ਨਿਗਮ ਦੇ ਠੇਕੇਦਾਰ ਵੱਲੋਂ ਖੁਰਚ ਕੇ ਛੱਡੀ ਮੁੱਖ ਸੜਕ ’ਤੇ ਸਕੂਟੀ ਤਿਲਕਣ ਕਾਰਨ ਮਹਿਲਾ ਜ਼ਖਮੀ
ਐਸ.ਏ.ਐਸ. ਨਗਰ, 26 ਜੂਨ- ਸਥਾਨਕ ਫੇਜ਼ 4 ਅਤੇ 5 ਨੂੰ ਵੰਡਣ ਵਾਲੀ ਮੁੱਖ ਸੜਕ ਦੀ ਉਸਾਰੀ ਦੇ ਚੱਲ ਰਹੇ ਕੰਮ ਦੌਰਾਨ ਸੜਕ ਬਣਾਉਣ ਵਾਲੇ ਠੇਕੇਦਾਰ ਵੱਲੋਂ ਫੇਜ਼ 4 ਦੇ ਐਚ.ਐਮ. ਕੁਆਰਟਰਜ਼ ਤੋਂ ਪੀ.ਟੀ.ਐਲ. ਲਾਈਟਾਂ ਤੱਕ ਦੀ ਸੜਕ ਨੂੰ ਖੁਰਚਣ ਤੋਂ ਬਾਅਦ ਉਸੇ ਤਰ੍ਹਾਂ ਛੱਡ ਦਿੱਤੇ ਜਾਣ ਕਾਰਨ ਇਸ ਸੜਕ ’ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੇ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕ ’ਤੇ ਛੁਟ-ਪੁਟ ਹਾਦਸੇ ਵੀ ਵਾਪਰਦੇ ਹਨ।

ਫੇਜ਼ 4 ਦੀ ਇੱਕ ਮਹਿਲਾ ਇਸ ਸੜਕ ’ਤੇ ਸਕੂਟੀ ਤਿਲਕਣ ਕਾਰਨ ਡਿੱਗ ਪਈ ਅਤੇ ਉਸ ਨੂੰ ਕਾਫ਼ੀ ਸੱਟਾਂ ਆਈਆਂ ਹਨ। ਮੀਨਾਕਸ਼ੀ ਨਾਮ ਦੀ ਇਸ ਮਹਿਲਾ ਨੇ ਦੱਸਿਆ ਕਿ ਉਹ ਘਰ ਦਾ ਸਾਮਾਨ ਲੈਣ ਲਈ ਸਕੂਟੀ ’ਤੇ ਫੇਜ਼ 5 ਦੀ ਮਾਰਕੀਟ ਵਿੱਚ ਡਿਪਾਰਟਮੈਂਟਲ ਸਟੋਰ ’ਤੇ ਗਈ ਸੀ ਅਤੇ ਵਾਪਸ ਆਉਣ ਵੇਲੇ ਪੀ.ਟੀ.ਐਲ. ਦੀਆਂ ਲਾਈਟਾਂ ਤੋਂ ਵਾਪਸ ਮੁੜਨ ਤੋਂ ਬਾਅਦ ਇਸ ਸੜਕ ਦੇ ਖੁਰਚੇ ਜਾਣ ਕਾਰਨ ਖਰਾਬ ਹੋਈ ਸੜਕ ’ਤੇ ਤਿਲਕਣ ਕਾਰਨ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ।
ਉਕਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਗੋਡੇ ਅਤੇ ਇੱਕ ਬਾਹ ਵਿੱਚ ਫਰੈਕਚਰ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਇੱਕ ਮਹੀਨੇ ਤੱਕ ਬਿਸਤਰ ’ਤੇ ਬਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਹੈ ਅਤੇ ਨਿਗਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਸੜਕ ਨੂੰ ਖੁਰਚ ਕੇ ਛੱਡਣ ਵਾਲੇ ਠੇਕੇਦਾਰ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਇਸ ਸੜਕ ਦੇ ਕੰਮ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਵਰਗਾ ਕੋਈ ਹੋਰ ਡਿੱਗ ਕੇ ਜ਼ਖਮੀ ਨਾ ਹੋਵੇ।
ਫੇਜ਼ 4 ਦੇ ਵਸਨੀਕ ਸਮਾਜ ਸੇਵੀ ਆਗੂ ਸ੍ਰੀ ਕਰਨ ਜੌਹਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲੇ ਨਗਰ ਨਿਗਮ ਦੇ ਸੰਬੰਧਿਤ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਹਾਦਸੇ ਦੀ ਸ਼ਿਕਾਰ ਹੋਈ ਮਹਿਲਾ ਨੂੰ ਬਣਦਾ ਮੁਆਵਜ਼ਾ ਅਦਾ ਕੀਤਾ ਜਾਵੇ।
ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਦਫਤਰ ਫੋਨ ਕਰਨ ’ਤੇ ਫੋਨ ਚੁੱਕਣ ਵਾਲੀ ਮਹਿਲਾ ਵੱਲੋਂ ਦੱਸਿਆ ਗਿਆ ਕਿ ਸਾਹਿਬ ਬਿਜ਼ੀ ਹਨ। ਇਸ ਲਈ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਹੋ ਪਾਇਆ।