"ਖੇਤੀ ਖੇਤਰ ਦੀਆਂ ਦੁਸ਼ਵਾਰੀਆਂ"
ਸਾਡੇ ਦੇਸ਼ ਦਾ ਕਿਸਾਨ ਸਦੀਆਂ ਤੋਂ ਹੀ ਕੁਦਰਤ ਦੀਆਂ ਕਰੋਪੀਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਕਿਸਾਨ ਅਤੇ ਖੇਤੀ ਧੰਦੇ ਨਾਲ ਜੁੜੇ ਮਜ਼ਦੂਰ ਤੇ ਉਨਾਂ ਦੇ ਪਰਿਵਾਰਾਂ ਦੀ ਆਰਥਿਕਤਾ ਮੌਸਮਾਂ ਦੇ ਮਿਜਾਜ਼ ਦੀ ਗ਼ੁਲਾਮ ਰਹੀ ਹੈ। ਕਦੇ ਹੜ੍ਹ, ਕਦੇ ਸੋਕਾ, ਗੜੇ ਮਾਰੀ ਜਾਂ ਕਦੇ ਪੱਕੀ ਫ਼ਸਲ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ। ਫਸਲ ਦੀ ਚੰਗੀ ਪੈਦਾਵਾਰ ਖੁਸ਼ਹਾਲੀ ਲੈਕੇ ਆਉਂਦੀ ਹੈ, ਪਰ ਇਹ ਹਮੇਸ਼ਾ ਰੱਬ ਦੀ ਰਹਿਮਤ ਤੇ ਹੀ ਨਿਰਭਰ ਕਰਦਾ ਹੈ। ਇਸ ਸਾਲ ਹੋਈ ਭਾਰੀ ਬਰਿਸ਼ ਤੇ ਭਿਆਨਕ ਹੜ੍ਹ, ਉੱਤਰੀ ਭਾਰਤ, ਖਾਸ ਤੌਰ ਤੇ ਪੰਜਾਬ ਵਿਚ ਵੱਡੀ ਤਬਾਹੀ ਲੈ ਕੇ ਆਏ ਹਨ।
ਸਾਡੇ ਦੇਸ਼ ਦਾ ਕਿਸਾਨ ਸਦੀਆਂ ਤੋਂ ਹੀ ਕੁਦਰਤ ਦੀਆਂ ਕਰੋਪੀਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਕਿਸਾਨ ਅਤੇ ਖੇਤੀ ਧੰਦੇ ਨਾਲ ਜੁੜੇ ਮਜ਼ਦੂਰ ਤੇ ਉਨਾਂ ਦੇ ਪਰਿਵਾਰਾਂ ਦੀ ਆਰਥਿਕਤਾ ਮੌਸਮਾਂ ਦੇ ਮਿਜਾਜ਼ ਦੀ ਗ਼ੁਲਾਮ ਰਹੀ ਹੈ। ਕਦੇ ਹੜ੍ਹ, ਕਦੇ ਸੋਕਾ, ਗੜੇ ਮਾਰੀ ਜਾਂ ਕਦੇ ਪੱਕੀ ਫ਼ਸਲ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ। ਫਸਲ ਦੀ ਚੰਗੀ ਪੈਦਾਵਾਰ ਖੁਸ਼ਹਾਲੀ ਲੈਕੇ ਆਉਂਦੀ ਹੈ, ਪਰ ਇਹ ਹਮੇਸ਼ਾ ਰੱਬ ਦੀ ਰਹਿਮਤ ਤੇ ਹੀ ਨਿਰਭਰ ਕਰਦਾ ਹੈ। ਇਸ ਸਾਲ ਹੋਈ ਭਾਰੀ ਬਰਿਸ਼ ਤੇ ਭਿਆਨਕ ਹੜ੍ਹ, ਉੱਤਰੀ ਭਾਰਤ, ਖਾਸ ਤੌਰ ਤੇ ਪੰਜਾਬ ਵਿਚ ਵੱਡੀ ਤਬਾਹੀ ਲੈ ਕੇ ਆਏ ਹਨ। ਇਸ ਸਾਲ ਅਗਸਤ ਤੇ ਸਤੰਬਰ ਦੌਰਾਨ ਪੰਜਾਬ ਵਿਚ 1988 ਤੋਂ ਬਾਅਦ ਬਰਸਾਤ ਦਾ ਸਭ ਤੋਂ ਵੱਖ ਭਿਆਨਕ ਰੂਪ ਵੇਖਣ ਨੂੰ ਮਿਲਿਆ। ਰਾਜ ਦੇ 23 ਜ਼ਿਲੇ ਹੜ੍ਹਾਂ ਦੀ ਮਾਰ ਹੇਠ ਆਏ ਤੇ 60 ਦੇ ਕਰੀਬ ਲੋਕਾਂ ਦੀ ਮੌਤ ਹੋਈ। ਗੁਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ ਤੇ ਅਮ੍ਰਿਤਸਰ ਜ਼ਿਲਿਆਂ ਦੇ ਵਿਚ ਇਨਾਂ ਹੜ੍ਹਾਂ ਦਾ ਸਭ ਤੋਂ ਵੱਧ ਮਾਰੂ ਅਸਰ ਪਿਆ। 19000 ਤੋਂ ਵੱਧ ਪਿੰਡ ਪਾਣੀ ਵਿਚ ਡੁੱਬ ਗਏ।
ਖੜ੍ਹੀਆਂ ਫਸਲਾਂ ਤੇ ਪਸ਼ੂ ਧਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਅਜੇ ਕਿਸਾਨ ਇਸ ਨੁਕਸਾਨ ਤੋਂ ਨਿਕਲੇ ਨਹੀਂ ਸਨ ਕਿ ਇਨ੍ਹਾਂ ਦਿਨਾਂ ਵਿਚ ਹੋ ਰਹੀ ਬੇ ਮੌਸਮੀ ਬਰਸਾਤ ਮੁਸ਼ਕਿਲਾਂ ਨੂੰ ਹੋਰ ਵਧਾ ਰਹੀ ਹੈ। ਪੱਕੀਆਂ ਫਸਲਾਂ ਜਿਵੇਂ ਝੋਨਾ, ਨਰਮਾ ਤੇ ਹੋਰ ਨਕਦੀ ਫਸਲਾਂ ਬੁਰੀ ਤਰਾਂ ਨੁਕਸਾਨੀਆਂ ਗਈਆਂ ਹਨ। ਜਿਹੜੀ ਫਸਲ ਮੰਡੀਆਂ ਵਿਚ ਪਹੁੰਚੀ ਹੈ ਉਹ ਸਾਂਭ ਸੰਭਾਲ ਦੇ ਉਚਿੱਤ ਪ੍ਰਬੰਧਾਂ ਦੀ ਘਾਟ ਕਾਰਨ ਮੀਂਹ ਦੇ ਪਾਣੀ ਵਿਚ ਬਰਬਾਦ ਹੋ ਰਹੀ ਹੈ। ਸਰਕਾਰਾਂ ਮੁਆਵਜ਼ੇ ਦਾ ਐਲਾਨ ਕਰ ਚੁੱਕੀਆਂ ਹਨ, ਪਰ ਇਹ ਕਿਵੇਂ ਤੇ ਕਿੰਨਾ ਮਿਲਦਾ ਹੈ, ਇਹ ਸਭ ਨੂੰ ਪਤਾ ਹੈ।
ਅਕਤੂਬਰ ਮਹੀਨੇ ਵਿਚ ਆਮ ਤੌਰ ਤੇ ਝੋਨੇ ਦੀ ਫਸਲ ਦੀ ਕਟਾਈ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਦ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਸਮੋਂ ਦੀ ਘਾਟ ਹੋਣ ਕਰਕੇ ਖੇਤਾਂ ਵਿਚ ਬਚੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਪੜ੍ਹਨ ਸੁਨਣ ਨੂੰ ਮਿਲਦੀਆਂ ਹਨ। ਭਾਵੇਂ ਕਿਸਾਨ ਪਰਾਲੀ ਨੂੰ ਖੇਤਾਂ ਵਿਚ ਸਾੜਨਾ ਆਪਣੀ ਮਜ਼ਬੂਰੀ ਦਸਦੇ ਹਨ ਪਰ ਇਸ ਦੇ ਨਾਲ ਸਾਡੇ ਵਾਤਾਵਰਣ ਤੇ ਹੋਰ ਕੁਦਰਤੀ ਸਰੋਤਾਂ ਉਪਰ ਪ੍ਰਤੀਕਾਰਕ ਪ੍ਰਭਾਵ ਪੈਂਦਾ ਹੈ। ਪਰਾਲੀ ਸਾੜਨ ਦੀ ਸਮੱਸਿਆ ਸਾਲਾਂ ਤੋਂ ਇੰਜ ਹੀ ਨਿਰੰਤਰ ਚੱਲੀ ਆ ਰਹੀ ਹੈ। ਸਰਕਾਰਾਂ ਇਸ ਦੇ ਨੁਕਸਾਨਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਦੀਆਂ ਹਨ। ਇਸ ਵਰਤਾਰੇ ਨੂੰ ਰੋਕਣ ਲਈ ਕਈ ਉਪਾਅ ਵੀ ਕੀਤੇ ਜਾ ਰਹੇ ਹਨ। ਕਈ ਵਿਗਿਆਨਕ ਤੇ ਤਕਨੀਕੀ ਸਾਧਨਾ ਨਾਲ ਪਰਾਲੀ ਸਾੜਨ ਦੀ ਥਾਂ ਮਿੱਟੀ ਵਿਚ ਮਿਲਾਉਣ ਦੇ ਢੰਗ ਅਪਨਾਉਣ ਦੇ ਮਸ਼ਵਰੇ ਦਿਤੇ ਜਾਂਦੇ ਹਨ। ਕਿਸਾਨਾਂ ਦੀਆਂ ਆਪਣੀਆਂ ਮਜ਼ਬੂਰੀਆਂ ਅਤੇ ਅਲੱਗ ਤਰਕ ਹਨ।
ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਦੂਸਰਾ ਸਭ ਤੋਂ ਵੱਧ ਚੌਲ ਪੈਦਾ ਕਰਨ ਵਾਲਾ ਦੇਸ਼ ਹੈ। ਇਸ ਦੀ ਕਟਾਈ ਤੋਂ ਪਿੱਛੋਂ ਕਣਕ ਬੀਜਣ ਲਈ ਕਿਸਾਨਾਂ ਕੋਲ ਬਹੁਤ ਘੱਟ ਸਮਾਂ ਹੁੰਦਾ ਹੈ। ਝੋਨੇ ਦੀ ਖੇਤਾਂ ਵਿਚ ਬੱਚੀ ਹੋਈ ਪਰਾਲੀ ਇਕ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਦਾ ਸਸਤਾ ਤੇ ਸੌਖਾ ਹੱਲ ਕਿਸਾਨਾਂ ਨੂੰ ਇਹੀ ਨਜ਼ਰ ਆਉਂਦਾ ਹੈ ਕਿ ਇਸਨੂੰ ਵਾਹਣਾ ਵਿਚ ਹੀ ਅੱਗ ਲਗਾ ਦਿਤੀ ਜਾਵੇ। ਪਰ ਇਸ ਦੇ ਵਾਤਾਵਰਣ ਅਤੇ ਜੀਵ ਜੰਤੂਆਂ ਦੀ ਸਿਹਤ ਉਪਰ ਘਾਤਕ ਪ੍ਰਭਾਵ ਪੈਂਦੇ ਹਨ। ਪਰਾਲੀ ਨੂੰ ਅੱਗ ਲਗਾਣ ਨਾਲ ਸਿੱਟੇ ਵਜੋਂ ਖਤਰਨਾਕ ਰਸਾਇਣ ਤੇ ਗੈਸਾਂ ਹਵਾ ਵਿਚ ਰਲ ਜਾਂਦੀਆਂ ਹਨ।
ਇਨਾਂ ਵਿਚ ਮੁਖ ਤੌਰ ਤੇ ਕਾਰਬਨ ਡਾਈ ਅਕਸਾਈਡ, ਕਾਰਬਨ ਮੋਨੋਅਕਸਾਈਡ, ਨਾਈਟ੍ਰੋਜਨ ਅਕਸਾਈਡ, ਸਲਫਰ ਡਾਈਅਕਸਾਈਡ ਤੇ ਮਿਥੇਨ ਵਰਗੀਆਂ ਇਨਸਾਨੀ ਸਿਹਤ ਲਈ ਹਾਨੀਕਾਰਕ ਗੈਸਾਂ ਸ਼ਾਮਿਲ ਹਨ। ਇਕ ਅੰਦਾਜ਼ੇ ਅਨੁਸਾਰ ਹਰ ਸਾਲ ਭਾਰਤ ਵਿਚ 352 ਮੀਟ੍ਰਿਕ ਟਨ ਪਰਾਲੀ ਪੈਦਾ ਹੁੰਦੀ ਹੈ। ਹਰ ਸਾਲ ਝੋਨੇ ਦੀ ਕਟਾਈ ਤੋਂ ਬਾਦ ਤਕਰੀਬਨ 84 ਮੀਟ੍ਰਿਕ ਟਨ ਪਰਾਲੀ ਖੇਤਾਂ ਵਿਚ ਸਾੜ ਦਿਤੀ ਜਾਂਦੀ ਹੈ। ਸਰਦੀਆਂ ਵਿਚ ਉਤਰੀ ਭਾਰਤ ਵਿਚ ਅਕਸਰ ਵੇਖੀ ਜਾਂਦੀ ਧੁੰਦ ਲਈ ਇਸ ਪਰਾਲੀ ਦੇ ਧੂੰਏ ਨੂੰ ਜਿੰਮੇਵਾਰ ਮੰਨਿਆ ਜਾਂਦਾ ਹੈ। ਹਵਾ ਵਿਚ ਪ੍ਰਦੂਸ਼ਣ ਤੋਂ ਇਲਾਵਾ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬੁਰੀ ਤਰਾਂ ਪ੍ਰਭਾਵਿਤ ਹੁੰਦੀ ਹੈ। ਅੱਗ ਨਾਲ ਕਈ ਜੀਵਾਂ ਤੇ ਪੰਛੀਆਂ ਦੇ ਰਹਿਣ ਦੀਆਂ ਥਾਵਾਂ ਖਤਮ ਹੋ ਜਾਂਦੀਆਂ ਹਨ। ਜਿਥੇ ਖੇਤਾਂ ਵਿਚ ਲਗਾਈ ਅੱਗ ਜ਼ਮੀਨ ਦੇ ਲਾਹੋਵੰਦ ਸੂਖਮ ਤੱਤਾਂ ਨੂੰ ਨਸ਼ਟ ਕਰਦੀ ਹੈ, ਉਥੇ ਮਿੱਟੀ ਦੀ ਗੁਣਵੱਤਾ ਘਟਦੀ ਹੈ ਤੇ ਜਲ ਸੰਕਟ ਵੀ ਪੈਦਾ ਹੁੰਦਾ ਹੈ।
ਸਰਕਾਰਾਂ ਇਸ ਖਤਰਨਾਕ ਪ੍ਰਚਲਨ ਨੂੰ ਰੋਕਣ ਲਈ ਵੱਖ ਵੱਖ ਪ੍ਰਚਾਰ ਤੇ ਪ੍ਰਸਾਰ ਮਾਧਿਅਮਾਂ ਰਾਂਹੀ, ਜਾਗਰੂਕ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀਆਂ ਹਨ। ਪਰ ਇਸ ਦੇ ਨਾਲ ਹੀ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕੁਝ ਸਖ਼ਤ ਕਾਨੂੰਨ ਵੀ ਬਣੇ ਹੋਏ ਹਨ ਤੇ ਸਮੋਂ ਸਮੋਂ ਤੇ ਇਨਾਂ ਵਿਚ ਸੋਧ ਕਰਕੇ ਹੋਏ ਵੀ ਕਾਰਗਰ ਢੰਗ ਨਾਲ ਅਮਲ ਵਿਚ ਲਿਆਇਆ ਜਾਂਦਾ ਹੈ। ਵਾਤਾਵਰਣ ਸੁਰੱਖਿਆ ਐਕਟ 1986 ਦੇ ਤਹਿਤ ਪਰਾਲੀ ਸਾੜਨਾ ਇਕ ਅਪਰਾਧ ਹੈ ਤੇ ਇਸ ਦੀ ਉਲੰਘਣਾ ਕਰਨ ਤੇ ਸਜ਼ਾ ਨਿਰਧਾਰਿਤ ਹੈ। ਪਿਛਲੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਤੇ ਪਰਾਲੀ ਸਾੜਨ ਨੂੰ ਨਾਗਰਿਕਾਂ ਦੇ ਸਾਫ਼ ਹਵਾ ਵਿਚ ਸਾਹ ਲੈਣ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਦੱਸਿਆ ਹੈ।
ਖ਼ੈਰ ਜੋ ਵੀ ਹੋਵੇ ਕਿਸਾਨੀ ਹਮੇਸ਼ਾ ਹੀ ਮੁਸ਼ਕਿਲਾਂ ਨਾਲ ਘਿਰਿਆ ਧੰਦਾ ਰਿਹਾ ਹੈ। ਪਰਾਲੀ ਦੇ ਸਹੀ ਨਿਪਟਾਰੇ ਲਈ ਸਹਿਕਾਰੀ ਸਭਾਵਾਂ ਨੂੰ ਲੋੜੀਂਦੀ ਮਸ਼ੀਨਰੀ ਸਸਤੀ ਅਤੇ ਸਬਸਿਡੀ ਉਪਰ ਮੁਹਇਆ ਕਰਵਾਈ ਜਾਣੀ ਚਾਹੀਦੀ ਹੈ। ਕਿਸਾਨ ਤੇ ਖੇਤੀ ਖੇਤਰ ਨਾਲ ਜੁੜੇ ਸਾਰੇ ਕਿਰਤੀ ਸੱਚਮੁੱਚ ਸਾਡੇ ਅੰਨਦਾਤਾ ਹਨ। ਉਨਾਂ ਦੀ ਭਲਾਈ ਵਿਚ ਹੀ ਦੇਸ਼ ਦਾ ਭਲਾ ਹੈ।
- ਦਵਿੰਦਰ ਕੁਮਾਰ