ਗੁਰਬਾਣੀ ਇਸੁ ਜਗ ਮਹਿ ਚਾਨਣ
ਅੱਜ ਸੰਸਾਰ ਭਰ ਵਿਚ ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556 ਵਾਂ ਪ੍ਰਕਾਸ਼ ਪੁਰਬ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਜ ਦੇ ਸਮੋਂ ਵਿਚ ਵੀ ਉਨਾਂ ਦੇ ਦਰਸਾਏ ਮਾਰਗ ਅਤੇ ਸਿਖਿਆਵਾਂ ਪੂਰੀ ਤਰਾਂ ਸਾਰਥਿਕ ਹਨ। ਗੁਰੂ ਨਾਨਕ ਦੇਵ ਜੀ ਨੇ ਬਰਾਬਰੀ, ਸਮਾਜਿਕ ਨਿਆਂ, ਨਿਰਸਵਾਰਥ ਸੇਵਾ ਅਤੇ ਸਾਰੇ ਜੀਵਾਂ ਦੇ ਸਤਿਕਾਰ ਦੇ ਫ਼ਲਸਫੇ ਉਪਰ ਜ਼ੋਰ ਦਿਤਾ। ਉਨਾਂ ਨੇ ਇੰਨਸਾਨ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਮੁਢਲਾ ਕਰਤਵ ਸਮਝਾਇਆ।
ਅੱਜ ਸੰਸਾਰ ਭਰ ਵਿਚ ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556 ਵਾਂ ਪ੍ਰਕਾਸ਼ ਪੁਰਬ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਜ ਦੇ ਸਮੋਂ ਵਿਚ ਵੀ ਉਨਾਂ ਦੇ ਦਰਸਾਏ ਮਾਰਗ ਅਤੇ ਸਿਖਿਆਵਾਂ ਪੂਰੀ ਤਰਾਂ ਸਾਰਥਿਕ ਹਨ। ਗੁਰੂ ਨਾਨਕ ਦੇਵ ਜੀ ਨੇ ਬਰਾਬਰੀ, ਸਮਾਜਿਕ ਨਿਆਂ, ਨਿਰਸਵਾਰਥ ਸੇਵਾ ਅਤੇ ਸਾਰੇ ਜੀਵਾਂ ਦੇ ਸਤਿਕਾਰ ਦੇ ਫ਼ਲਸਫੇ ਉਪਰ ਜ਼ੋਰ ਦਿਤਾ। ਉਨਾਂ ਨੇ ਇੰਨਸਾਨ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਮੁਢਲਾ ਕਰਤਵ ਸਮਝਾਇਆ।
ਸੱਚੇ ਸੁੱਚੇ ਜੀਵਨ ਜਿਊਣ ਦੀ ਸਿੱਖਿਆ ਸਾਨੂੰ ਗੁਰੂ ਜੀ ਰਚਿਤ ਬਾਣੀ ਵਿਚੋ ਮਿਲਦੀ ਹੈ। ਉਨਾਂ ਉਸ ਸਮੋਂ ਦੇ ਪ੍ਰਚੱਲਿਤ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ ਤੇ ਕਾਦਰ ਅਤੇ ਕੁਦਰਤ ਦੇ ਮਹੱਤਵ ਨੂੰ ਸਮਝਣ ਦੀ ਲੋੜ ਉਪਰ ਜ਼ੋਰ ਦਿਤਾ ਹੈ। ਉਨਾਂ ਆਪਣੇ ਸਮੋਂ ਵਿਚ ਚਲ ਰਹੇ ਧਾਰਮਿਕ ਕੱਟੜਵਾਦ, ਪਾਖੰਡ ਅਤੇ ਜਾਤੀਵਾਦ ਨੂੰ ਨਕਾਰਿਆ ਅਤੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ। ਇਸਤਰੀ ਵਰਗ ਦੇ ਸਤਿਕਾਰ ਲਈ ਲੋਕਾਂ ਨੂੰ ਸਮਝਾਇਆ। ਉਸ ਸਮੋਂ ਔਰਤਾਂ ਦੀ ਦਸ਼ਾ ਤਰਸਯੋਗ ਸੀ। ਸਮਾਜ ਵਿਚ ਔਰਤ ਨੂੰ ਬਰਾਬਰੀ ਅਤੇ ਸਨਮਾਨ ਯੋਗ ਥਾਂ ਦਿਵਾਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਬੁਲੰਦ ਕੀਤੀ।
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਨ।
ਗੁਰੂ ਜੀ ਦੁਆਰਾ ਉਚਾਰੇ ਗਏ ਇਨਾਂ ਸ਼ਬਦਾਂ ਦਾ ਅਰਥ ਹੈ ਕਿ ਜਿਸ ਔਰਤ ਨੇ ਰਾਜਿਆਂ, ਸੂਰਬੀਰਾਂ, ਸੰਤਾਂ ਅਤੇ ਅਵਤਾਰਾਂ ਨੂੰ ਜਨਮ ਦਿਤਾ ਹੈ, ਉਹ ਸਤਿਕਾਰ ਦੀ ਪਾਤਰ ਹੈ ਨਾ ਕਿ ਉਸ ਨੂੰ ਮੰਦਾ ਭਾਵ ਬੁਰਾ ਕਿਹਾ ਜਾਵੇ। ਉਸ ਸਮੋਂ ਇਹ ਇਕ ਕ੍ਰਾਂਤੀਕਾਰੀ ਆਵਾਜ਼ ਸੀ ਜੋ ਗੁਰੂ ਜੀ ਨੇ ਇਸਤਰੀ ਵਰਗ ਦੀ ਆਜ਼ਾਦੀ ਲਈ ਚੁੱਕੀ। ਜੇ ਇਤਿਹਾਸ ਦੀ ਗੱਲ ਕਰੀਏ ਤਾਂ ਵੈਦਿਕ ਕਾਲ ਵਿਚ ਇਸਤਰੀ ਦਾ ਸਮਾਜ ਵਿਚ ਸਨਮਾਨਯੋਗ ਸਥਾਨ ਸੀ। ਵੈਦਿਕ ਕਾਲ ਤੋਂ ਬਾਦ ਹੌਲੀ ਹੌਲੀ ਹਾਲਾਤ ਬਦਲਦੇ ਗਏ। ਮਨੂੰ ਸਮਰਿਤੀ ਵਿਚ ਇਸਤਰੀ ਦੀ ਹਾਲਤ ਤਰਸਯੋਗ ਹੋ ਗਈ।
ਇਸਤਰੀ ਬਚਪਨ ਵਿਚ ਪਿਤਾ ਦੀ ਨਿਗਰਾਨੀ ਹੇਠ, ਪਿਤਾ ਦੀ ਮੌਤ ਤੋਂ ਬਾਦ ਭਰਾਵਾਂ ਅਧੀਨ, ਵਿਆਹ ਉਪਰੰਤ ਪਤੀ ਤੇ ਪਤੀ ਤੋਂ ਬਾਦ ਆਪਣੇ ਬੇਟੇ ਦੀ ਨਿਗਰਾਨੀ ਹੇਠ ਜ਼ਿੰਦਗੀ ਬਸਰ ਕਰਦੀ ਸੀ। ਉਸ ਸਮੋਂ ਬੱਚੀਆਂ ਨੂੰ ਪੈਦਾ ਹੁੰਦੇ ਮਾਰਨਾ, ਬਾਲ ਵਿਆਹ ਤੇ ਸਤੀ ਪ੍ਰਥਾ ਵਰਗੀ ਭੈੜੀਆਂ ਪ੍ਰੰਪਰਾਵਾਂ ਸਮਾਜ ਵਿਚ ਚਲ ਰਹੀਆਂ ਸਨ। ਇਸ ਤਰਾਂ ਗੁਰੂ ਜੀ ਨੇ ਔਰਤਾਂ ਦੇ ਸਮਾਜ ਵਿਚ ਮਹੱਤਵ ਵਾਲੀ ਆਵਾਜ਼ ਉਠਾਈ।
ਗੁਰੂ ਨਾਨਕ ਦੇਵ ਜੀ ਨੇ ਕਿਰਤ ਦੇ ਮਹੱਤਵ ਨੂੰ ਸਮਝਿਆ ਅਤੇ ਇਸ ਦਾ ਪ੍ਰਚਾਰ ਕੀਤਾ। ਗੁਰੂ ਜੀ ਨੇ ਸਭ ਧਰਮਾਂ ਦੇ ਸਤਿਕਾਰ ਦੀ ਪ੍ਰੇਰਨਾ ਦਿਤੀ। ਇਹ ਸੋਚ ਅਜੋਕੇ ਸਮੋਂ ਵਿਚ ਵਿਸ਼ਵ ਸ਼ਾਂਤੀ ਦਾ ਆਧਾਰ ਹੈ। ਸੰਗਤ ਅਤੇ ਪੰਗਤ ਰਾਹੀਂ ਨਿਰ ਸਵਾਰਥ ਸੇਵਾ ਵਿਸ਼ਵ ਵਿਆਪੀ ਭਾਈਚਾਰਾ ਅਤੇ ਸਦਭਾਵਨਾ ਲਈ ਅਤੀ ਜ਼ਰੂਰੀ ਹੈ, ਇਸ ਉਦੇਸ਼ ਲਈ ਗੁਰੂ ਜੀ ਨੇ ਸਮਾਜ ਵਿਚ ਸਹਿਣਸ਼ੀਲਤਾ, ਆਪਸੀ ਸਤਿਕਾਰ ਅਤੇ ਸ਼ਾਂਤੀ ਦਾ ਸੁਨੇਹਾ ਦਿਤਾ। ਗੁਰੂ ਜੀ ਨੇ ਸੰਸਾਰ ਦੇ ਵੱਖ ਵੱਖ ਥਾਵਾਂ ਦੀਆਂ ਯਾਤਨਾਵਾਂ ਕੀਤੀਆਂ ਜਿਨਾਂ ਨੂੰ ਉਨਾਂ ਦੀਆਂ ਚਾਰ ਉਦਾਸੀਆਂ ਵਜੋਂ ਜਾਣਿਆਂ ਜਾਂਦਾ ਹੈ। ਇਨਾਂ ਉਦਾਸੀਆਂ ਦਾ ਮੁੱਖ ਉਦੇਸ਼, ਸਮਾਜਿਕ ਬੁਰਾਈਆਂ, ਅੰਧ ਵਿਸ਼ਵਾਸ਼ਾਂ ਤੇ ਜਾਤੀ ਭੇਦ ਭਾਵ ਵਰਗੀਆਂ ਕੁਰੀਤੀਆਂ ਨੂੰ ਚੁਨੌਤੀ ਦੇਣਾ ਸੀ।
ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਸਾਖੀਆਂ ਵਿਚ ਉਨਾਂ ਦੇ ਉਦਾਰ ਤੇ ਦਿਆਲੂ ਸੁਭਾਵ ਦਾ ਵਿਸਥਾਰ ਨਾਲ ਜ਼ਿਕਰ ਹੈ। ਬਾਲ ਵਰੇਸ ਵਿਚ ਉਨਾਂ ਦੁਆਰਾ ਕੀਤਾ ਗਿਆ। 'ਸੱਚਾ ਸੌਦਾ', ਜਿਸ ਵਿਚ ਉਹ ਆਪਣੇ ਪਿਤਾ ਜੀ ਵਲੋਂ ਵਪਾਰ ਸ਼ੁਰੂ ਕਰਨ ਲਈ ਦਿਤੇ ਗਏ ਧਨ ਨਾਲ ਭੁਖੇ ਸਾਧੂਆਂ ਨੂੰ ਭੋਜਨ ਕਰਵਾ ਦਿੰਦੇ ਹਨ। ਸੁਲਤਾਨਪੁਰ ਵਿਥੇ ਮੋਦੀਖਾਨੇ ਵਿਚ ਨੌਕਰੀ ਕਰਦਿਆਂ ਉਨਾਂ ਆਪਣੇ ਕਮਾਈ ਗਰੀਬਾਂ ਵਿਚ ਵੰਡ ਦਿਤੀ। ਉਨਾਂ ਛੋਟੀ ਉਮਰ ਤੋਂ ਆਪਣੀ ਉਦਾਰਤਾ ਅਤੇ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਇਸ ਤਰਾਂ ਹੀ ਮੌਕੇ ਵਿਚ ਜਾ ਕੇ ਗੁਰੂ ਜੀ ਨੇ ਪ੍ਰਮਾਤਮਾ ਦੇ ਸਰਬ ਵਿਆਪਕ ਹੋਣ ਦਾ ਸੰਦੇਸ਼ ਦਿਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਗਨ ਨਾਥ ਪੁਰੀ ਦੇ ਮੰਦਰ ਵਿਚ ਜਾ ਕੇ ਸੰਪੂਰਨ ਬ੍ਰਹਿਮੰਡ ਵਿਚ ਨਿਰੰਤਰ ਹੋ ਰਹੀ ਆਰਤੀ ਬਾਰੇ ਦੱਸਿਆ। ਪਰਮਾਤਮਾ ਨੂੰ ਮਨੁੱਖਾਂ ਦੁਆਰਾ ਕੀਤੀ ਜਾਂ ਵਾਲੀ ਆਰਤੀ ਦੀ ਲੋੜ ਨਹੀਂ। ਅੱਜ ਚਾਹੇ ਅਸੀਂ ਹਰ ਖੇਤਰ ਵਿਚ ਕਾਫੀ ਤਰੱਕੀ ਕਰ ਚੁਕੇ ਹਾਂ। ਵਿਗਿਆਨ ਦੇ ਪ੍ਰਸਾਰ ਨਾਲ ਇੰਨਸਾਨ ਇਕ ਆਰਾਮਦਾਇਕ ਜ਼ਿੰਦਗੀ ਜੀ ਰਿਹਾ ਹੈ। ਪਰ ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਈ ਹੈ।
ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿਚ ਮਨੁਖ ਸਵੈ ਕੇਂਦਰਿਤ ਹੋ ਚੁਕਾ ਹੈ, ਅਜਿਹੇ ਸਮੋਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਜੀਵਨ ਦਾ ਆਖਰੀ ਸਹਾਰਾ ਬਣ ਸਕਦੀ ਹੈ। ਉਨਾਂ ਦੇ ਉਪਦੇਸ਼ ਤੇ ਸਿਖਿਆਵਾਂ ਉਪਰ ਚਲ ਕੇ ਅਸੀਂ ਆਪਣੇ ਪਰਿਵਾਰ ਤੇ ਸਮਾਜ ਨੂੰ ਵਧੀਆ ਸੇਪ ਦੇ ਸਕਦੇ ਹਾਂ। ਸੋ ਅੱਜ ਦੇ ਪਵਿਤਰ ਪੁਰਬ ਉਪਰ ਆਉ ਸਾਰੇ ਪ੍ਰਣ ਕਰੀਏ ਕਿ ਗੁਰੂ ਜੀ ਦੇ ਦਰਸਾਏ ਮਾਰਗ ਉਪਰ ਚਲੀਏ। ਤੁਹਾਨੂੰ ਸਭ ਨੂੰ ਪ੍ਰਕਾਸ਼ ਪੁਰਬ ਦੀਆਂ ਦਿਲੋਂ ਵਧਾਈਆਂ।
-ਦਵਿੰਦਰ ਕੁਮਾਰ