗ ਦੇ ਲੋਕਾਂ ਦਾ ਕਿ ਹਾਲ ਹੋਏਗਾ। ਸ੍ਰੀ ਪੂਰਨ ਕੁਮਾਰ ਜੀ ਦੀ ਉਮਰ ਇਸ ਵਕਤ 52 ਸਾਲ ਦੇ ਕਰੀਬ ਸੀ। ਇਸ ਉਮਰ ਵਿਚ ਇਨਸਾਨ ਵਿਚ ਸਹਿਣਸ਼ੀਲਤਾ ਆ ਜਾਂਦੀ ਹੈ ਤੇ ਪਰਿਵਾਰਕ ਜ਼ਿਮੇਵਾਰੀ ਉਪਰ ਪੂਰੀ ਤਰਾਂ ਧਿਆਨ ਕੇਂਦਰਿਤ ਹੋ ਜਾਂਦਾ ਹੈ। ਆਤਮ ਹੱਤਿਆ ਜਿਹਾ ਕਦਮ ਇੰਨਸਾਨ ਹਰ ਪਾਸਿਉਂ ਹਾਰ ਕੇ ਚੁੱਕਦਾ ਹੈ। ਇਹੋ ਜਹੀਆਂ ਖ਼ਬਰਾਂ ਗਰੀਬ ਤਬਕੇ ਦੇ ਲੋਕਾਂ ਲਈ ਕਾਫ਼ੀ ਨਿਰਾਸ਼ਾ ਜਨਕ ਹਨ।

ਭਾਵੇਂ ਵਿਦਿਆ ਦੇ ਪ੍ਰਸਾਰ ਨੇ ਸਮਾਜ ਵਿਚ ਨਵੀ ਜਾਗ੍ਰਤੀ ਲਿਆਂਦੀ ਹੈ ਪਰ ਜਾਤੀਗਤ ਵਿਤਕਰਾ ਅੱਜ ਵੀ ਜਾਰੀ ਹੈ। ਅਜ ਵੀ ਇਕ ਇਨਸਾਨ ਦੀ ਕਾਬਲੀਅਤ ਉਸ ਦੇ ਜਾਤੀ ਤੇ ਖੇਤਰ ਦੇ ਪਿਛੋਕੜ ਉਹਲੇ ਧੁੰਦਲੀ ਪੈ ਜਾਂਦੀ ਹੈ। ਭਾਵੇ ਸਰਕਾਰ ਨੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ (ਅਤਿਆਚਾਰ ਰੋਕਥਾਮ) ਐਕਟ 1989 ਵਰਗੇ ਸਖ਼ਤ ਕਾਨੂੰਨ ਬਣਾਏ ਹਨ ਪਰ ਵਿਤਕਰੇ ਤੇ ਜ਼ਿਆਦਤੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਵਾਈ ਪੂਰਨ ਕੁਮਾਰ ਵਰਗੇ ਉੱਚੇ ਅਹੁਦੇ ਤੇ ਬਿਰਾਜਮਾਨ ਅਧਿਕਾਰੀ ਜੇ ਇੰਨੇ ਤ੍ਰਿਸਕਾਰ ਤੇ ਸਮਾਜਿਕ ਪੀੜ ਦੇ ਸ਼ਿਕਾਰ ਹੋ ਰਹੇ ਹਨ ਤਾਂ ਹੇਠਲੇ ਦਰਜੇ ਦੇ ਕਰਮਚਾਰੀ ਤੇ ਆਮ ਗਰੀਬ ਲੋਕ ਆਪਣੀ ਵੇਦਨ ਕਿਸ ਨੂੰ ਸੁਣਾ ਸਕਦੇ ਹੋਣਗੇ। ਅੱਜ ਜੇ ਸਾਡੇ ਦੇਸ਼ ਵਿਚ ਕੁਝ ਲੋਕ ਅਜੇ ਵੀ ਰੂੜੀਵਾਦੀ ਵਿਚਾਰਧਾਰਾ ਅਧੀਨ ਊਚ ਨੀਚ ਵਿਚ ਯਕੀਨ ਰੱਖਦੇ ਹਨ ਤਾਂ ਇਹ ਇਕ ਬਿਮਾਰ ਮਾਨਸਿਕਤਾ ਦੀ ਨਿਸ਼ਾਂਨੀ ਹੈ।

ਸਾਡੇ ਗੁਰੂਆਂ, ਸੰਤਾਂ ਤੇ ਚਿੰਤਕਾਂ ਨੇ ਹਮੇਸ਼ਾ ਹੀ ਮਾਨਵਤਾ ਵਿਚ ਸਮਾਨਤਾ ਦਾ ਸੰਦੇਸ਼ ਦਿਤਾ ਹੈ। ਗੁਰਬਾਣੀ ਵਿਚ ਇਨਸਾਨੀ ਬਰਾਬਰੀ ਦਾ ਜ਼ਿਕਰ ਹੈ,

"ਮਾਨਸ ਕੀ ਜਾਤ ਸਬੈ ਇੱਕੋ ਪਹਿਚਾਨਬੋ"

ਸਭਨਾ ਮਨੁਖਾਂ ਦੇ ਹੱਡ-ਮਾਸ, ਨਾੜੀ ਪਿੰਜਰ ਤੇ ਸਾਰੇ ਅੰਗ ਇਕੋ ਜਹੇ ਹਨ, ਸਰੀਰ ਅੰਦਰ ਲਾਲ ਰੰਗ ਦਾ ਲਹੂ ਹੀ ਵੱਗਦਾ ਹੈ। ਉੱਤਮ ਵਰਗ, ਨੀਚ, ਜਾਤਪਾਤ ਤੇ ਛੂਤਛਾਤ ਇਕ ਵਿਸ਼ੇਸ਼ ਵਰਗ ਦੀ ਸੋਚ ਦਾ ਭੁਲੇਖਾ ਹੈ। ਅੱਜ ਦੁਨੀਆਂ ਦੇ ਬਾਕੀ ਦੇਸ਼ ਤੱਰਕੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਜੇ ਅਸੀਂ ਜਾਤ ਪਾਤ ਦੇ ਅਧਾਰ ਤੇ ਕਿਸੇ ਨਾਲ ਵਿਤਕਰਾ ਕਰਦੇ ਹਾਂ ਤਾਂ ਇਸ ਤੋਂ ਘਿਨਾਉਣਾ ਕਰਮ ਹੋਰ ਕੋਈ ਨਹੀਂ ਹੋ ਸਕਦਾ। ਜੇ ਇਹੋ ਜਹੇ ਮਾਮਲੇ ਪ੍ਰਕਾਸ਼ ਵਿਚ ਆਉਂਦੇ ਹਨ ਤਾਂ ਕਾਨੂੰਨ ਤੋਂ ਉਪਰ ਕੋਈ ਨਹੀਂ ਹੁੰਦਾ, ਦੇਰ ਸਵੇਰ ਸਜ਼ਾ ਜ਼ਰੂਰ ਮਿਲਦੀ ਹੈ। ਉੱਚ ਕੁੱਲ ਦੇ ਵਹਿਮ ਨਾਲ ਕਿਸੇ ਦੂਸਰੇ ਦਾ ਸ਼ੋਸ਼ਣ ਕਰਨਾ, ਭਾਵੇ ਕੁਝ ਲੋਕਾਂ ਨੂੰ ਉਨਾਂ ਦੇ ਸਵੈ ਹੰਕਾਰ ਨੂੰ ਸੰਤੁਸ਼ਟ ਕਰਦਾ ਹੋਵੇਗਾ, ਪਰ ਅੰਤ ਇਸ ਦਾ ਕਈ ਵਾਰ ਬਹੁਤ ਮਾੜਾ ਹੁੰਦਾ ਹੈ। ਸੋ ਆਉ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਪੰਕਤੀਆਂ ਅਨੁਸਾਰ, "ਕਾਇਮੁ ਦਾਇਮੁ ਸਦਾ ਪਾਤਿਸਾਹੀ।। ਦੋਮ ਨ ਸੇਮ ਏਕ ਸੋ ਆਹੀ।।" ਇਕ ਅਜਿਹੇ ਸਮਾਜ ਨੂੰ ਸਿਰਜਣ ਵਿਚ ਆਪਣਾ ਯੋਗਦਾਨ ਪਾਈਏ ਜਿਸ ਵਿਚ ਹਰ ਇੰਨਸਾਨ ਪੂਰੇ ਮਾਣ ਸਨਮਾਨ ਨਾਲ ਜੀ ਸਕੇ।

-ਦਵਿੰਦਰ ਕੁਮਾਰ      

- ਦਵਿੰਦਰ ਕੁਮਾਰ