ਵਧਦਾ ਟ੍ਰੈਫਿਕ ਤੇ ਪ੍ਰਦੂਸ਼ਣ: ਸ਼ਹਿਰਾਂ ਲਈ ਇਕ ਚੁਣੌਤੀ
ਅੱਜ ਦੇ ਤੇਜ਼ੀ ਨਾਲ ਬਦਲਦੇ ਸ਼ਹਿਰੀ ਜੀਵਨ ਵਿੱਚ ਟ੍ਰੈਫਿਕ ਜਾਮ ਅਤੇ ਵਧਦਾ ਪ੍ਰਦੂਸ਼ਣ ਇੱਕ ਅਜਿਹੀ ਹਕੀਕਤ ਬਣ ਚੁੱਕੇ ਹਨ, ਜਿਨ੍ਹਾਂ ਤੋਂ ਲਗਭਗ ਹਰ ਨਾਗਰਿਕ ਰੋਜ਼ਾਨਾ ਰੂਬਰੂ ਹੁੰਦਾ ਹੈ। ਸਵੇਰੇ ਦਫ਼ਤਰ ਜਾਂ ਸਕੂਲ ਜਾਂਦੇ ਸਮੇਂ ਸੜਕਾਂ ‘ਤੇ ਵਾਹਨਾਂ ਦੀ ਲੰਮੀ ਲਾਈਨ, ਹਾਰਨਾਂ ਦੀ ਲਗਾਤਾਰ ਗੂੰਜ ਅਤੇ ਹਵਾ ਵਿੱਚ ਰਲਿਆ ਹੋਇਆ ਧੂੰਆ ਇੱਕ ਆਮ ਦ੍ਰਿਸ਼ ਬਣ ਗਿਆ ਹੈ। ਸ਼ਾਮ ਦੇ ਵੇਲੇ ਇਹ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ, ਜਦੋਂ ਵਾਪਸੀ ਕਰਦੇ ਵਾਹਨਾਂ ਦੀ ਭੀੜ ਨਾਲ ਸੜਕਾਂ ਭਰ ਜਾਂਦੀਆਂ ਹਨ। ਇਹ ਦ੍ਰਿਸ਼ ਸਿਰਫ਼ ਕਿਸੇ ਇੱਕ ਸ਼ਹਿਰ ਤੱਕ ਸੀਮਿਤ ਨਹੀਂ, ਸਗੋਂ ਵੱਡੇ ਅਤੇ ਛੋਟੇ ਦੋਵੇਂ ਕਿਸਮ ਦੇ ਸ਼ਹਿਰਾਂ ਵਿਚ ਨਜ਼ਰ ਆਉਂਦਾ ਹੈ। ਇਹ ਸਮੱਸਿਆ ਹੌਲੀ-ਹੌਲੀ ਬਣੀ ਹੈ, ਜਿਸ ਵਿੱਚ ਸਾਡੀ ਜੀਵਨ ਸ਼ੈਲੀ, ਆਰਥਿਕ ਵਿਕਾਸ ਅਤੇ ਯੋਜਨਾਬੰਦੀ ਦੇ ਤਰੀਕੇ ਸਾਰੇ ਸ਼ਾਮਲ ਹਨ।
ਅੱਜ ਦੇ ਤੇਜ਼ੀ ਨਾਲ ਬਦਲਦੇ ਸ਼ਹਿਰੀ ਜੀਵਨ ਵਿੱਚ ਟ੍ਰੈਫਿਕ ਜਾਮ ਅਤੇ ਵਧਦਾ ਪ੍ਰਦੂਸ਼ਣ ਇੱਕ ਅਜਿਹੀ ਹਕੀਕਤ ਬਣ ਚੁੱਕੇ ਹਨ, ਜਿਨ੍ਹਾਂ ਤੋਂ ਲਗਭਗ ਹਰ ਨਾਗਰਿਕ ਰੋਜ਼ਾਨਾ ਰੂਬਰੂ ਹੁੰਦਾ ਹੈ। ਸਵੇਰੇ ਦਫ਼ਤਰ ਜਾਂ ਸਕੂਲ ਜਾਂਦੇ ਸਮੇਂ ਸੜਕਾਂ ‘ਤੇ ਵਾਹਨਾਂ ਦੀ ਲੰਮੀ ਲਾਈਨ, ਹਾਰਨਾਂ ਦੀ ਲਗਾਤਾਰ ਗੂੰਜ ਅਤੇ ਹਵਾ ਵਿੱਚ ਰਲਿਆ ਹੋਇਆ ਧੂੰਆ ਇੱਕ ਆਮ ਦ੍ਰਿਸ਼ ਬਣ ਗਿਆ ਹੈ। ਸ਼ਾਮ ਦੇ ਵੇਲੇ ਇਹ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ, ਜਦੋਂ ਵਾਪਸੀ ਕਰਦੇ ਵਾਹਨਾਂ ਦੀ ਭੀੜ ਨਾਲ ਸੜਕਾਂ ਭਰ ਜਾਂਦੀਆਂ ਹਨ। ਇਹ ਦ੍ਰਿਸ਼ ਸਿਰਫ਼ ਕਿਸੇ ਇੱਕ ਸ਼ਹਿਰ ਤੱਕ ਸੀਮਿਤ ਨਹੀਂ, ਸਗੋਂ ਵੱਡੇ ਅਤੇ ਛੋਟੇ ਦੋਵੇਂ ਕਿਸਮ ਦੇ ਸ਼ਹਿਰਾਂ ਵਿਚ ਨਜ਼ਰ ਆਉਂਦਾ ਹੈ। ਇਹ ਸਮੱਸਿਆ ਹੌਲੀ-ਹੌਲੀ ਬਣੀ ਹੈ, ਜਿਸ ਵਿੱਚ ਸਾਡੀ ਜੀਵਨ ਸ਼ੈਲੀ, ਆਰਥਿਕ ਵਿਕਾਸ ਅਤੇ ਯੋਜਨਾਬੰਦੀ ਦੇ ਤਰੀਕੇ ਸਾਰੇ ਸ਼ਾਮਲ ਹਨ।
ਸ਼ਹਿਰਾਂ ਦਾ ਲਗਾਤਾਰ ਫੈਲਾਅ ਇਸ ਸਥਿਤੀ ਦਾ ਇੱਕ ਅਹਿਮ ਕਾਰਨ ਹੈ। ਨਵੀਆਂ ਰਿਹਾਇਸ਼ੀ ਕਾਲੋਨੀਆਂ, ਵਪਾਰਕ ਕੇਂਦਰ ਅਤੇ ਉਦਯੋਗਿਕ ਖੇਤਰ ਬਣ ਰਹੇ ਹਨ, ਜਿਸ ਨਾਲ ਸ਼ਹਿਰਾਂ ਦੀਆਂ ਹੱਦਾਂ ਵਧਦੀਆਂ ਜਾ ਰਹੀਆਂ ਹਨ। ਇਹ ਵਿਕਾਸ ਨੂੰ ਵਧਾਉਂਦਾ ਹੈ, ਪਰ ਇਸ ਦੇ ਨਾਲ ਹੀ ਯਾਤਰਾ ਦੀ ਲੋੜ ਨੂੰ ਵੀ ਵਧਾ ਦਿੰਦਾ ਹੈ। ਜਦੋਂ ਰਹਿਣ ਅਤੇ ਕੰਮ ਕਰਨ ਵਾਲੀਆਂ ਥਾਵਾਂ ਵਿੱਚ ਦੂਰੀ ਵਧਦੀ ਹੈ, ਤਾਂ ਲੋਕਾਂ ਦੀ ਲੰਬੀਆਂ ਯਾਤਰਾਵਾਂ ਕਰਨਾ ਮਜ਼ਬੂਰੀ ਬਣ ਜਾਂਦੀ ਹੈ, ਜਿਸ ਨਾਲ ਸੜਕਾਂ ‘ਤੇ ਵਾਹਨਾਂ ਦੀ ਸੰਖਿਆ ਵਧ ਜਾਂਦੀ ਹੈ। ਇਸ ਤਰ੍ਹਾਂ, ਵਿਕਾਸ ਅਤੇ ਆਵਾਜਾਈ ਦੇ ਵਿਚਕਾਰ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ, ਤਾਂਕਿ ਸ਼ਹਿਰ ਸਿਰਫ਼ ਵੱਡੇ ਨਾ ਬਣਨ, ਸਗੋਂ ਪ੍ਰਬੰਧਿਤ ਵੀ ਰਹਿਣ।
ਨਿੱਜੀ ਵਾਹਨਾਂ ਦੀ ਵਧਦੀ ਵਰਤੋਂ ਵੀ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਵਧਾਉਂਦੀ ਹੈ। ਆਧੁਨਿਕ ਜੀਵਨ ਵਿੱਚ ਹਰ ਵਿਅਕਤੀ ਆਪਣੇ ਸਮੇਂ ਦੀ ਕਦਰ ਕਰਦਾ ਹੈ ਅਤੇ ਸੁਵਿਧਾ ਨੂੰ ਤਰਜੀਹ ਦਿੰਦਾ ਹੈ, ਜਿਸ ਕਰਕੇ ਉਹ ਆਪਣੇ ਵਾਹਨ ਦੀ ਵਰਤੋਂ ਨੂੰ ਵਧਾਉਂਦਾ ਹੈ। ਇਹ ਵਿਅਕਤੀਗਤ ਪੱਧਰ ‘ਤੇ ਠੀਕ ਲੱਗਦਾ ਹੈ, ਪਰ ਜਦੋਂ ਇਹ ਰੁਝਾਨ ਵੱਡੇ ਪੱਧਰ ‘ਤੇ ਵਧਦਾ ਹੈ, ਤਾਂ ਇਸ ਦਾ ਅਸਰ ਸੜਕਾਂ ‘ਤੇ ਸਪਸ਼ਟ ਨਜ਼ਰ ਆਉਂਦਾ ਹੈ। ਵਾਹਨਾਂ ਦੀ ਭੀੜ ਵਧਦੀ ਹੈ, ਜਾਮ ਆਮ ਗੱਲ ਬਣ ਜਾਂਦਾ ਹੈ ਅਤੇ ਯਾਤਰਾ ਦਾ ਸਮਾਂ ਲੰਮਾ ਹੋ ਜਾਂਦਾ ਹੈ। ਜਨਤਕ ਆਵਾਜਾਈ ਦੇ ਸਾਧਨ ਮੌਜੂਦ ਹੋਣ ਦੇ ਬਾਵਜੂਦ, ਜੇ ਉਹਨਾਂ ਦੀ ਵਰਤੋਂ ਘੱਟ ਰਹਿੰਦੀ ਹੈ, ਤਾਂ ਇਹ ਸੰਤੁਲਨ ਹੋਰ ਵੀ ਖ਼ਰਾਬ ਹੋ ਜਾਂਦਾ ਹੈ। ਇਸ ਲਈ ਇਹ ਜਰੂਰੀ ਹੈ ਕਿ ਵਿਅਕਤੀਗਤ ਸੁਵਿਧਾ ਅਤੇ ਸਮੂਹਿਕ ਲਾਭ ਵਿਚਕਾਰ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਇਆ ਜਾਵੇ।
ਪ੍ਰਦੂਸ਼ਣ ਦੇ ਪੱਖੋਂ ਵੇਖਿਆ ਜਾਵੇ ਤਾਂ ਇਹ ਸਮੱਸਿਆ ਸਿਰਫ਼ ਵਾਤਾਵਰਣ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਸਿਹਤ ਅਤੇ ਜੀਵਨ ਦੀ ਗੁਣਵੱਤਾ ਨਾਲ ਵੀ ਜੁੜੀ ਹੋਈ ਹੈ। ਵਾਹਨਾਂ ਤੋਂ ਨਿਕਲਣ ਵਾਲਾ ਧੂੰਆ, ਨਿਰਮਾਣ ਕਾਰਜਾਂ ਦੀ ਧੂੜ ਅਤੇ ਹਰੇ-ਭਰੇ ਖੇਤਰਾਂ ਦੀ ਘਾਟ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦਾ ਪ੍ਰਭਾਵ ਹੌਲੀ-ਹੌਲੀ ਲੋਕਾਂ ਦੀ ਸਿਹਤ ‘ਤੇ ਵੀ ਹੁੰਦਾ ਹੈ। ਸਾਹ ਨਾਲ ਸੰਬੰਧਿਤ ਬਿਮਾਰੀਆਂ, ਥਕਾਵਟ ਅਤੇ ਮਨੋਵਿਗਿਆਨਕ ਤਣਾਅ ਵਧਣ ਲੱਗਦੇ ਹਨ। ਇਹ ਸਥਿਤੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਪ੍ਰਦੂਸ਼ਣ ਸਿਰਫ਼ ਇੱਕ ਵਾਤਾਵਰਣਕ ਮਸਲਾ ਨਹੀਂ, ਸਗੋਂ ਇਹ ਜੀਵਨ ਨਾਲ ਜੁੜੀ ਇੱਕ ਵੱਡੀ ਚੁਣੌਤੀ ਹੈ, ਜਿਸਨੂੰ ਸਮੇਂ ‘ਤੇ ਸਮਝਣਾ ਅਤੇ ਸੰਭਾਲਣਾ ਜ਼ਰੂਰੀ ਹੈ।
ਯੋਜਨਾਬੰਦੀ ਦੇ ਸੰਦਰਭ ਵਿੱਚ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸ਼ਹਿਰਾਂ ਨੂੰ ਇੱਕ ਇਕਾਈ ਵਜੋਂ ਦੇਖਣਾ ਬਹੁਤ ਜ਼ਰੂਰੀ ਹੈ। ਸਿਰਫ਼ ਸੜਕਾਂ ਨੂੰ ਚੌੜਾ ਕਰਨਾ ਜਾਂ ਨਵੇਂ ਫਲਾਈਓਵਰ ਬਣਾਉਣਾ ਹੀ ਹੱਲ ਨਹੀਂ ਹੁੰਦਾ। ਇਹ ਵੀ ਦੇਖਣਾ ਲਾਜ਼ਮੀ ਹੈ ਕਿ ਰਹਾਇਸ਼ੀ ਖੇਤਰ, ਕਾਰੋਬਾਰੀ ਇਲਾਕੇ ਅਤੇ ਆਵਾਜਾਈ ਦੇ ਸਾਧਨ ਇੱਕ ਦੂਜੇ ਨਾਲ ਕਿਵੇਂ ਜੁੜੇ ਹੋਏ ਹਨ। ਜਦੋਂ ਇਹ ਤਾਲਮੇਲ ਨਹੀਂ ਹੁੰਦਾ, ਤਾਂ ਟ੍ਰੈਫਿਕ ਅਤੇ ਪ੍ਰਦੂਸ਼ਣ ਦੋਵੇਂ ਵਧਦੇ ਹਨ। ਇਸ ਲਈ ਲੰਬੇ ਸਮੇਂ ਦੀ ਸੋਚ ਨਾਲ ਬਣਾਈ ਗਈ ਯੋਜਨਾ ਬਹੁਤ ਜ਼ਰੂਰੀ ਹੈ, ਜੋ ਸ਼ਹਿਰਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੋ।
ਨਾਗਰਿਕਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ। ਸੜਕਾਂ ‘ਤੇ ਨਿਯਮਾਂ ਦੀ ਪਾਲਣਾ ਕਰਨਾ, ਬਿਨਾਂ ਲੋੜ ਦੇ ਵਾਹਨਾਂ ਦੀ ਵਰਤੋਂ ਤੋਂ ਬਚਣਾ ਅਤੇ ਜਨਤਕ ਆਵਾਜਾਈ ਨੂੰ ਅਪਣਾਉਣਾ ਉਹ ਕਦਮ ਹਨ ਜੋ ਹਰ ਵਿਅਕਤੀ ਆਪਣੇ ਪੱਧਰ ‘ਤੇ ਲੈ ਸਕਦਾ ਹੈ। ਇਸ ਦੇ ਨਾਲ ਹੀ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਸਾਂਝੀ ਸੋਚ ਨੂੰ ਵਿਕਸਿਤ ਕਰਨਾ ਵੀ ਜ਼ਰੂਰੀ ਹੈ। ਟ੍ਰੈਫਿਕ, ਪ੍ਰਦੂਸ਼ਣ ਅਤੇ ਯੋਜਨਾ ਨਾਲ ਜੁੜੀਆਂ ਚੁਣੌਤੀਆਂ ਨੂੰ ਇੱਕ ਲੰਬੇ ਸਮੇਂ ਦੀ ਪ੍ਰਕਿਰਿਆ ਵਜੋਂ ਦੇਖਣ ਦੀ ਲੋੜ ਹੈ। ਇਹ ਸਮੱਸਿਆਵਾਂ ਕਿਸੇ ਇੱਕ ਦਿਨ ਵਿੱਚ ਪੈਦਾ ਨਹੀਂ ਹੋਈਆਂ ਅਤੇ ਨਾ ਹੀ ਇੱਕ ਦਿਨ ਵਿੱਚ ਖਤਮ ਹੋਣ ਵਾਲੀਆਂ ਹਨ। ਇਸ ਲਈ ਸੰਤੁਲਿਤ ਸੋਚ, ਸਹਿਯੋਗ ਅਤੇ ਜ਼ਿੰਮੇਵਾਰ ਵਿਵਹਾਰ ਨਾਲ ਅੱਗੇ ਵਧਣਾ ਬਹੁਤ ਜ਼ਰੂਰੀ ਹੈ। ਅੱਜ ਦੇ ਛੋਟੇ-ਛੋਟੇ ਕਦਮ ਭਵਿੱਖ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ। ਜੇ ਅਸੀਂ ਸਮੇਂ ਸਿਰ ਜਾਗਰੂਕ ਹੋ ਕੇ ਆਪਣੀ ਭੂਮਿਕਾ ਨੂੰ ਸਮਝੀਏ, ਤਾਂ ਸਾਡੇ ਸ਼ਹਿਰ ਸਾਫ਼ ਅਤੇ ਰਹਿਣ ਯੋਗ ਬਣ ਸਕਦੇ ਹਨ, ਜਿੱਥੇ ਵਿਕਾਸ ਅਤੇ ਜੀਵਨ ਦੀ ਗੁਣਵੱਤਾ ਇਕੱਠੇ ਅੱਗੇ ਵਧ ਸੱਕਦੇ ਹਨ।
- ਦਵਿੰਦਰ ਕੁਮਾਰ