ਵੈਟਨਰੀ ਯੂਨੀਵਰਸਿਟੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਪੌਸ਼ਟਿਕਤਾ ਜਾਗਰੂਕਤਾ ਕੈਂਪ ਦਾ ਕੀਤਾ ਆਯੋਜਨ।

ਲੁਧਿਆਣਾ 20 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਨਿਊਟ੍ਰੀਸ਼ਨ ਸੋਸਾਇਟੀ ਆਫ ਇੰਡੀਆ, ਲੁਧਿਆਣਾ ਇਕਾਈ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪੌਸ਼ਟਿਕਤਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ।

ਲੁਧਿਆਣਾ 20 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਨਿਊਟ੍ਰੀਸ਼ਨ ਸੋਸਾਇਟੀ ਆਫ ਇੰਡੀਆ, ਲੁਧਿਆਣਾ ਇਕਾਈ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪੌਸ਼ਟਿਕਤਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਅਸੀਂ ਪੌਸ਼ਟਿਕਤਾ ਬਿਹਤਰੀ ਸੰਬੰਧੀ ਉੱਨਤ ਵਿਗਿਆਨਕ ਗਿਆਨ ਪ੍ਰਦਾਨ ਕਰਨ ਅਤੇ ਭਲਾਈ ਲਈ ਵਚਨਬੱਧ ਹਾਂ।
ਇਸ ਕੈਂਪ ਦਾ ਉਦਘਾਟਨ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕੀਤਾ। ਕੈਂਪ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਪੌਸ਼ਟਿਕ ਖੁਰਾਕ ਸੰਬੰਧੀ ਵਿਅਕਤੀਗਤ ਸਲਾਹ ਦੇ ਕੇ ਸੰਤੁਲਿਤ ਭੋਜਨ ਜੀਵਨਸ਼ੈਲੀ ਬਾਰੇ ਦੱਸਣਾ ਸੀ। ਇਸ ਕੈਂਪ ਦਾ ਸੰਯੋਜਨ ਡਾ. ਪਿਵਰਜੀਤ ਕੌਰ ਢਿੱਲੋਂ, ਵੈਟਨਰੀ ਯੂਨੀਵਰਸਿਟੀ ਅਤੇ ਡਾ. ਰੇਣੂਕਾ ਅਗਰਵਾਲ ਅਤੇ ਡਾ. ਅਮਰਜੀਤ ਕੌਰ, ਪੀ ਏ ਯੂ ਵੱਲੋਂ ਕੀਤਾ ਗਿਆ।
ਡਾ. ਗਰੇਵਾਲ ਨੇ ਕਿਹਾ ਕਿ ਮਨੁੱਖੀ ਖੁਰਾਕ ਵਿੱਚ ਜਾਨਵਰਾਂ ਦੇ ਮੂਲ ਤੋਂ ਮਿਲਦੇ ਪ੍ਰੋਟੀਨ ਅਤੇ ਚਰਬੀ ਸਰੋਤ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਵਿਅਕਤੀਗਤ ਸਰੀਰ ਸੰਰਚਨਾ ’ਤੇ ਆਧਾਰਿਤ ਖੁਰਾਕ ਪ੍ਰਬੰਧਨ ਸੰਬੰਧੀ ਸਾਡੀ ਨਵੀਂ ਪੀੜ੍ਹੀ ਨੂੰ ਜਾਗਰੂਕ ਹੋਣਾ ਲੋੜੀਂਦਾ ਹੈ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਵਿਗਿਆਨੀਆਂ ਨਾਲ ਬਾਜਰੇ ਦੀ ਮਹੱਤਤਾ ਅਤੇ ਪ੍ਰਾਸੈਸਿੰਗ ਤਕਨੀਕਾਂ ਬਾਰੇ ਚਰਚਾ ਕੀਤੀ। ਉਨ੍ਹਾਂ ਪ੍ਰਤੀਭਾਗੀਆਂ ਨੂੰ ਸਿਹਤਮੰਦ ਤਨ ਅਤੇ ਮਨ ਬਣਾਉਣ ਲਈ ਯੂਨੀਵਰਸਿਟੀ ਦੇ ਹਰੇ ਕੈਂਪਸ ਤੋਂ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਜਿੰਮ ਵਿੱਚ ਕਸਰਤ ਕਰਨ ਵਾਲਿਆਂ ਅਤੇ ਵਜ਼ਨ ਨੂੰ ਸੰਤੁਲਿਤ ਰੱਖਣ ਲਈ ਕਾਰਬੋਹਾਈਡਰੇਟ ਵਾਲੇ ਭੋਜਨ ਦੀ ਵਰਤੋਂ ’ਤੇ ਚਾਨਣਾ ਪਾਇਆ। ਡਾ. ਪ੍ਰਬਜੀਤ ਸਿੰਘ ਨੇ ਮੱਛੀ ਦੀ ਚਰਬੀ ਅਤੇ ਓਮੇਗਾ-3 ਫੈਟੀ ਐਸਿਡ ਦੇ ਮਨੁੱਖੀ ਦਿਮਾਗ ਅਤੇ ਦਿਲ ਦੀ ਸਿਹਤ ਸੰਬੰਧੀ ਫਾਇਦਿਆਂ ਬਾਰੇ ਚਰਚਾ ਕੀਤੀ। ਪ੍ਰੋਗਰਾਮ ਦੌਰਾਨ ਭੋਜਨ ਦੇ ਵੱਖ-ਵੱਖ ਤੱਤਾਂ ਬਾਰੇ ਪ੍ਰਤੀਭਾਗੀਆਂ ਨੂੰ ਦੱਸਦੇ ਹੋਏ ਉਨ੍ਹਾਂ ਦਾ ਪੌਸ਼ਟਿਕ ਮੁਲਾਂਕਣ ਵੀ ਕੀਤਾ ਗਿਆ।
ਡਾ. ਹਰਪ੍ਰੀਤ ਕੌਰ, ਪੀ ਏ ਯੂ ਨੇ ਆਏ ਹੋਏ ਪ੍ਰਤੀਭਾਗੀਆਂ ਦਾ ਧੰਨਵਾਦ ਕਰਦਿਆਂ ਇਸ ਕੈਂਪ ਨੂੰ ਬਹੁਤ ਲਾਭਦਾਇਕ ਇਕੱਠ ਦੱਸਿਆ।