ਸਿੱਖਿਆ ਲਈ ਪਰਦੇਸ: ਪੰਜਾਬ ਦਾ ਨੌਜਵਾਨ ਘਰ ਕਿਉਂ ਛੱਡ ਰਿਹਾ ਹੈ

ਪੰਜਾਬ ਦੀ ਮਿੱਟੀ ਨੇ ਸਦੀਆਂ ਤੋਂ ਗਿਆਨ, ਸਹਿਣ-ਸ਼ਕਤੀ ਅਤੇ ਕਿਰਤ ਦੀ ਮਹਿਕ ਆਪਣੇ ਵਿੱਚ ਸਮੇਟੀ ਹੋਈ ਹੈ। ਇਥੋਂ ਦੇ ਵਿਚਾਰਕਾਂ ਨੇ ਸਿੱਖਿਆ ਨੂੰ ਕੇਵਲ ਰੋਜ਼ਗਾਰ ਦਾ ਸਾਧਨ ਨਹੀਂ, ਸਗੋਂ ਮਨੁੱਖੀ ਵਿਕਾਸ ਦਾ ਅਧਾਰ ਮੰਨਿਆ ਹੈ। ਪਰ ਅੱਜ ਦੀ ਹਕੀਕਤ ਇਸ ਇਤਿਹਾਸਕ ਸੋਚ ਤੋਂ ਬਿਲਕੁਲ ਉਲਟ ਹੈ। ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਵਿੱਚ ਸਿੱਖਿਆ ਦੇ ਨਾਮ ’ਤੇ ਆਪਣਾ ਘਰ, ਆਪਣਾ ਪਿੰਡ, ਆਪਣਾ ਸੂਬਾ ਅਤੇ ਕਈ ਵਾਰ ਆਪਣਾ ਦੇਸ਼ ਵੀ ਛੱਡਣ ਲਈ ਮਜਬੂਰ ਹੋ ਰਿਹਾ ਹੈ। ਇਹ ਸਿਰਫ਼ ਵਿਦੇਸ਼ ਜਾਣ ਦੀ ਲਾਲਸਾ ਨਹੀਂ, ਸਗੋਂ ਸੂਬੇ ਦੀ ਸਿੱਖਿਆ ਪ੍ਰਣਾਲੀ, ਰੋਜ਼ਗਾਰ ਸੰਰਚਨਾ ਅਤੇ ਸਮਾਜਕ ਚੇਤਨਾ ਦੀ ਦਿਸ਼ਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਪੰਜਾਬ ਦੀ ਮਿੱਟੀ ਨੇ ਸਦੀਆਂ ਤੋਂ ਗਿਆਨ, ਸਹਿਣ-ਸ਼ਕਤੀ ਅਤੇ ਕਿਰਤ ਦੀ ਮਹਿਕ ਆਪਣੇ ਵਿੱਚ ਸਮੇਟੀ ਹੋਈ ਹੈ। ਇਥੋਂ ਦੇ ਵਿਚਾਰਕਾਂ ਨੇ ਸਿੱਖਿਆ ਨੂੰ ਕੇਵਲ ਰੋਜ਼ਗਾਰ ਦਾ ਸਾਧਨ ਨਹੀਂ, ਸਗੋਂ ਮਨੁੱਖੀ ਵਿਕਾਸ ਦਾ ਅਧਾਰ ਮੰਨਿਆ ਹੈ। ਪਰ ਅੱਜ ਦੀ ਹਕੀਕਤ ਇਸ ਇਤਿਹਾਸਕ ਸੋਚ ਤੋਂ ਬਿਲਕੁਲ ਉਲਟ ਹੈ। ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਵਿੱਚ ਸਿੱਖਿਆ ਦੇ ਨਾਮ ’ਤੇ ਆਪਣਾ ਘਰ, ਆਪਣਾ ਪਿੰਡ, ਆਪਣਾ ਸੂਬਾ ਅਤੇ ਕਈ ਵਾਰ ਆਪਣਾ ਦੇਸ਼ ਵੀ ਛੱਡਣ ਲਈ ਮਜਬੂਰ ਹੋ ਰਿਹਾ ਹੈ। ਇਹ ਸਿਰਫ਼ ਵਿਦੇਸ਼ ਜਾਣ ਦੀ ਲਾਲਸਾ ਨਹੀਂ, ਸਗੋਂ ਸੂਬੇ ਦੀ ਸਿੱਖਿਆ ਪ੍ਰਣਾਲੀ, ਰੋਜ਼ਗਾਰ ਸੰਰਚਨਾ ਅਤੇ ਸਮਾਜਕ ਚੇਤਨਾ ਦੀ ਦਿਸ਼ਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ, ਨਿਊਜ਼ੀਲੈਂਡ ਅਤੇ ਯੂਰਪ ਦੇ ਹੋਰ ਦੇਸ਼ਾਂ ਵੱਲ ਰੁਖ ਕਰ ਰਹੇ ਹਨ। ਅਧਿਕਤਰ ਮਾਮਲਿਆਂ ਵਿੱਚ ਇਹ ਯਾਤਰਾ ਉੱਚ ਗੁਣਵੱਤਾ ਵਾਲੀ ਸਿੱਖਿਆ ਦੀ ਖੋਜ ਨਾਲ ਸ਼ੁਰੂ ਹੁੰਦੀ ਹੈ, ਪਰ ਅਸਲ ਕਾਰਨ ਕਾਫ਼ੀ ਗਹਿਰੇ ਅਤੇ ਜਟਿਲ ਹਨ। ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਾਠਕ੍ਰਮ ਦੀ ਆਧੁਨਿਕਤਾ, ਰਿਸਰਚ ਦੀ ਕਮੀ, ਉਦਯੋਗ ਨਾਲ ਸੰਪਰਕ ਦੀ ਘਾਟ ਅਤੇ ਨੌਕਰੀ ਨਾਲ ਜੋੜ ਦੀ ਕਮਜ਼ੋਰੀ ਨੌਜਵਾਨਾਂ ਦੇ ਭਰੋਸੇ ਨੂੰ ਹਿਲਾ ਰਹੀ ਹੈ। ਵਿਦਿਆਰਥੀ ਮਹਿਸੂਸ ਕਰਦੇ ਹਨ ਕਿ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਵੀ ਉਨ੍ਹਾਂ ਨੂੰ ਨਾ ਤਾਂ ਯੋਗ ਨੌਕਰੀ ਮਿਲਦੀ ਹੈ, ਨਾ ਹੀ ਆਰਥਿਕ ਸੁਰੱਖਿਆ।
ਇਸ ਸਥਿਤੀ ਵਿੱਚ ਵਿਦੇਸ਼ੀ ਸਿੱਖਿਆ ਸਿਰਫ਼ ਇੱਕ ਵਿਕਲਪ ਨਹੀਂ, ਬਲਕਿ ਇੱਕ ਬਚਾਅ ਦਾ ਰਸਤਾ ਬਣ ਗਈ ਹੈ। ਬਾਹਰਲੇ ਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਸਪਸ਼ਟ ਪਾਠਕ੍ਰਮ, ਪ੍ਰਯੋਗਿਕ ਤਜਰਬਾ ਅਤੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਮੌਕੇ ਮਿਲਦੇ ਹਨ। ਇਹ ਸਹੂਲਤਾਂ ਪੰਜਾਬੀ ਨੌਜਵਾਨ ਨੂੰ ਆਕਰਸ਼ਿਤ ਕਰਦੀਆਂ ਹਨ, ਭਾਵੇਂ ਇਸ ਦੀ ਕੀਮਤ ਪਰਿਵਾਰ ਦੀ ਜ਼ਮੀਨ ਵੇਚਣ, ਕਰਜ਼ਾ ਚੁੱਕਣ ਜਾਂ ਸਮਾਜਕ ਦਬਾਅ ਸਹਿਣ ਦੇ ਰੂਪ ਵਿੱਚ ਹੋਵੇ।
ਸਰਕਾਰੀ ਸਿੱਖਿਆ ਸੰਸਥਾਵਾਂ ਦੀ ਹਾਲਤ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਂਦੀ ਹੈ। ਅਧਿਆਪਕਾਂ ਦੀ ਘਾਟ, ਖਾਲੀ ਅਸਾਮੀਆਂ, ਬੁਨਿਆਦੀ ਢਾਂਚੇ ਦੀ ਕਮੀ ਅਤੇ ਪ੍ਰਸ਼ਾਸਨਿਕ ਬੇਰੁਖ਼ੀ ਕਾਰਨ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਆਪਣੀ ਭਰੋਸੇਮੰਦ ਛਵੀ ਨੂੰ ਹੌਲੇ-ਹੌਲੇ ਖੋ ਰਹੀਆਂ ਹਨ। ਦੂਜੇ ਪਾਸੇ ਨਿੱਜੀ ਸੰਸਥਾਵਾਂ ਉੱਚ ਫੀਸਾਂ ਦੇ ਬਾਵਜੂਦ ਗੁਣਵੱਤਾ ਦੀ ਕੋਈ ਗਾਰੰਟੀ ਨਹੀਂ ਦਿੰਦੀਆਂ। ਇਸ ਕਾਰਨ ਮੱਧਵਰਗੀ ਅਤੇ ਕਿਸਾਨ ਪਰਿਵਾਰਾਂ ਲਈ ਸਿੱਖਿਆ ਇੱਕ ਵੱਡਾ ਆਰਥਿਕ ਬੋਝ ਬਣ ਗਈ ਹੈ।
ਇਸ ਸਾਰੇ ਦ੍ਰਿਸ਼ ਵਿੱਚ ਕੋਚਿੰਗ ਸੈਂਟਰਾਂ ਅਤੇ ਇਮੀਗ੍ਰੇਸ਼ਨ ਉਦਯੋਗ ਦੀ ਭੂਮਿਕਾ ਵੀ ਅਣਡਿੱਠੀ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਵਿਦੇਸ਼ੀ ਸੁਪਨੇ ਵੇਚਣ ਵਾਲੇ ਦਫ਼ਤਰ ਭਰਪੂਰ ਹਨ। ਹਰ ਗਲੀ-ਮੁਹੱਲੇ ਵਿੱਚ ਆਈਲਟਸ, ਪੀਟੀਈ ਅਤੇ ਵਿਦੇਸ਼ੀ ਵੀਜ਼ਿਆਂ ਦੇ ਇਸ਼ਤਿਹਾਰ ਨੌਜਵਾਨ ਮਨ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਕਾਮਯਾਬੀ ਦਾ ਇਕੱਲਾ ਰਸਤਾ ਦੇਸ਼ ਛੱਡਣਾ ਹੀ ਹੈ। ਇਹ ਮਨੋਵਿਰਤੀ ਸਿਰਫ਼ ਸਿੱਖਿਆ ਨਹੀਂ, ਸਗੋਂ ਸਮਾਜਕ ਮੁੱਲਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਇਹ ਰੁਝਾਨ ਪੰਜਾਬ ਲਈ ਲੰਬੇ ਸਮੇਂ ਵਿੱਚ ਖ਼ਤਰਨਾਕ ਨਤੀਜੇ ਲਿਆ ਸਕਦਾ ਹੈ। ਸਭ ਤੋਂ ਪਹਿਲਾਂ ਇਹ ਬੁੱਧੀਜੀਵੀ ਪਲਾਇਨ ਹੈ, ਜਿੱਥੇ ਸੂਬੇ ਦਾ ਸਭ ਤੋਂ ਉਰਜਾਵਾਨ ਅਤੇ ਪੜ੍ਹਿਆ-ਲਿਖਿਆ ਵਰਗ ਬਾਹਰ ਜਾ ਰਿਹਾ ਹੈ। ਦੂਜਾ, ਪਰਿਵਾਰਕ ਅਤੇ ਸਮਾਜਕ ਢਾਂਚੇ ’ਤੇ ਇਸ ਦਾ ਗਹਿਰਾ ਪ੍ਰਭਾਵ ਪੜ ਰਿਹਾ ਹੈ। ਮਾਪੇ ਬੁਢਾਪੇ ਵਿੱਚ ਇਕੱਲੇ ਰਹਿ ਜਾਂਦੇ ਹਨ, ਪਿੰਡਾਂ ਦੀ ਜੀਵੰਤਤਾ ਘਟ ਜਾਂਦੀ ਹੈ ਅਤੇ ਸਮਾਜ ਵਿੱਚ ਅਸਥਿਰਤਾ ਵਧ ਜਾਂਦੀ ਹੈ। ਤੀਜਾ, ਸੂਬੇ ਦੀ ਅਰਥਵਿਵਸਥਾ, ਉਤਪਾਦਕ ਨੌਜਵਾਨ ਸ਼ਕਤੀ ਤੋਂ ਵਾਂਝੀ ਹੋ ਰਹੀ ਹੈ।
ਸਵਾਲ ਇਹ ਨਹੀਂ ਕਿ ਨੌਜਵਾਨ ਵਿਦੇਸ਼ ਕਿਉਂ ਜਾ ਰਿਹਾ ਹੈ, ਸਵਾਲ ਇਹ ਹੈ ਕਿ ਉਹ ਪੰਜਾਬ ਵਿੱਚ ਰਹਿਣਾ ਕਿਉਂ ਨਹੀਂ ਚਾਹੁੰਦਾ। ਇਸ ਦਾ ਜਵਾਬ ਨੀਤੀਆਂ, ਨੀਅਤ ਅਤੇ ਲਾਗੂ ਕਰਨ ਦੀ ਕਮੀ ਵਿੱਚ ਹੈ। ਸਿੱਖਿਆ ਨੂੰ ਰੋਜ਼ਗਾਰ ਨਾਲ ਜੋੜਨਾ, ਯੂਨੀਵਰਸਿਟੀਆਂ ਨੂੰ ਰਿਸਰਚ ਕੇਂਦਰ ਬਣਾਉਣਾ, ਉਦਯੋਗਿਕ ਨਿਵੇਸ਼ ਵਧਾਉਣਾ ਅਤੇ ਨੌਜਵਾਨਾਂ ਨੂੰ ਯੋਗ ਅਤੇ ਸਥਿਰ ਨੌਕਰੀਆਂ ਦੇ ਮੌਕੇ ਪੈਦਾ ਕਰਨਾ ਜ਼ਰੂਰੀ ਹੈ। ਸਿਰਫ਼ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਮਝੌਤੇ ਕਰਨ ਨਾਲ ਇਹ ਸਮੱਸਿਆ ਹੱਲ ਨਹੀਂ ਹੋਵੇਗੀ।
ਇਹ ਸਮਝਣਾ ਲਾਜ਼ਮੀ ਹੈ ਕਿ ਸਿੱਖਿਆ ਪਰਦੇਸ ਜਾਣ ਦਾ ਟਿਕਟ ਨਹੀਂ, ਸਗੋਂ ਸਮਾਜ ਨੂੰ ਮਜ਼ਬੂਤ ਕਰਨ ਦਾ ਸਾਧਨ ਹੋਣਾ ਚਾਹੀਦਾ ਹੈ। ਜਦ ਤੱਕ ਪੰਜਾਬ ਆਪਣੀ ਸਿੱਖਿਆ ਪ੍ਰਣਾਲੀ ’ਤੇ ਭਰੋਸਾ ਮੁੜ ਕਾਇਮ ਨਹੀਂ ਕਰਦਾ ਅਤੇ ਨੌਜਵਾਨ ਨੂੰ ਆਪਣੇ ਹੀ ਸੂਬੇ ਵਿੱਚ ਇੱਜ਼ਤ, ਮੌਕੇ ਅਤੇ ਭਵਿੱਖ ਨਹੀਂ ਦਿੰਦਾ, ਤਦ ਤੱਕ ਇਹ ਪਲਾਇਨ ਰੁਕੇਗਾ ਨਹੀਂ। ਨੌਜਵਾਨ ਦਾ ਘਰ ਛੱਡਣਾ ਇੱਕ ਵਿਅਕਤੀਗਤ ਫੈਸਲਾ ਹੋ ਸਕਦਾ ਹੈ, ਪਰ ਇਸ ਦੇ ਕਾਰਨ ਅਤੇ ਨਤੀਜੇ ਪੂਰੇ ਸਮਾਜ ਦੀ ਜ਼ਿੰਮੇਵਾਰੀ ਹਨ।

-ਦਵਿੰਦਰ ਕੁਮਾਰ

- ਦਵਿੰਦਰ ਕੁਮਾਰ