ਸ਼ਬਦਾਂ ਜਾਂ ਭਾਸ਼ਾ ਦੀ ਮਰਿਯਾਦਾ

ਸਾਡੀ ਬੋਲ ਚਾਲ ਜਾਂ ਭਾਸ਼ਾ ਸਾਡੇ ਵਿਅਕਤੀਤਵ ਦਾ ਪ੍ਰਤੀਬਿੰਬ ਹੁੰਦੀ ਹੈ। ਇਸ ਵਿਚ ਇੰਨਸਾਨ ਦੇ ਸੰਸਕਾਰ ਛੁਪੇ ਹੁੰਦੇ ਹਨ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸ਼ਬਦਾਂ ਦੀ ਚੋਣ ਸਹੀ ਹੋਣੀ ਚਾਹੀਦੀ ਹੈ। ਕਈ ਵਾਰ ਭਾਵਨਾਵਾਂ ਦੇ ਵੇਗ ਵਿਚ ਕਿਸੇ ਨੂੰ ਕਹੇ ਗਏ ਬੋਲ ਚਿਰਾਂ ਪੁਰਾਣੇ ਰਿਸ਼ਤੇ ਵਿਗਾੜ ਕੇ ਰੱਖ ਦਿੰਦੇ ਹਨ। ਕਿਸੇ ਨੇ ਸਹੀ ਕਿਹਾ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ। ਬਿਨਾਂ ਸੋਚੇ ਸਮਝੇ ਜਨਤਕ ਇਕੱਠਾਂ ਵਿਚ ਜਾਰੀ ਕੀਤੇ ਗਏ ਬਿਆਨ ਜਾਂ ਗੱਲਾਂ ਬਹੁਤ ਵਾਰ ਬੋਲਣ ਵਾਲੇ ਲਈ ਵੱਡੀ ਮੁਸੀਬਤ ਦਾ ਸਬੱਬ ਬਣ ਜਾਂਦੀਆਂ ਹਨ।

ਸਾਡੀ ਬੋਲ ਚਾਲ ਜਾਂ ਭਾਸ਼ਾ ਸਾਡੇ ਵਿਅਕਤੀਤਵ ਦਾ ਪ੍ਰਤੀਬਿੰਬ ਹੁੰਦੀ ਹੈ। ਇਸ ਵਿਚ ਇੰਨਸਾਨ ਦੇ ਸੰਸਕਾਰ ਛੁਪੇ ਹੁੰਦੇ ਹਨ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸ਼ਬਦਾਂ ਦੀ ਚੋਣ ਸਹੀ ਹੋਣੀ ਚਾਹੀਦੀ ਹੈ। ਕਈ ਵਾਰ ਭਾਵਨਾਵਾਂ ਦੇ ਵੇਗ ਵਿਚ ਕਿਸੇ ਨੂੰ ਕਹੇ ਗਏ ਬੋਲ ਚਿਰਾਂ ਪੁਰਾਣੇ ਰਿਸ਼ਤੇ ਵਿਗਾੜ ਕੇ ਰੱਖ ਦਿੰਦੇ ਹਨ। ਕਿਸੇ ਨੇ ਸਹੀ ਕਿਹਾ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ। ਬਿਨਾਂ ਸੋਚੇ ਸਮਝੇ ਜਨਤਕ ਇਕੱਠਾਂ ਵਿਚ ਜਾਰੀ ਕੀਤੇ ਗਏ ਬਿਆਨ ਜਾਂ ਗੱਲਾਂ ਬਹੁਤ ਵਾਰ ਬੋਲਣ ਵਾਲੇ ਲਈ ਵੱਡੀ ਮੁਸੀਬਤ ਦਾ ਸਬੱਬ ਬਣ ਜਾਂਦੀਆਂ ਹਨ।
 ਇਨੀਂ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਸ੍ਰੀ ਬੂਟਾ ਸਿੰਘ ਜੀ ਬਾਰੇ ਤਰਨਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਸਮੋਂ ਕਹੇ ਗਏ ਸ਼ਬਦ, ਪ੍ਰਧਾਨ ਸਾਹਿਬ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਹਰ ਪਾਸਿਉਂ ਰਾਜਾ ਵੜਿੰਗ ਦੇ ਬਿਆਨ ਦੀ ਨਿਖੇਧੀ ਹੋ ਰਹੀ ਹੈ। ਮੌਕਾ ਚੋਣਾਂ ਦਾ ਹੈ ਤੇ ਇਸ ਵੇਲੇ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਉਨਾਂ ਦੇ ਇਸ ਬਿਆਨ ਨੂੰ ਇਕ ਵੱਡੇ ਵੋਟ ਬੈਂਕ ਨੂੰ ਆਪਣੇ ਵਲ ਖਿੱਚਣ ਲਈ ਵਰਤ ਰਹੀਆਂ ਹਨ।
ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਰਾਜਨੀਤੀ ਨਾਲ ਜੁੜੇ ਕਿਸੇ ਵਿਅਕਤੀ ਨੇ ਸ਼ਬਦਾਂ ਦੀ ਮਰਿਯਾਦਾ ਲੰਘੀ ਹੋਵੇ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਕਿੱਸੇ ਹੋ ਚੁੱਕੇ ਹਨ। ਇਸ ਤਰਾਂ ਦੇ ਵਿਵਾਦ ਪੂਰਕ ਬਿਆਨ ਦੇਣ ਤੋਂ ਬਾਦ ਹਮੇਸ਼ਾ ਦੀ ਤਰਾਂ ਸਾਰੇ ਦੇਸ਼ੀ ਵਿਅਕਤੀ ਇਕ ਰਟੀ ਰਟਾਈ ਗਲ ਕਹਿ ਕੇ ਬਚਣ ਦੀ ਕੋਸ਼ਿਸ਼ ਕਰਦੇ ਹਨ ਜਾਂ ਬਿਲਕੁਲ ਸਾਫ਼ ਪਾਕ ਬਚ ਵੀ ਜਾਂਦੇ ਹਨ, ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਮੇਰੀ ਗਲ ਦਾ ਗ਼ਲਤ ਮਤਲਬ ਕੱਢਿਆ ਜਾ ਰਿਹਾ ਹੈ ਜਾਂ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। 
ਆਮ ਤੌਰ ਤੇ ਇਹ ਧਾਰਨਾ ਹੈ ਕਿ ਇਕੱਠ ਨੂੰ ਜੋ ਆਦਮੀ ਸੰਬੋਧਨ ਕਰ ਰਿਹਾ ਹੋਵੇ ਉਸ ਨੂੰ ਭੀੜ ਤੋਂ ਅਲੱਗ, ਵਿਲੱਖਣ ਸੋਚ ਅਤੇ ਚੰਗੀ ਸੂਝ ਬੂਝ ਵਾਲਾ ਮਨੁੱਖ ਸਮਝਿਆ ਜਾਂਦਾ ਹੈ। ਇਕੱਠ ਵਿਚ ਮੌਜੂਦ ਸਰੋਤੇ ਅਤੇ ਆਮ ਜਨਤਾ ਉਨਾਂ ਦੀਆਂ ਗੱਲਾਂ ਤੋਂ ਪ੍ਰੇਰਨਾ ਲੈਂਦੇ ਹੈ, ਸੱਚ ਮੁਚ ਲੋਕ ਉਨਾਂ ਨੂੰ ਆਪਣਾ ਮਾਰਗ ਦਰਸ਼ਕ ਮੰਨਦੀ ਹੈ। ਪਰੰਤੂ ਇਹ ਕਿਹੋ ਜਹੀ ਮਾਨਸਿਕਤਾ ਹੈ ਕਿ ਤੁਸੀਂ ਹਰ ਵਰਗ ਦੀਆਂ ਵੋਟਾਂ ਲੈਕੇ, ਲੋਕਤੰਤਰ ਦੇ ਮੰਦਰ- ਵਿਧਾਨ ਸਭਾ ਜਾਂ ਲੋਕ ਸਭ ਵਿਚ ਪਹੁੰਚਦੇ ਹੋ ਤੇ ਫਿਰ ਸਸਤੀ ਸ਼ੋਹਰਤ ਜਾਂ ਕੁਝ ਲੋਕਾਂ ਦੀ ਅਧਾਰ ਹੀਣ ਵਾਹ ਵਾਹੀ ਲਈ ਕਿਸੇ ਵਿਸ਼ੇਸ਼ ਵਰਗ ਦਾ ਮਜ਼ਾਕ ਉਡਾਉਂਦੇ ਹੋ। ਇਹ ਸ਼ਾਇਦ ਇਕ ਸਾਡੇ ਦੇਸ਼ ਦੀ ਵੱਡੀ ਸਮੱਸਿਆ ਹੈ ਕਿ ਅਸੀਂ ਕਈ ਵਾਰ ਆਪਣੇ ਨੇਤਾ ਚੁਣ ਕੇ ਪਛਤਾਉਂਦੇ ਹਾਂ।
ਲੋਕੀਂ ਆਪਣੇ ਨੇਤਾ ਵਿਚ ਅਸਰਦਾਰ ਸੰਚਾਰ, ਟੀਮ ਨੂੰ ਪ੍ਰੇਰਿਤ ਕਰਨ ਦੀ ਯੋਗਤਾ, ਨੈਤਿਕਤਾ, ਇਮਾਨਦਾਰੀ ਅਤੇ ਸਹੀ ਮਾਰਗਦਰਸ਼ਨ ਦੇ ਗੁਣ ਤਲਾਸ਼ਦੇ ਹਨ। ਲੋਕਾਂ ਦੀ ਯੋਗ ਅਗਵਾਈ ਲਈ ਇਕ ਨੇਤਾ ਕੋਲ ਭਵਿਖ ਲਈ ਇਕ ਸਪਸ਼ਟ ਦਿਸ਼ਟੀਕੋਣ ਹੋਣਾ ਚਾਹੀਦਾ ਹੈ। ਸਭ ਲੋਕਾਂ ਪ੍ਰਤੀ ਬਿਨਾਂ ਕਿਸੇ ਜਾਤੀ ਵਿਤਰਕੇ ਤੋਂ ਸੇਵਾ ਅਤੇ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ। ਇਕ ਸੁਯੋਗ ਨੇਤਾ ਦਾ ਮਹੱਤਵ ਪੂਰਣ ਗੁਣ ਸਮਾਜਿਕ ਏਕਤਾ ਅਤੇ ਆਪਸੀ ਸਦਭਾਵਨਾ ਲਈ ਨਿਰੰਤਰ ਯਤਨਸ਼ੀਲ ਰਹਿਣਾ ਹੁੰਦਾ ਹੈ। ਇਕ ਸੱਚਾ ਆਗੂ ਕਦੇ ਵੀ ਸਿੱਖਣਾ ਬੰਦ ਨਹੀਂ ਕਰਦਾ ਅਤੇ ਆਪਣੀਆਂ ਕਾਮਯਾਬੀਆਂ ਅਤੇ ਗ਼ਲਤੀਆਂ ਤੋਂ ਹਮੇਸ਼ਾ ਸਬਕ ਲੈਂਦਾ ਹੈ।
 ਗ਼ਲਤ ਬਿਆਨ ਬਾਜ਼ੀ ਕਿਸੇ ਖਾਸ ਰਾਜਨੀਤਿਕ ਦਲ ਦੇ ਆਗੂਆਂ ਤੱਕ ਸੀਮਿਤ ਨਹੀਂ ਹੁੰਦੀ ਜਾਂ ਕਿਸੇ ਖਾਸ ਜਾਤ, ਵਰਗ, ਜਾਂ ਖ਼ਾਸ ਕਿੱਤੇ ਨਾਲ ਜੁੜੇ ਲੋਕਾਂ ਬਾਰੇ ਨਹੀਂ ਹੁੰਦੀ। ਕਈ ਵਾਰ ਇਹ ਵੀ ਵੇਖਣ ਵਿਚ ਆਇਆ ਹੈ ਕਿ ਰਾਜਨੀਤਿਕ ਪ੍ਰਤੀਨਿਧ ਸਾਡੀਆਂ ਸੈਨਾਵਾਂ ਦੇ ਅਫਸਰਾਂ ਜਾਂ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਬਾਰੇ ਵੀ ਗ਼ਲਤ ਬੋਲ ਜਾਂਦੇ ਹਨ। ਇਸ ਵਰਤਾਰੇ ਨੂੰ ਉਨਾਂ ਦਾ ਹੰਕਾਰ ਜਾਂ ਮੂੜ ਮੱਤ ਹੀ ਕਿਹਾ ਜਾ ਸਕਦਾ ਹੈ। ਬਾਅਦ ਵਿਚ ਮੁਆਫੀ ਮੰਗਣੀਆਂ ਪੈਂਦੀਆਂ ਹਨ ਜਾਂ ਅਦਾਲਤਾਂ ਵਿਚ ਪੇਸ਼ ਹੋਣਾ ਪੈਂਦਾ ਹੈ।
ਇਹ ਇਕ ਮਸ਼ਹੂਰ ਕਹਾਵਤ ਹੈ ਕਿ ਖੰਜਰ ਦੇ ਜ਼ਖ਼ਮ ਭਰ ਜਾਂਦੇ ਹਨ ਜਾਂ ਵਕਤ ਬੀਤਣ ਤੇ ਠੀਕ ਹੋ ਜਾਂਦੇ ਹਨ, ਪਰ ਕਿਸੇ ਦੇ ਕਹੇ ਹੋਏ ਕੁਬੋਲ ਇੰਨਸਾਨ ਨੂੰ ਕਦੇ ਨਹੀਂ ਭੁਲਦੇ। ਅਜਿਹੇ ਬੋਲ ਜੋ ਸਮਾਂ ਅਤੇ ਸਥਾਨ ਵੇਖਕੇ, ਵਿਚਾਰ ਕਰਦੇ ਨਾ ਬੋਲੇ ਜਾਣ, ਉਹ ਹਮੇਸ਼ਾ ਰਿਸ਼ਤਿਆਂ ਦੇ ਤਿੜਕਣ ਦਾ ਕਾਰਨ ਬਣਦੇ ਹਨ। ਇਕ ਸਧਾਰਨ ਜਹੀ ਉਦਾਹਰਣ ਹੈ, ਅਸੀਂ ਅੱਜ ਕਲ੍ਹ ਡੇਰਿਆਂ ਜਾਂ ਆਸ਼ਰਮਾਂ ਵਿਚ ਇਸ ਕਰਕੇ ਜਾਂਦੇ ਹਾਂ ਤਾਂ ਕਿ ਸਾਨੂੰ ਉਥੇ ਜਾਂਕੇ, ਉਨਾਂ ਧਾਰਮਿਕ ਆਗੂਆਂ ਦੇ ਮਿਠੇ ਬੋਲ ਅਤੇ ਉੱਚ ਵਿਚਾਰ ਸੁਨਣ ਨੂੰ ਮਿਲਦੇ ਹਨ। 
ਸਾਡੀ ਬੋਲੀ ਸਾਨੂੰ ਇੱਜ਼ਤ, ਸਨਮਾਨ ਤੇ ਪਿਆਰ ਦਾ ਪਾਤਰ ਬਣਾਉਂਦੀ ਹੈ। ਲੋਕਾਂ ਦੀ ਅਗਵਾਈ ਕਰਨ ਲਈ ਆਪਣੀ ਖੁਦ ਦੀ ਅਗਵਾਈ, ਸੰਜਮ ਅਤੇ ਸਵੈਮਾਨ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਸਾਨੂੰ ਆਪਣੇ ਦੈਨਿਕ ਵਿਵਹਾਰ ਲਈ ਸ਼ਬਦਾਂ ਦੀ ਮਰਿਯਾਦਾ ਅਤੇ ਸਹੀ ਚੋਣ ਵਲ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਹ ਸਾਡੇ ਕਾਰ-ਵਿਹਾਰ ਦਾ ਆਧਾਰ ਅਤੇ ਸਾਡੀ ਸਖ਼ਸ਼ੀਅਤ ਦਾ ਪ੍ਰਤੀਬਿੰਬ ਹੈ।

-ਦਵਿੰਦਰ ਕੁਮਾਰ  

- ਦਵਿੰਦਰ ਕੁਮਾਰ