ਨਸ਼ਿਆਂ ਦੇ ਨਰਕ ਤੋਂ ਨਿਜਾਤ, ਕਦੋਂ ਤੇ ਕਿਵੇਂ?

ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਵਿਚ ਨਸ਼ਿਆਂ ਦਾ ਪਸਾਰਾ ਖ਼ਤਰਨਾਕ ਗਤੀ ਨਾਲ ਵਧਿਆ ਹੈ। ਹਰ ਪੰਜ ਸਾਲ ਬਾਦ ਹੋਣ ਵਾਲੀਆਂ ਚੋਣਾਂ ਵਿਚ ਮੁੱਖ ਮੁੱਦਾ ਨਸ਼ਾ ਬਣ ਚੁਕਾ ਹੈ। ਪਾਰਟੀਆਂ ਇਸ ਅਲਾਮਤ ਨੂੰ ਰੋਕਣ ਲਈ ਅਲੱਗ ਅਲੱਗ ਤਰਾਂ ਦੇ ਨਾਹਰੇ ਦਿੰਦੀਆਂ ਹਨ। ਚੋਣਾਂ ਜਿੱਤਣ ਵਾਲੇ ਰਾਜਨੀਤਕ ਦਲ ਇਸ ਸਮੱਸਿਆ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦਸਦੇ ਹਨ। ਵਿਰੋਧੀ ਧਿਰ ਸਰਕਾਰ ਦੀ ਮਿਲੀ ਭੁਗਤ ਕਹਿ ਕੇ ਆਪਣਾ ਸਮਾਂ ਕੱਢ ਲੈਂਦੀ ਹੈ।

ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਵਿਚ ਨਸ਼ਿਆਂ ਦਾ ਪਸਾਰਾ ਖ਼ਤਰਨਾਕ ਗਤੀ ਨਾਲ ਵਧਿਆ ਹੈ। ਹਰ ਪੰਜ ਸਾਲ ਬਾਦ ਹੋਣ ਵਾਲੀਆਂ ਚੋਣਾਂ ਵਿਚ ਮੁੱਖ ਮੁੱਦਾ ਨਸ਼ਾ ਬਣ ਚੁਕਾ ਹੈ। ਪਾਰਟੀਆਂ ਇਸ ਅਲਾਮਤ ਨੂੰ ਰੋਕਣ ਲਈ ਅਲੱਗ ਅਲੱਗ ਤਰਾਂ ਦੇ ਨਾਹਰੇ ਦਿੰਦੀਆਂ ਹਨ। ਚੋਣਾਂ ਜਿੱਤਣ ਵਾਲੇ ਰਾਜਨੀਤਕ ਦਲ ਇਸ ਸਮੱਸਿਆ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦਸਦੇ ਹਨ। ਵਿਰੋਧੀ ਧਿਰ ਸਰਕਾਰ ਦੀ ਮਿਲੀ ਭੁਗਤ ਕਹਿ ਕੇ ਆਪਣਾ ਸਮਾਂ ਕੱਢ ਲੈਂਦੀ ਹੈ। 
ਸਰਕਾਰਾਂ ਨਸ਼ਿਆਂ ਦੀ ਵਰਤੋਂ ਅਤੇ ਇਸ ਦੇ ਕਾਲੇ ਕਾਰੋਬਾਰ ਨੂੰ ਰੋਕਣ ਲਈ ਵੱਖ ਵੱਖ ਨਾਮਾਂ ਤਹਿਤ ਮੁਹਿੰਮ ਚਲਾਉਂਦੀਆਂ ਹਨ ਪਰ ਜੋ ਮੌਜ਼ੂਦਾ ਤਸਵੀਰ ਹੈ ਉਹ ਬਹੁਤ ਭਿਆਨਕ ਹੈ। ਪਿੰਡ ਪਿੰਡ ਨੌਜਵਾਨ ਨਸ਼ੇ ਦੇ ਟੀਕੇ, ਗੋਲੀਆਂ ਤੇ ਹੋਰ ਕਈ ਤਰਾਂ ਦੇ ਰਸਾਇਣਕ ਨਸ਼ਿਆਂ ਕਾਰਨ ਮਰ ਰਹੇ ਹਨ। ਕੁਝ ਪਰਿਵਾਰਾਂ ਦੇ ਨੌਜਵਾਨ ਇਕਲੌਤੇ ਪੁਤਰ ਇਸ ਵਬਾ ਦੇ ਭੇਂਟ ਚੜ੍ਹ ਚੁੱਕੇ ਹਨ। ਬਹੁਤ ਪਰਿਵਾਰਾਂ ਵਿਚ ਕਮਾਈ ਤੇ ਰੋਟੀ ਦਾ ਕੋਈ ਸਾਧਨ ਨਹੀਂ ਬਚਿਆ ਹੈ। ਅੱਜ ਪੰਜਾਬ ਦੇ ਹਰ ਪਿੰਡ ਵਿਚ ਨਸ਼ੇ ਨਾਲ ਹੋਈ ਬਰਬਾਦੀ ਦੀ ਕਹਾਣੀ ਸੁਣਨ ਨੂੰ ਮਿਲਦੀ ਹੈ। ਸਚਮੁੱਚ ਹਸਦੇ ਵਸਦੇ ਪੰਜਾਬ ਨੂੰ ਨਜ਼ਰ ਲਗ ਚੁਕੀ ਹੈ।
ਪਿਛਲੇ ਦਿਨੀਂ ਮਾਨਸਾ ਜ਼ਿਲੇ ਦੇ ਇਕ ਪਿੰਡ ਤੋਂ ਬਹੁਤ ਅਜੀਬ ਤੇ ਦੁਖਦਾਈ ਖ਼ਬਰ ਸੁਨਣ ਨੂੰ ਆਈ। ਇਕ ਨਸ਼ੇੜੀ ਵਿਆਹੁਤਾ ਜੋੜੇ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਆਪਣੇ 6 ਮਹੀਨੇ ਦੇ ਮਾਸੂਮ ਬੱਚੇ ਨੂੰ 1 ਲੱਖ 80 ਹਜ਼ਾਰ ਵਿਚ ਕਿਸੇ ਨੂੰ ਵੇਚ ਦਿਤਾ। ਪੰਜਾਬ, ਜਿਥੇ ਦੁੱਧ - ਪੁਤ ਦੀਆਂ ਮੁਰਾਦਾਂ ਮੰਗੀਆਂ ਜਾਂਦੀਆਂ ਹਨ ਅਤੇ ਦੂਜਿਆਂ ਨੂੰ ਅਸੀਂ ਦੁੱਧ - ਪੁਤ ਦੀਆਂ ਅਸੀਸਾਂ ਦਿੰਦੇ ਹਾਂ, ਅੱਜ ਇਸ ਨਿਘਾਰ ਤੱਕ ਪਹੁੰਚ ਚੁਕਾ ਹੈ, ਕਿ ਕੋਈ ਮਾਂ - ਪਿਉ ਆਪਣੇ ਬੱਚੇ ਦਾ ਸੌਦਾ ਕੇਵਲ ਆਪਣੇ ਐਬਾਂ ਦੀ ਪੂਰਤੀ ਲਈ ਕਰ ਲੈਂਦੇ ਹਨ। ਅੱਜ ਇਹ ਗੱਲਾਂ ਆਮ ਤੇ ਅਣਗੌਲੀਆਂ ਜਹੀਂਆਂ ਹੋ ਗਈਆਂ ਹਨ ਕਿ ਕਿਸੇ ਨੇ ਆਪਣੇ ਨਸ਼ੇ ਲਈ ਘਰ ਦਾ ਸਮਾਨ, ਗਹਿਣੇ ਜਾਂ ਜ਼ਮੀਨ ਜਾਇਦਾਦ ਵੇਚ ਦਿਤੀ ਹੋਵੇ। 
ਪਰ ਇਕ ਬੱਚੇ ਨੂੰ ਨਸ਼ੇ ਦੀ ਲਾਲਸਾ ਲਈ, ਕਿਸੇ ਨੂੰ ਵੇਚਣਾ ਘੱਟੋ ਘੱਟ ਪੰਜਾਬ ਵਿਚ ਨਹੀਂ ਸੁਣਿਆ ਸੀ। ਇਹ ਕਿਹੜੇ ਰੰਗਲੇ ਪੰਜਾਬ ਦੀ ਕਾਲੀ ਤਸਵੀਰ ਹੈ? ਅੱਜ ਸਾਡੇ ਸਮਾਜ, ਭਾਈਚਾਰੇ ਤੇ ਪਰਿਵਾਰਾਂ ਲਈ ਸਭ ਤੋਂ ਵੱਡੀ ਚੁਨੌਤੀ ਦਿਨੋਂ ਦਿਨ ਫੈਲ ਰਹੀ ਨਸ਼ੇ ਦੀ ਅਲਾਮਤ ਹੈ। ਇਹ ਇਕ ਕੌੜਾ ਸੱਚ ਹੈ ਕਿ ਨਸ਼ਾ ਨਾਸ਼ ਕਰਦਾ ਹੈ। ਅੱਜ ਪੰਜਾਬ ਦਾ ਨਾਂ ਨਸ਼ੇ ਨਾਲ ਜੁੜ ਚੁੱਕਾ ਹੈ। ਅਖਬਾਰਾਂ ਤੇ ਇਲੈਕਟ੍ਰਾਨਿਕ ਪ੍ਰਸਾਰ ਮਾਧਿਅਮਾਂ ਦੀਆਂ ਜ਼ਿਆਦਾਤਰ ਖ਼ਬਰਾਂ ਇਸ ਭੈੜੀ ਵਾਦੀ ਨਾਲ ਹੀ ਜੁੜੀਆਂ ਹੁੰਦੀਆਂ ਹਨ।
ਜੇ ਨਸ਼ਿਆਂ ਦੇ ਪੰਜਾਬ ਵਿਚ ਵਧਦੇ ਰੁਝਾਨ ਦੀ ਗੱਲ ਕਰੀਏ ਤਾਂ ਇਸ ਦੇ ਕਈ ਕਾਰਨ ਹਨ। ਨੌਜਵਾਨ ਵਰਗ ਵਿਚ ਅੱਜ ਦੇ ਦੌਰ ਵਿਚ ਫੈਲੀ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਵੀ ਇਕ ਵੱਡਾ ਕਾਰਨ ਹੈ। ਸਾਡੇ ਸੂਬੇ ਵਿਚ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਅਥਾਹ ਗਿਣਤੀ ਵਿਚ ਵਧੀਆਂ ਹਨ। ਅੱਜ ਹਰ ਪਰਿਵਾਰ ਦਾ ਹਰ ਬੱਚਾ ਵੱਡੀਆਂ ਰਕਮਾ ਖਰਚ ਕੇ, ਡਿਗਰੀਆਂ ਲੈਕੇ ਬੇਰੁਜ਼ਗਾਰ ਘੁੰਮ ਰਿਹਾ ਹੈ। ਜੋ ਕੋਈ ਪ੍ਰਾਈਵੇਟ ਅਦਾਰੇ ਵਿਚ ਨੌਕਰੀ ਲੈਣ ਵਿਚ ਕਾਮਯਾਬ ਵੀ ਹੋ ਜਾਂਦਾ ਹੈ ਤਾਂ ਤਨਖ਼ਾਹ ਇੰਨੀ ਘੱਟ ਹੁੰਦੀ ਹੈ ਕਿ ਕਿਸੇ ਨੂੰ ਦੱਸਦਿਆਂ ਵੀ ਸ਼ਰਮ ਮਹਿਸੂਸ ਹੁੰਦੀ ਹੈ। ਇਸ ਹਾਲਤ ਵਿਚ ਹੀਣ ਭਾਵਨਾ ਤੇ ਨਿਰਾਸ਼ਾ ਉਪਜਦੀ ਹੈ। 
ਪੰਜਾਬ ਦੀ ਭੂਗੋਲਿਕ ਸਥਿਤੀ ਵੀ ਅਜਿਹੀ ਹੈ ਕਿ ਇਸ ਦਾ ਕਾਫੀ ਹਿਸਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਜੋ ਨਸ਼ਿਆਂ ਦੀ ਖੇਪ ਨੂੰ ਪੰਜਾਬ ਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਪਹੁੰਚਾਣ ਦਾ ਆਸਾਨ ਰਸਤਾ ਮੰਨਿਆਂ ਜਾਂਦਾ ਹੈ। ਰੋਜ਼ਾਨਾਂ ਡਰੇਨਾਂ ਰਾਹੀਂ ਜ਼ਹਿਰੀਲੇ ਨਸ਼ੇ ਦੇ ਬੰਡਲ ਸੀਮਾਂ ਵਰਤੀ ਜ਼ਿਲਿਆਂ ਦੇ ਪਿੰਡਾਂ ਵਿਚ ਸੁੱਟੇ ਜਾ ਰਹੇ ਹਨ। ਸਾਡੀਆਂ ਸੁਰੱਖਿਆ ਏਜੰਸੀਆਂ ਇਨਾਂ ਨੂੰ ਫੜਨ ਵਿਚ ਕਾਮਯਾਬ ਵੀ ਰਹਿੰਦੀਆਂ ਹਨ। ਪਰ ਜ਼ਰੂਰਤ ਹੈ ਕਾਰਗਰ ਢੰਗ ਨਾਲ ਰੋਕਣ ਦੀ।
ਵੈਸੇ ਤਾਂ ਨਸ਼ਿਆਂ ਦੀ ਦੁਰਵਰਤੋਂ ਇਕ ਵਿਸ਼ਵ ਵਿਆਪੀ ਸਮੱਸਿਆ ਹੈ, ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਇਹ ਵੱਡੀ ਚਿੰਤਾ ਦਾ ਕਾਰਨ ਹੈ। ਅੱਜ ਭਾਰਤ ਖਾਸ ਕਰਕੇ ਪੰਜਾਬ ਦੇ ਨੌਜਵਾਨ ਵਰਗ ਵਿਚ ਨਸ਼ਿਆਂ ਦੀ ਵਰਤੋਂ ਦਿਨੋਂ ਦਿਨ ਵੱਧ ਰਹੀ ਹੈ। ਲੜਕੀਆਂ ਵੀ ਇਸ ਅਲਾਮਤ ਤੋਂ ਬਚ ਨਹੀਂ ਸਕੀਆਂ ਹਨ। ਸਾਡੀ ਨੌਜਵਾਨ ਪੀੜੀ ਜੋ ਸਹੀ ਅਰਥਾਂ ਵਿਚ ਦੇਸ਼ ਦਾ ਭਵਿੱਖ ਹੈ, ਅਜ ਆਪਣੇ ਰਸਤੇ ਤੋਂ ਭਟਕ ਚੁਕੀ ਹੈ। ਨਸ਼ਿਆਂ ਦੀ ਦਲਦਲ ਵਿਚ ਫਸ ਕੇ ਨੌਜਵਾਨ ਨਾ ਕੇਵਲ ਆਪਣਾ ਭਵਿੱਖ ਧੁੰਧਲਾ ਕਰ ਰਹੇ ਹਨ ਸਗੋਂ ਦੇਸ਼ ਅਤੇ ਕੌਮ ਨੂੰ ਵੀ ਨਿਘਾਰ ਵਲ ਲਿਜਾ ਰਹੇ ਹਨ।
 ਇਕ ਸਰਵੇਖਣ ਅਨੁਸਾਰ 80% ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ। ਅੱਜ ਹਰ ਬੱਚੇ ਅਤੇ ਨੌਜਵਾਨ ਦੀ ਪਹੁੰਚ ਵਿਚ ਇੰਟਰਨੈੱਟ ਹੈ, ਜਿਥੇ ਇਹ ਗਿਆਨ ਦਾ ਭੰਡਾਰ ਹੈ ਉਥੇ ਇਹ ਗੁੰਮਰਾਹ ਕਰਨ ਦਾ ਵੀ ਸਾਧਨ ਬਣ ਚੁੱਕਾ ਹੈ। ਆਪਣੇ ਮੋਬਾਈਲ ਉਪਰ ਇਕਾਂਤ ਵਿਚ ਬੈਠੇ ਬੱਚੇ ਤੇ ਨੌਜਵਾਨ, ਨਸ਼ੀਲੀਆਂ ਦੁਆਈਆਂ ਤੇ ਹੋਰ ਮਾਦਕ ਪਦਾਰਥ ਲੱਭ ਲੈਂਦੇ ਹਨ। ਸਾਡੇ ਕੁਝ ਪੰਜਾਬੀ ਗਾਣੇ ਵੀ ਨਸ਼ਿਆਂ ਦੇ ਪ੍ਰਚਾਰ ਪ੍ਰਸਾਰ ਲਈ ਜ਼ਿਮੇਵਾਰ ਹਨ। ਕੁਝ ਦਹਾਕਿਆਂ ਤੋਂ ਪੰਜਾਬ ਵਿਚ ਤੰਬਾਕੂ ਖਾਣ ਦੀ ਰੁਚੀ ਕਾਫ਼ੀ ਵਧੀ ਹੈ। ਇਸ ਲਈ ਪਰਵਾਸੀ ਮਜ਼ਦੂਰਾਂ ਦੀ ਦੇਖਾ ਦੇਖੀ ਪੰਜਾਬੀ ਵੀ ਗ੍ਰਸਤ ਹੋ ਰਹੇ ਹਨ।
ਅੱਜ ਦੇ ਪੰਜਾਬ ਦੀ ਤਸਵੀਰ ਬਹੁਤ ਹੀ ਚਿੰਤਾਜਨਕ ਹੈ। ਪਰਿਵਾਰ ਨਸ਼ਿਆਂ ਕਰਕੇ ਟੁੱਟ ਰਹੇ ਹਨ। ਘਰੇਲੂ ਹਿੰਸਾ ਤੇ ਹੋਰ ਕਈ ਤਰਾਂ ਦੇ ਅਪਰਾਧ ਵੱਧ ਰਹੇ ਹਨ। ਅੱਜ ਨਸ਼ਿਆਂ ਵਿਰੁੱਧ ਇਕ ਜੁੱਟ ਹੋਕੇ ਲੜਾਈ ਲੜਨ ਦੀ ਲੋੜ ਹੈ। ਸਰਕਾਰਾਂ ਆਪਣੀ ਥਾਂ ਤੇ ਇਸ ਸਮੱਸਿਆ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਪਰ ਸਮਾਜਿਕ, ਧਾਰਮਿਕ ਤੇ ਸਿਖਿਆ ਸੰਸਥਾਵਾਂ ਵੀ ਇਸ ਕੰਮ ਵਿਚ ਸਕਾਰਾਤਮਿਕ ਭੂਮਿਕਾ ਨਿਭਾ ਸਕਦੀਆਂ ਹਨ।

-ਦਵਿੰਦਰ ਕੁਮਾਰ     

- ਦਵਿੰਦਰ ਕੁਮਾਰ