ਬਜ਼ੁਰਗਾਂ ਦਾ ਸਤਕਾਰ: ਸੰਵੇਦਨਸ਼ੀਲ ਸਮਾਜ ਦੀ ਅਸਲੀ ਪਹਿਚਾਣ
ਕਿਸੇ ਵੀ ਸਮਾਜ ਦੀ ਅਸਲੀ ਪਛਾਣ ਉਸਦੀ ਇਮਾਰਤਾਂ ਦੀ ਉਚਾਈ ਜਾਂ ਤਕਨੀਕੀ ਤਰੱਕੀ ਨਾਲ ਨਹੀਂ ਹੁੰਦੀ, ਬਲਕਿ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਆਪਣੇ ਵੱਡੇ ਬਜ਼ੁਰਗਾਂ ਨਾਲ ਕਿੰਨਾ ਆਦਰ ਅਤੇ ਸਤਿਕਾਰ ਨਾਲ ਪੇਸ਼ ਆਉਂਦਾ ਹੈ। ਬਜ਼ੁਰਗ ਸਿਰਫ਼ ਆਪਣੇ ਪਰਿਵਾਰਾਂ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਉਨ੍ਹਾਂ ਦੀ ਇਹ ਅਹਿਮ ਭੂਮਿਕਾ ਹੌਲੀ-ਹੌਲੀ ਘਟਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਵੀ ਅਣਡਿੱਠਾ ਕੀਤਾ ਜਾ ਰਿਹਾ ਹੈ।
ਕਿਸੇ ਵੀ ਸਮਾਜ ਦੀ ਅਸਲੀ ਪਛਾਣ ਉਸਦੀ ਇਮਾਰਤਾਂ ਦੀ ਉਚਾਈ ਜਾਂ ਤਕਨੀਕੀ ਤਰੱਕੀ ਨਾਲ ਨਹੀਂ ਹੁੰਦੀ, ਬਲਕਿ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਆਪਣੇ ਵੱਡੇ ਬਜ਼ੁਰਗਾਂ ਨਾਲ ਕਿੰਨਾ ਆਦਰ ਅਤੇ ਸਤਿਕਾਰ ਨਾਲ ਪੇਸ਼ ਆਉਂਦਾ ਹੈ। ਬਜ਼ੁਰਗ ਸਿਰਫ਼ ਆਪਣੇ ਪਰਿਵਾਰਾਂ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਉਨ੍ਹਾਂ ਦੀ ਇਹ ਅਹਿਮ ਭੂਮਿਕਾ ਹੌਲੀ-ਹੌਲੀ ਘਟਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਵੀ ਅਣਡਿੱਠਾ ਕੀਤਾ ਜਾ ਰਿਹਾ ਹੈ।
ਪਹਿਲਾਂ ਦੇ ਸਮੇਂ ਵਿੱਚ ਸਾਂਝੇ ਪਰਿਵਾਰਕ ਪ੍ਰਣਾਲੀ ਹੁੰਦੀ ਸੀ, ਜਿੱਥੇ ਘਰ ਦੇ ਹਰ ਵੱਡੇ ਫੈਸਲੇ ਵਿੱਚ ਬਜ਼ੁਰਗਾਂ ਦੀ ਸਲਾਹ ਲਾਜ਼ਮੀ ਮੰਨੀ ਜਾਂਦੀ ਸੀ। ਉਹਨਾਂ ਦੇ ਤਜਰਬੇ ਨੂੰ ਇੱਕ ਅਜਿਹਾ ਖਜ਼ਾਨਾ ਮੰਨਿਆ ਜਾਂਦਾ ਸੀ ਜਿਸ ਤੋਂ ਹਰ ਕੋਈ ਸਿੱਖਦਾ ਸੀ। ਪਰ ਹੁਣ ਛੋਟੇ ਪਰਿਵਾਰਾਂ ਦੇ ਵਧਣ ਨਾਲ ਇਹ ਪਰੰਪਰਾ ਕਮਜ਼ੋਰ ਹੋ ਗਈ ਹੈ। ਨੌਜਵਾਨ ਪੀੜ੍ਹੀ ਆਪਣੇ ਕਰੀਅਰ ਅਤੇ ਵਿਅਸਤ ਜੀਵਨ ਵਿੱਚ ਇੰਨੀ ਮਸ਼ਰੂਫ਼ ਹੋ ਗਈ ਹੈ ਕਿ ਬਜ਼ੁਰਗਾਂ ਲਈ ਸਮਾਂ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਬਜ਼ੁਰਗ ਅਕਸਰ ਇਕੱਲੇਪਨ ਅਤੇ ਅਣਡਿੱਠੇਪਨ ਦਾ ਸ਼ਿਕਾਰ ਹੋ ਰਹੇ ਹਨ।
ਬਜ਼ੁਰਗਾਂ ਕੋਲ ਉਹ ਅਨੁਭਵ ਹੁੰਦਾ ਹੈ ਜੋ ਕਿਸੇ ਵੀ ਮੁਸ਼ਕਲ ਹਾਲਤ ਵਿੱਚ ਸਹੀ ਫੈਸਲਾ ਲੈਣ ਵਿੱਚ ਮਦਦ ਕਰ ਸਕਦਾ ਹੈ। ਉਹ ਜੀਵਨ ਦੇ ਉਤਾਰ-ਚੜ੍ਹਾਵਾਂ ਨੂੰ ਦੇਖ ਚੁੱਕੇ ਹੁੰਦੇ ਹਨ ਅਤੇ ਇਸ ਲਈ ਉਹਨਾਂ ਦੀ ਸਲਾਹ ਅਕਸਰ ਬਹੁਤ ਕੀਮਤੀ ਹੁੰਦੀ ਹੈ। ਆਧੁਨਿਕ ਯੁੱਗ ਵਿੱਚ ਟੈਕਨੋਲੋਜੀ ਨੇ ਜਿੱਥੇ ਜੀਵਨ ਨੂੰ ਆਸਾਨ ਬਣਾਇਆ ਹੈ, ਉੱਥੇ ਪੀੜ੍ਹੀਆਂ ਦੇ ਵਿਚਕਾਰ ਇੱਕ ਵੱਡਾ ਫਾਸਲਾ ਵੀ ਪੈਦਾ ਕੀਤਾ ਹੈ। ਨੌਜਵਾਨ ਡਿਜ਼ੀਟਲ ਦੁਨੀਆ ਵਿੱਚ ਰਮੇ ਹੋਏ ਹਨ, ਜਦਕਿ ਬਜ਼ੁਰਗ ਇਸ ਨਾਲ ਕਦਮ ਮਿਲਾਉਣ ਵਿੱਚ ਅਕਸਰ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਕਾਰਨ ਉਹਨਾਂ ਨੂੰ ਕਈ ਵਾਰ ਆਪਣੇ ਹੀ ਘਰ ਵਿੱਚ ਪਰਾਏਪਨ ਮਹਿਸੂਸ ਹੁੰਦਾ ਹੈ। ਇਹ ਫਾਸਲਾ ਸਿਰਫ਼ ਤਕਨੀਕੀ ਨਹੀਂ, ਸਗੋਂ ਭਾਵਨਾਤਮਕ ਵੀ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਬਜ਼ੁਰਗਾਂ ਦੀ ਸਿਹਤ ਸੰਬੰਧੀ ਚੁਣੌਤੀਆਂ ਵੀ ਅਕਸਰ ਅਣਡਿੱਠੀਆਂ ਰਹਿ ਜਾਂਦੀਆਂ ਹਨ।
ਵਧਦੀ ਉਮਰ ਨਾਲ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਵਧਦੀਆਂ ਹਨ, ਪਰ ਉਹਨਾਂ ਦੀ ਸੰਭਾਲ ਲਈ ਪਰਿਵਾਰ ਅਤੇ ਸਰਕਾਰ ਦੋਵਾਂ ਪਾਸੋਂ ਪੂਰੀ ਤਵੱਜੋ ਨਹੀਂ ਦਿੱਤੀ ਜਾਂਦੀ। ਕਈ ਵਾਰ ਉਹ ਆਪਣੀਆਂ ਲੋੜਾਂ ਬਾਰੇ ਗੱਲ ਕਰਨ ਤੋਂ ਵੀ ਹਿਚਕਚਾਉਂਦੇ ਹਨ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਉਹਨਾਂ ਨੂੰ ਬੋਝ ਸਮਝਿਆ ਜਾਵੇਗਾ। ਉਹ ਆਪਣੇ ਹੀ ਹੱਕਾਂ ਲਈ ਸੰਘਰਸ਼ ਕਰਨ ਨੂੰ ਮਜਬੂਰ ਰਹਿੰਦੇ ਹਨ, ਚਾਹੇ ਪੈਨਸ਼ਨ ਜਾਂ ਦਵਾਈਆਂ ਲਈ ਲਾਈਨਾਂ ਵਿੱਚ ਖੜ੍ਹਾ ਹੋਣਾ ਜਾਂ ਸਰਕਾਰੀ ਦਫ਼ਤਰਾਂ ਵਿੱਚ ਛੋਟੇ-ਛੋਟੇ ਕੰਮ ਲਈ ਵਾਰ-ਵਾਰ ਚੱਕਰ ਕੱਟਣਾ। ਇਹ ਸਿਰਫ਼ ਪ੍ਰਣਾਲੀ ਦੀ ਨਾਕਾਮੀ ਨਹੀਂ, ਸਗੋਂ ਸਮਾਜਕ ਸੰਵੇਦਨਸ਼ੀਲਤਾ ਦੀ ਘਾਟ ਦਾ ਵੀ ਸਾਫ਼ ਦਰਪਣ ਹੈ।
ਇਸ ਸਥਿਤੀ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸੋਚ ਵਿੱਚ ਬਦਲਾਅ ਲਿਆਉਣਾ ਜ਼ਰੂਰੀ ਹੈ। ਸਾਨੂੰ ਇਹ ਸਮਝਣਾ ਹੈ ਕਿ ਬਜ਼ੁਰਗ ਸਿਰਫ਼ ਪਰਿਵਾਰ ਦੇ ਮੈਂਬਰ ਨਹੀਂ, ਸਗੋਂ ਸਮਾਜ ਦੇ ਮਜ਼ਬੂਤ ਥੰਮ੍ਹ ਹਨ। ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਨੂੰ ਫੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਅਤੇ ਉਹਨਾਂ ਦੀ ਰਾਇ ਦਾ ਆਦਰ ਕਰਨ। ਇਹ ਨਾ ਸਿਰਫ਼ ਉਹਨਾਂ ਦੀ ਇੱਜ਼ਤ ਨੂੰ ਕਾਇਮ ਰੱਖੇਗਾ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਸੰਸਕਾਰ ਸਿਖਾਏਗਾ।
ਸਰਕਾਰ ਦੀ ਭੂਮਿਕਾ ਵੀ ਇੱਥੇ ਬਹੁਤ ਮਹੱਤਵਪੂਰਨ ਹੈ। ਬਜ਼ੁਰਗਾਂ ਲਈ ਸਿਹਤ ਸਹੂਲਤਾਂ, ਪੈਨਸ਼ਨ ਯੋਜਨਾਵਾਂ ਅਤੇ ਸੁਰੱਖਿਆ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਲਾਜ਼ਮੀ ਹੈ। ਸਿਰਫ਼ ਐਲਾਨ ਕਰਨ ਨਾਲ ਕੰਮ ਨਹੀਂ ਚੱਲੇਗਾ, ਸਗੋਂ ਉਹਨਾਂ ਨੂੰ ਯਕੀਨੀ ਵੀ ਬਣਾਈ ਜਾਵੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਐਸੇ ਕਮਿਊਨਿਟੀ ਸੈਂਟਰ ਬਣਾਏ ਜਾਣ ਜਿੱਥੇ ਬਜ਼ੁਰਗ ਇਕੱਠੇ ਹੋ ਕੇ ਆਪਣਾ ਸਮਾਂ ਬਿਤਾ ਸਕਣ, ਆਪਣਾ ਅਨੁਭਵ ਸਾਂਝਾ ਕਰ ਸਕਣ ਅਤੇ ਆਪਣੇ ਆਪ ਨੂੰ ਸਮਾਜ ਨਾਲ ਜੁੜਿਆ ਮਹਿਸੂਸ ਕਰ ਸਕਣ। ਇਸ ਦੇ ਨਾਲ ਨਾਲ, ਸਿੱਖਿਆ ਪ੍ਰਣਾਲੀ ਵਿੱਚ ਵੀ ਐਸੇ ਉਪਰਾਲੇ ਕਰਨ ਦੀ ਲੋੜ ਹੈ ਜੋ ਪੀੜ੍ਹੀਆਂ ਦੇ ਵਿਚਕਾਰ ਸੰਵਾਦ ਨੂੰ ਵਧਾਉਣ। ਜੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਮੇਲਜੋਲ ਕਰਨ ਦੇ ਮੌਕੇ ਦਿੱਤੇ ਜਾਣ, ਤਾਂ ਉਹਨਾਂ ਵਿੱਚ ਸੰਵੇਦਨਸ਼ੀਲਤਾ ਅਤੇ ਸਤਿਕਾਰ ਦੀ ਭਾਵਨਾ ਵਧ ਸਕਦੀ ਹੈ। ਇਹ ਸਿਰਫ਼ ਬਜ਼ੁਰਗਾਂ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਲਾਭਕਾਰੀ ਹੋਵੇਗਾ।
ਅੱਜ ਦੇ ਸਮੇਂ ਵਿੱਚ ਜਿੱਥੇ ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ, ਉੱਥੇ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਮੁੱਲਾਂ ਨੂੰ ਨਾ ਭੁੱਲੀਏ। ਬਜ਼ੁਰਗਾਂ ਦੀ ਇੱਜ਼ਤ ਕਰਨਾ ਸਿਰਫ਼ ਇੱਕ ਰਿਵਾਜ ਨਹੀਂ, ਸਗੋਂ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ। ਜੇ ਅਸੀਂ ਉਨ੍ਹਾਂ ਦੀ ਭੂਮਿਕਾ ਨੂੰ ਅਣਡਿੱਠਾ ਕਰਦੇ ਰਹੇ, ਤਾਂ ਅਸੀਂ ਨਾ ਸਿਰਫ਼ ਆਪਣੀ ਪਰੰਪਰਾ ਨੂੰ ਗੁਆ ਬੈਠਾਂਗੇ, ਸਗੋਂ ਇੱਕ ਸੰਤੁਲਿਤ ਸਮਾਜ ਬਣਾਉਣ ਦੀ ਸਮਰੱਥਾ ਵੀ ਖੋ ਬੈਠਾਂਗੇ।
ਇਹ ਕਹਿਣਾ ਗਲਤ ਨਹੀਂ ਕਿ ਬਜ਼ੁਰਗ ਸਾਡੇ ਸਮਾਜ ਦੇ ਗਿਆਨ ਦੇ ਰੱਖਵਾਲੇ ਹਨ। ਉਹਨਾਂ ਦੀ ਸਲਾਹ, ਉਹਨਾਂ ਦਾ ਸਤਿਕਾਰ ਅਤੇ ਉਹਨਾਂ ਦਾ ਅਨੁਭਵ ਸਾਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਜੇ ਅਸੀਂ ਸੱਚਮੁੱਚ ਇੱਕ ਸੰਵੇਦਨਸ਼ੀਲ ਅਤੇ ਮਜ਼ਬੂਤ ਸਮਾਜ ਬਣਾਉਣਾ ਚਾਹੁੰਦੇ ਹਾਂ, ਤਾਂ ਬਜ਼ੁਰਗਾਂ ਦੀ ਇੱਜ਼ਤ ਅਤੇ ਭੂਮਿਕਾ ਨੂੰ ਮੁੜ ਸਥਾਪਿਤ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਸਿਰਫ਼ ਸਾਡੇ ਅਤੀਤ ਦੀ ਯਾਦ ਨਹੀਂ, ਸਗੋਂ ਸਾਡੇ ਭਵਿੱਖ ਦੀ ਵੀ ਬੁਨਿਆਦ ਹਨ।
- ਦਵਿੰਦਰ ਕੁਮਾਰ