ਫਸਟ ਏਡ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਟ੍ਰੇਨਿੰਗਾਂ ਜਾਨਾਂ ਬਚਾਉਣ ਲਈ ਸਿਖਣਾਂ ਜ਼ਰੂਰੀ
ਪਟਿਆਲਾ, 9 ਸਤੰਬਰ:- ਸੰਯੁਕਤ ਰਾਸ਼ਟਰ ਅਤੇ ਰੈੱਡ ਕਰਾਸ ਵੱਲੋਂ 7 ਤੋਂ 12 ਸਤੰਬਰ ਤੱਕ ਦੁਨੀਆ ਵਿੱਚ ਫਸਟ ਏਡ, ਸੀ.ਪੀ.ਆਰ. ਜਾਗ੍ਰਿਤੀ ਸਪਤਾਹ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਟ੍ਰੇਨਿੰਗਾਂ ਦੇਣ ਲਈ ਮਨਾਇਆ ਜਾ ਰਿਹਾ ਹੈ। ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਵਿਦਿਆਰਥੀਆਂ ਨੂੰ ਕਿਸੇ ਵੀ ਦੁਰਘਟਨਾ ਸਮੇਂ ਪੀੜਤਾਂ ਨੂੰ ਮਰਨ ਅਤੇ ਅਪਾਹਜ ਹੋਣ ਤੋਂ ਬਚਾਉਣ ਲਈ ਤੁਰੰਤ ਠੀਕ ਫਸਟ ਏਡ, ਸੀ.ਪੀ.ਆਰ., ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਏ.ਬੀ.ਸੀ.ਡੀ. ਕਰਨ ਦੀ ਮਹੱਤਤਾ ਦੱਸੀ, ਜੋ ਕਿ ਪੀੜਤਾਂ ਨੂੰ ਹਸਪਤਾਲਾਂ ਤੱਕ ਜਿਉਂਦੇ ਰੱਖਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ। ਲੋੜ ਅਨੁਸਾਰ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪੁਲਿਸ ਹੈਲਪਲਾਈਨ ਨੰਬਰਾਂ ’ਤੇ ਫੋਨ ਕਰਕੇ ਮਦਦ ਲੈਣੀ ਜ਼ਰੂਰੀ ਹੈ।
ਉਨ੍ਹਾਂ ਨੇ ਦੱਸਿਆ ਕਿ ਅਚਾਨਕ ਵਾਪਰਨ ਵਾਲੀਆਂ ਕੁਦਰਤੀ, ਮੌਸਮੀ, ਮਨੁੱਖੀ ਆਫ਼ਤਾਵਾਂ, ਘਰੇਲੂ ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਅੱਗਾਂ, ਗੈਸਾਂ, ਧੂੰਏਂ, ਪਾਣੀ ਅਤੇ ਮਲਵੇ ਵਿੱਚ ਫ਼ਸੇ ਪੀੜਤਾਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਬਣਨ ਲਈ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ।
ਡਾਕਟਰ ਰਾਕੇਸ਼ ਵਰਮੀ, ਪ੍ਰਧਾਨ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਮੋਦੀ ਨੂੰ ਸਰਵੋਤਮ ਸਿੱਖਿਆ ਸ਼ਾਸਤਰੀ ਵਜੋਂ ਸਨਮਾਨਿਤ ਕੀਤਾ ਅਤੇ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਜਾਂ ਇਨਸਾਨ ਕਿਸੇ ਪੀੜਤ ਨੂੰ ਬਚਾਉਣ ਲਈ ਮਦਦ ਕਰਦੇ ਹਨ, ਤਾਂ ਉਨ੍ਹਾਂ ਨੂੰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।
ਪ੍ਰਿੰਸੀਪਲ ਸ਼੍ਰੀ ਰਾਜੇਸ਼ ਮੋਦੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵੱਧ ਰਹੀਆਂ ਦੁਰਘਟਨਾਵਾਂ ਅਤੇ ਅਚਾਨਕ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਸਾਰਿਆਂ ਨੂੰ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ ਅਤੇ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ।
