ਪਟਿਆਲਾ:- ਕੀਮਤੀ ਜਾਨਾਂ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਵਜੋਂ ਸਿਖਿਅਤ ਹੋਣਾ ਇਨਸਾਨੀਅਤ ਦੀ ਸੇਵਾ ਹੈ। ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਜ਼ਖ਼ਮੀਆਂ ਨੂੰ ਮੌਕੇ ’ਤੇ ਠੀਕ ਫਸਟ ਏਡ, ਸੀ.ਪੀ.ਆਰ., ਰਿਕਵਰੀ ਜਾਂ ਵੈਂਟੀਲੇਟਰ ਪੁਜ਼ੀਸ਼ਨ ਅਤੇ ਆਤਮ ਵਿਸ਼ਵਾਸ ਤੇ ਹੌਂਸਲੇ ਨਾਲ ਮਰਨ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ ਅਤੇ ਘਰੇਲੂ ਲੋਕਾਂ ਨੂੰ ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ, ਅੱਗਾਂ, ਗੈਸਾਂ, ਬਿਜਲੀ ਅਤੇ ਪੈਟਰੋਲੀਅਮ ਦੁਰਘਟਨਾਵਾਂ ਸਮੇਂ ਬਚਣ ਅਤੇ ਪੀੜਤਾਂ ਨੂੰ ਬਚਾਉਣ ਦੀਆਂ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ। ਇਹ ਵਿਚਾਰ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਦਿਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਆਫ਼ਤ ਪ੍ਰਬੰਧਨ ਅਤੇ ਸਿਵਲ ਡਿਫੈਂਸ ਦਿਵਸ ਮੌਕੇ ਟ੍ਰੇਨਿੰਗ ਦਿੰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਨੇ ਪ੍ਰਿੰਸੀਪਲ ਸ਼੍ਰੀ ਭਾਰਦਵਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸਾਲ ਵਿੱਚ ਇੱਕ-ਦੋ ਵਾਰ ਇਹ ਟ੍ਰੇਨਿੰਗਾਂ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ। ਅਨੇਕਾਂ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਵੱਲੋਂ ਆਪਣੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀ ਨੂੰ ਬਚਾਉਣ ਦੀਆਂ ਟ੍ਰੇਨਿੰਗਾਂ ਅਤੇ ਅਭਿਆਸ ਕਰਵਾਏ ਜਾਂਦੇ ਹਨ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਨ੍ਹਾਂ ਟ੍ਰੇਨਿੰਗਾਂ ਦੇ ਅਭਿਆਸ ਹਨ, ਉਨ੍ਹਾਂ ਵੱਲੋਂ 80% ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਕੀਮਤੀ ਜਾਨਾਂ ਅਤੇ ਪ੍ਰਾਪਰਟੀ ਨੂੰ ਤਬਾਹੀਆਂ ਤੋਂ ਬਚਾਇਆ ਜਾ ਸਕਦਾ ਹੈ।
ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈੱਲ ਦੇ ਇੰਸਪੈਕਟਰ ਸਰਬਜੀਤ ਕੌਰ ਅਤੇ ਏ.ਐਸ.ਆਈ. ਰਾਮ ਸਰਨ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਸਾਈਬਰ ਸੁਰੱਖਿਆ ਅਤੇ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਸ਼੍ਰੀ ਸੁਭਾਸ਼ ਭਾਰਦਵਾਜ ਨੇ ਦੱਸਿਆ ਕਿ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨੇ ਟ੍ਰੇਨਿੰਗ ਅਭਿਆਸ ਕਰਕੇ 200 ਤੋਂ ਵੱਧ ਯਾਤਰੂਆਂ ਦੀ ਹਵਾਈ ਜਹਾਜ਼ ਵਿੱਚ ਜ਼ਖ਼ਮੀ ਹੁੰਦੇ ਹੋਏ ਵੀ ਜਾਨਾਂ ਬਚਾਈਆਂ।
ਵਿਦਿਆਰਥੀਆਂ ਨੂੰ ਸਿਹਤ, ਸੁਰੱਖਿਆ, ਸਹਾਇਤਾ, ਸਹਿਣਸ਼ੀਲਤਾ, ਨਿਮਰਤਾ, ਸਬਰ, ਸ਼ਾਂਤੀ, ਸੰਸਕਾਰਾਂ, ਮਰਿਆਦਾਵਾਂ ਅਤੇ ਫ਼ਰਜ਼ਾਂ ਦੀ ਜਾਣਕਾਰੀ ਦੇ ਕੇ ਬੱਚਿਆਂ, ਸਮਾਜ ਅਤੇ ਮਾਨਵਤਾ ਨੂੰ ਸੁਰੱਖਿਅਤ, ਸਿਹਤਮੰਦ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ।
