ਵਿਕਾਸ ਦੀ ਦੌੜ ਵਿੱਚ ਕੁਦਰਤ ਦੀ ਅਣਦੇਖੀ

ਵਾਤਾਵਰਣ ਮਨੁੱਖੀ ਜੀਵਨ ਦੀ ਮੂਲ ਆਧਾਰਸ਼ਿਲਾ ਹੈ। ਹਵਾ, ਪਾਣੀ, ਮਿੱਟੀ ਅਤੇ ਜੰਗਲ ਮਨੁੱਖੀ ਸਭਿਆਚਾਰ ਦੇ ਅਜਿਹੇ ਅੰਗ ਹਨ ਜਿਨ੍ਹਾਂ ਦੇ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਕੁਦਰਤੀ ਸਰੋਤ ਸਦੀਆਂ ਤੋਂ ਮਨੁੱਖੀ ਸਮਾਜ ਨੂੰ ਬਿਨਾਂ ਕਿਸੇ ਸ਼ਰਤ ਦੇ ਸਹਾਰਾ ਦਿੰਦੇ ਆ ਰਹੇ ਹਨ। ਕੁਦਰਤ ਆਪਣੀ ਇੱਕ ਨਿਯਮਤ ਪ੍ਰਕਿਰਿਆ ਅਨੁਸਾਰ ਕੰਮ ਕਰਦੀ ਹੈ, ਜਿਸ ਵਿੱਚ ਸੰਤੁਲਨ, ਧੀਰਜ ਅਤੇ ਨਵੀਕਰਨ ਦੀ ਸਮਰੱਥਾ ਸ਼ਾਮਲ ਹੈ।

ਵਾਤਾਵਰਣ ਮਨੁੱਖੀ ਜੀਵਨ ਦੀ ਮੂਲ ਆਧਾਰਸ਼ਿਲਾ ਹੈ। ਹਵਾ, ਪਾਣੀ, ਮਿੱਟੀ ਅਤੇ ਜੰਗਲ ਮਨੁੱਖੀ ਸਭਿਆਚਾਰ ਦੇ ਅਜਿਹੇ ਅੰਗ ਹਨ ਜਿਨ੍ਹਾਂ ਦੇ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਕੁਦਰਤੀ ਸਰੋਤ ਸਦੀਆਂ ਤੋਂ ਮਨੁੱਖੀ ਸਮਾਜ ਨੂੰ ਬਿਨਾਂ ਕਿਸੇ ਸ਼ਰਤ ਦੇ ਸਹਾਰਾ ਦਿੰਦੇ ਆ ਰਹੇ ਹਨ। ਕੁਦਰਤ ਆਪਣੀ ਇੱਕ ਨਿਯਮਤ ਪ੍ਰਕਿਰਿਆ ਅਨੁਸਾਰ ਕੰਮ ਕਰਦੀ ਹੈ, ਜਿਸ ਵਿੱਚ ਸੰਤੁਲਨ, ਧੀਰਜ ਅਤੇ ਨਵੀਕਰਨ ਦੀ ਸਮਰੱਥਾ ਸ਼ਾਮਲ ਹੈ। 
ਪਰ ਜਦੋਂ ਮਨੁੱਖ ਆਪਣੇ ਆਪ ਨੂੰ ਇਸ ਪ੍ਰਕਿਰਿਆ ਤੋਂ ਉਪਰ ਸਮਝਣ ਲੱਗਦਾ ਹੈ ਅਤੇ ਲਾਲਚ ਲਈ ਕੁਦਰਤੀ ਸੰਤੁਲਨ ਨਾਲ ਛੇੜਛਾੜ ਕਰਦਾ ਹੈ, ਤਾਂ ਨਤੀਜੇ ਲੰਮੇ ਸਮੇਂ ਤੱਕ ਭੁਗਤਣੇ ਪੈਂਦੇ ਹਨ। ਅਕਸਰ ਇਹ ਨੁਕਸਾਨ ਜਲਦੀ ਨਜ਼ਰ ਨਹੀਂ ਆਉਂਦਾ, ਪਰ ਸਮੇਂ ਦੇ ਨਾਲ ਇਹ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਨ ਲੱਗਦਾ ਹੈ। ਅੱਜ ਵਾਤਾਵਰਣ ਸਿਰਫ਼ ਇਕ ਵਿਚਾਰਧਾਰਾ ਦਾ ਮੁੱਦਾ ਨਹੀਂ, ਬਲਕਿ ਮਨੁੱਖੀ ਹੋਂਦ ਨਾਲ ਜੁੜੀ ਇੱਕ ਹਕੀਕਤ ਬਣ ਚੁੱਕਾ ਹੈ, ਜਿਸ ਤੋਂ ਮੂੰਹ ਮੋੜਨਾ ਹੁਣ ਸੰਭਵ ਨਹੀਂ।
ਆਧੁਨਿਕ ਯੁੱਗ ਵਿੱਚ ਵਿਕਾਸ ਨੂੰ ਅਕਸਰ ਤੇਜ਼ੀ, ਵਾਧੇ ਅਤੇ ਭੌਤਿਕ ਮਾਪਦੰਡਾਂ ਨਾਲ ਤੋਲਿਆ ਜਾਂਦਾ ਹੈ। ਵੱਡੇ ਢਾਂਚਾਗਤ ਪ੍ਰੋਜੈਕਟ, ਉਦਯੋਗੀ ਫੈਲਾਅ ਅਤੇ ਸ਼ਹਿਰੀ ਵਿਸਤਾਰ ਨੂੰ ਤਰੱਕੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਦੌੜ ਵਿੱਚ ਇਹ ਗੱਲ ਪਿੱਛੇ ਰਹਿ ਜਾਂਦੀ ਹੈ ਕਿ ਇਹ ਸਭ ਕੁਝ ਕਿਸ ਕੀਮਤ ‘ਤੇ ਹੋ ਰਿਹਾ ਹੈ। ਜੰਗਲਾਂ ਦੀ ਕਟਾਈ, ਪਾਣੀ ਅਤੇ ਹਵਾ ਦਾ ਪ੍ਰਦੂਸ਼ਣ, ਕੁਦਰਤੀ ਸਰੋਤਾਂ ਦੀ ਬੇਹਿਸਾਬ ਦੁਰਵਰਤੋਂ ਅਤੇ ਜੈਵਿਕ ਵਿਭਿੰਨਤਾ ਵਿੱਚ ਆ ਰਹੀ ਕਮੀ, ਅਕਸਰ ਵਿਕਾਸ ਦੇ ਪ੍ਰਤੱਖ ਨਤੀਜੇ ਮੰਨ ਲਏ ਜਾਂਦੇ ਹਨ। 
ਪਰ ਅਸਲ ਸਵਾਲ ਇਹ ਹੈ ਕਿ ਅਜਿਹਾ ਵਿਕਾਸ, ਜੋ ਆਪਣੇ ਹੀ ਆਧਾਰ ਨੂੰ ਕਮਜ਼ੋਰ ਕਰ ਦੇਵੇ, ਸੱਚਮੁੱਚ ਤਰੱਕੀ ਕਹਲਾਉਣ ਦੇ ਯੋਗ ਹੈ ਜਾਂ ਨਹੀਂ। ਜਦੋਂ ਨੀਤੀਆਂ ਛੋਟੇ ਸਮੇਂ ਦੇ ਲਾਭਾਂ ਨੂੰ ਤਰਜੀਹ ਦਿੰਦੀਆਂ ਹਨ ਅਤੇ ਲੰਮੇ ਸਮੇਂ ਦੇ ਪ੍ਰਭਾਵਾਂ ਨੂੰ ਅਣਗੌਲਿਆ ਕਰਦੀਆਂ  ਹਨ, ਤਾਂ ਸਮਾਜ ਨੂੰ ਉਸ ਦੀ ਭਾਰੀ ਕੀਮਤ ਚੁਕਾਣੀ ਪੈਂਦੀ ਹੈ। ਵਿਕਾਸ ਦਾ ਮਤਲਬ ਸਿਰਫ਼ ਬਣਾਉਣਾ ਨਹੀਂ, ਸਗੋਂ ਸੰਭਾਲ ਕੇ ਅੱਗੇ ਵਧਣਾ ਵੀ ਹੋਣਾ ਚਾਹੀਦਾ ਹੈ।
ਕਾਇਨਾਤ ਵਿਚ ਵਿਗਾੜ ਦੇ ਪ੍ਰਭਾਵ ਹੁਣ ਸਿਰਫ਼ ਅਕਾਦਮਿਕ ਚਰਚਾਵਾਂ ਜਾਂ ਰਿਪੋਰਟਾਂ ਤੱਕ ਸੀਮਿਤ ਨਹੀਂ ਰਹੇ। ਸਾਫ਼ ਹਵਾ ਦੀ ਘਾਟ, ਪੀਣਯੋਗ ਪਾਣੀ ਦੀ ਕਮੀ, ਮੌਸਮ ਵਿੱਚ ਅਸਥਿਰਤਾ ਅਤੇ ਤਾਪਮਾਨ ਵਿੱਚ ਆ ਰਹੇ ਅਚਾਨਕ ਬਦਲਾਅ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ। ਇਹ ਬਦਲਾਵ ਸਿਰਫ਼ ਮੁਸ਼ਕਿਲਾਂ ਹੀ ਨਹੀਂ ਪੈਦਾ ਕਰਦੇ, ਸਗੋਂ ਮਨੁੱਖੀ ਸਿਹਤ, ਖੇਤੀਬਾੜੀ ਅਤੇ ਜੀਵਨ ਜੀਉਣ ਦੇ ਸਾਧਨਾਂ ‘ਤੇ ਡੂੰਘਾ ਅਸਰ ਛੱਡਦੇ ਹਨ।
 ਇਸ ਸਥਿਤੀ ਵਿੱਚ ਸਭ ਤੋਂ ਵੱਧ ਨੁਕਸਾਨ ਉਹਨਾਂ ਵਰਗਾਂ ਨੂੰ ਝੱਲਣਾ ਹੁੰਦਾ ਹੈ ਜੋ ਪਹਿਲਾਂ ਹੀ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਮਜ਼ੋਰ ਹੁੰਦੇ ਹਨ। ਜਦੋਂ ਪਾਣੀ ਘੱਟ ਹੁੰਦਾ ਹੈ ਜਾਂ ਮੌਸਮ ਅਸਥਿਰ ਬਣ ਜਾਂਦਾ ਹੈ, ਤਾਂ ਇਹ ਅਸਮਾਨਤਾਵਾਂ ਹੋਰ ਵਧ ਜਾਂਦੀਆਂ ਹਨ। ਇਸ ਤਰ੍ਹਾਂ ਵਾਤਾਵਰਣ ਦਾ ਸੰਕਟ ਸਿਰਫ਼ ਕੁਦਰਤ ਨਾਲ ਨਹੀਂ, ਸਗੋਂ ਸਮਾਜਿਕ ਨਿਆਂ ਅਤੇ ਗ਼ੈਰ-ਬਰਾਬਰੀ ਨਾਲ ਵੀ ਜੁੜ ਜਾਂਦਾ ਹੈ।
ਅਕਸਰ ਇਹ ਸਮੱਸਿਆਵਾਂ ਕੁਦਰਤੀ ਆਫ਼ਤਾਂ ਕਹਿ ਕੇ ਟਾਲ ਦਿੱਤੀਆਂ ਜਾਂਦੀਆਂ ਹਨ, ਪਰ ਹਕੀਕਤ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਗਲਤ ਮਨੁੱਖੀ ਫੈਸਲਿਆਂ ਦਾ ਨਤੀਜਾ ਹੁੰਦੀਆਂ ਹਨ। ਬਿਨਾਂ ਵਿਗਿਆਨਕ ਯੋਜਨਾ ਦੇ ਕੀਤੀ ਗਈ ਦਖ਼ਲਅੰਦਾਜ਼ੀ, ਨੀਤੀਆਂ ਦੀ ਕਮਜ਼ੋਰ ਅਮਲੀ ਅਤੇ ਨਿਗਰਾਨੀ ਦੀ ਘਾਟ ਨੇ ਕੁਦਰਤ ਦੇ ਸੰਕਟ ਨੂੰ ਹੋਰ ਗੰਭੀਰ ਬਣਾਇਆ ਹੈ। ਕਾਨੂੰਨ ਅਤੇ ਨਿਯਮ ਮੌਜੂਦ ਹੋਣ ਦੇ ਬਾਵਜੂਦ ਜਦੋਂ ਧਰਾਤਲ ‘ਤੇ ਉਨ੍ਹਾਂ ਦੀ ਪਾਲਣਾ ਨਹੀਂ ਹੁੰਦੀ, ਤਾਂ ਕੁਦਰਤ ਸਭ ਤੋਂ ਵਧ ਨੁਕਸਾਨ ਝੱਲਦੀ ਹੈ।
 ਜ਼ਿੰਮੇਵਾਰੀ ਅਕਸਰ ਵੱਖ ਵੱਖ ਪੱਧਰਾਂ ਵਿਚ ਵੰਡ ਜਾਂਦੀ ਹੈ ਅਤੇ ਨਤੀਜੇ ਵਜੋਂ ਕੋਈ ਵੀ ਸਿੱਧੀ ਤੌਰ ‘ਤੇ ਜਵਾਬਦੇਹ ਨਹੀਂ ਬਣਦਾ। ਇਸ ਤਰਾਂ ਲੋਕਾਂ ਦਾ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਅਤੇ ਵਾਤਾਵਰਣ ਸੁਰੱਖਿਆ ਸਿਰਫ਼ ਦਸਤਾਵੇਜ਼ਾਂ ਤੱਕ ਸੀਮਿਤ ਰਹਿ ਜਾਂਦੀ ਹੈ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਵਾਤਾਵਰਣ ਸੁਰੱਖਿਆ ਨੂੰ ਕਿਸੇ ਇੱਕ ਸੰਸਥਾ ਜਾਂ ਸਰਕਾਰ ਦੀ ਜ਼ਿੰਮੇਵਾਰੀ ਕਹਿ ਕੇ ਛੱਡਿਆ ਨਹੀਂ ਜਾ ਸਕਦਾ। ਵਿਅਕਤੀਗਤ ਵਰਤਾਓ, ਸਮਾਜਿਕ ਸੋਚ ਅਤੇ ਨੀਤੀਗਤ ਫੈਸਲੇ ਆਪਸ ਵਿੱਚ ਡੂੰਘੇ ਤੌਰ ‘ਤੇ ਜੁੜੇ ਹੋਏ ਹਨ। 
ਜਦੋਂ ਵਿਅਕਤੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਿੰਮੇਵਾਰ ਚੋਣਾਂ ਕਰਦਾ ਹੈ ਅਤੇ ਸਮਾਜ ਉਨ੍ਹਾਂ ਚੋਣਾਂ ਨੂੰ ਮਹੱਤਵ ਦਿੰਦਾ ਹੈ, ਤਦ ਹੀ ਨੀਤੀਆਂ ਵੀ ਉਸੇ ਦਿਸ਼ਾ ਵਿੱਚ ਅੱਗੇ ਵਧਦੀਆਂ ਹਨ। ਵਾਤਾਵਰਣ ਸੁਰੱਖਿਆ ਲਈ ਜਾਗਰੂਕਤਾ ਸਿਰਫ਼ ਪ੍ਰਤੀਕਾਤਮਕ ਕਾਰਵਾਈਆਂ ਜਾਂ ਵਿਸ਼ੇਸ਼ ਦਿਨਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਇਹ ਇੱਕ ਲਗਾਤਾਰ ਜਾਰੀ ਪ੍ਰਕਿਰਿਆ ਹੋਣੀ ਚਾਹੀਦੀ ਹੈ, ਜੋ ਸਿੱਖਿਆ, ਸਮਾਜਿਕ ਚਰਚਾ ਅਤੇ ਜਨ ਭਾਗੀਦਾਰੀ ਰਾਹੀਂ ਮਜ਼ਬੂਤ ਬਣੇ। ਬਿਨਾਂ ਸਾਂਝੀ ਹਿੱਸੇਦਾਰੀ ਦੇ ਕੋਈ ਵੀ ਯਤਨ ਲੰਮੇ ਸਮੇਂ ਤੱਕ ਟਿਕਾਉ ਨਹੀਂ ਹੋ ਸਕਦਾ।
ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੰਤੁਲਿਤ ਵਿਕਾਸ ਕੋਈ ਰੁਕਾਵਟ ਨਹੀਂ, ਸਗੋਂ ਭਵਿੱਖ ਦੀ ਮਜ਼ਬੂਤ ਬੁਨਿਆਦ ਹੈ। ਕੁਦਰਤ ਨਾਲ ਟਕਰਾਅ ਕਰਕੇ ਹਾਸਲ ਕੀਤੀ ਤਰੱਕੀ ਅਸਥਾਈ ਹੁੰਦੀ ਹੈ ਅਤੇ ਅਕਸਰ ਆਪਣੇ ਨਾਲ ਨਵੇਂ ਸੰਕਟ ਲਿਆਉਂਦੀ ਹੈ। ਇਸਦੇ ਉਲਟ, ਸੰਤੁਲਨ ਅਤੇ ਸਾਂਝ ‘ਤੇ ਅਧਾਰਿਤ ਵਿਕਾਸ ਲੰਮੇ ਸਮੇਂ ਤੱਕ ਸਮਾਜ ਨੂੰ ਸਥਿਰਤਾ ਅਤੇ ਸੁਰੱਖਿਆ ਦਿੰਦਾ ਹੈ। ਵਾਤਾਵਰਣ ਦੀ ਰੱਖਿਆ ਕਿਸੇ ਇੱਕ ਪੀੜ੍ਹੀ ਦੀ ਜ਼ਿੰਮੇਵਾਰੀ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਤਾ ਗਿਆ ਨਿਵੇਸ਼ ਹੈ। ਜਦੋਂ ਇਹ ਸੱਚ ਸਮਾਜਿਕ ਸੋਚ ਦਾ ਅਟੁੱਟ ਹਿੱਸਾ ਬਣਦਾ ਹੈ, ਤਦ ਹੀ ਤਰੱਕੀ ਦਾ ਅਰਥ ਸਾਕਾਰ ਹੁੰਦਾ ਹੈ ਅਤੇ ਮਨੁੱਖੀ ਭਵਿੱਖ ਸੱਚੇ ਅਰਥਾਂ ਵਿੱਚ ਸੁਰੱਖਿਅਤ ਬਣ ਸਕਦਾ ਹੈ।

- ਦਵਿੰਦਰ ਕੁਮਾਰ

- ਦਵਿੰਦਰ ਕੁਮਾਰ