ਹੁਸ਼ਿਆਰਪੁਰ, 03 ਅਕਤੂਬਰ (ਦਲਜੀਤ ਅਜਨੋਹਾ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਦੇ ਮੌਕੇ ’ਤੇ ‘ਸਟਾਰ ਕਪਲ ਬਲੱਡ ਡੋਨਰ’ ਦੇ ਨਾਂ ਨਾਲ ਪ੍ਰਸਿੱਧ ਜੋੜੇ ਵਜੋਂ ਖੂਨਦਾਨ ਕਰਨ ਵਾਲੇ ਬਹਾਦੁਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ 37ਵੀਂ ਵਾਰ ਇਕੱਠਿਆਂ ਖੂਨਦਾਨ ਕੀਤਾ। ਭਾਰਤ ਵਿੱਚ ਇਹ ਦਿਵਸ ਸਵੈ-ਇੱਛਕ, ਮੁਫ਼ਤ ਅਤੇ ਨਿਯਮਿਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।
ਵਿਅਕਤੀਗਤ ਤੌਰ ’ਤੇ ਬਹਾਦੁਰ ਸਿੰਘ ਸਿੱਧੂ ਨੇ 72ਵੀਂ ਵਾਰ ਅਤੇ ਜਤਿੰਦਰ ਕੌਰ ਸਿੱਧੂ ਨੇ 37ਵੀਂ ਵਾਰ ਖੂਨਦਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪਤੀ-ਪਤਨੀ ਕਈ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ ਨੇ ਸਿੱਧੂ ਜੋੜੇ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਵੀ ਸਿੱਧੂ ਜੋੜੇ ਤੋਂ ਪ੍ਰੇਰਣਾ ਲੈਂਦਿਆਂ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਖੂਨਦਾਨ ਮੁਹਿੰਮ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਇੰਚਾਰਜ ਡਾ. ਗੁਰਿਕਾ, ਲੈਬ ਟੈਕਨੀਸ਼ੀਅਨ ਸੰਦੀਪ ਸਿੰਘ, ਮੈਡਮ ਕਮਲ, ਮੈਡਮ ਹਰਜੀਤ ਰਾਣੀ ਅਤੇ ਬਲਕੀਰਤ ਕੌਰ ਸਿੱਧੂ ਵੀ ਹਾਜ਼ਰ ਸਨ।
