
ਚਾਰਲੀ ਕਿਰਕ ਦੇ ਕਤਲ : ਕਤਲ ਦੇ ਮੁਲਜ਼ਮ 'ਤੇ ਅਦਾਲਤ 'ਚ ਦੋਸ਼ ਤੈਅ, ਪੋਪ ਨੇ ਦੁੱਖ ਪ੍ਰਗਟ ਕੀਤਾ।
ਪ੍ਰੋਵੋ/ਰੋਮ:- ਯੂਟਾ ਵੈਲੀ ਯੂਨੀਵਰਸਿਟੀ ਕੈਂਪਸ ਵਿੱਚ ਪਿਛਲੇ ਹਫ਼ਤੇ ਇੱਕ ਸਮਾਗਮ ਦੌਰਾਨ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖ਼ਿਲਾਫ਼ ਅਦਾਲਤ ਵਿੱਚ ਸੱਤ ਦੋਸ਼ ਤੈਅ ਕੀਤੇ ਗਏ ਹਨ। ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ 22 ਸਾਲਾ ਮੁਲਜ਼ਮ ਟਾਇਲਰ ਰੌਬਿਨਸਨ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ ਕੀਤਾ।
ਪ੍ਰੋਵੋ/ਰੋਮ:- ਯੂਟਾ ਵੈਲੀ ਯੂਨੀਵਰਸਿਟੀ ਕੈਂਪਸ ਵਿੱਚ ਪਿਛਲੇ ਹਫ਼ਤੇ ਇੱਕ ਸਮਾਗਮ ਦੌਰਾਨ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖ਼ਿਲਾਫ਼ ਅਦਾਲਤ ਵਿੱਚ ਸੱਤ ਦੋਸ਼ ਤੈਅ ਕੀਤੇ ਗਏ ਹਨ। ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ 22 ਸਾਲਾ ਮੁਲਜ਼ਮ ਟਾਇਲਰ ਰੌਬਿਨਸਨ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ ਕੀਤਾ।
ਜੱਜ ਨੇ ਦੋਸ਼ ਪੜ੍ਹੇ ਅਤੇ ਕਿਹਾ ਕਿ ਮੁਲਜ਼ਮ ਲਈ ਇੱਕ ਵਕੀਲ ਨਿਯੁਕਤ ਕੀਤਾ ਜਾਵੇਗਾ। ਰੌਬਿਨਸਨ ਦੇ ਪਰਿਵਾਰ ਨੇ ਗ੍ਰਿਫ਼ਤਾਰੀ ਤੋਂ ਬਾਅਦ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਰੌਬਿਨਸਨ ’ਤੇ ਜਾਣਬੁੱਝ ਕੇ ਕਿਰਕ ਦੀ ਹੱਤਿਆ ਕਰਨ ਦਾ ਦੋਸ਼ ਹੈ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ, ਉਮਰ ਕੈਦ, ਬਿਨਾਂ ਪੈਰੋਲ ਦੇ ਉਮਰ ਕੈਦ ਜਾਂ ਘੱਟੋ-ਘੱਟ 25 ਸਾਲ ਦੀ ਕੈਦ ਹੋ ਸਕਦੀ ਹੈ। ਸਜ਼ਾ ਹੋਰ ਵੀ ਵਧਾਈ ਜਾ ਸਕਦੀ ਹੈ ਕਿਉਂਕਿ ਉਸ ਨੇ ਕਥਿਤ ਤੌਰ 'ਤੇ ਕਿਰਕ ਨੂੰ ਉਨ੍ਹਾਂ ਦੇ ਸਿਆਸੀ ਵਿਚਾਰਾਂ ਕਾਰਨ ਨਿਸ਼ਾਨਾ ਬਣਾਇਆ ਅਤੇ ਇਹ ਘਟਨਾ ਬੱਚਿਆਂ ਦੀ ਮੌਜੂਦਗੀ ਵਿੱਚ ਵਾਪਰੀ ਹੈ।
ਰੌਬਿਨਸਨ ’ਤੇ ਖਤਰਨਾਕ ਹਥਿਆਰ ਨਾਲ ਗੋਲੀ ਚਲਾਉਣ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਉਸ ’ਤੇ ਨਿਆਂ ਵਿੱਚ ਰੁਕਾਵਟ ਪਾਉਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਵੀ ਦੋਸ਼ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਕਿਰਕ ਦੀ 10 ਸਤੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਗ਼ੈਰ-ਲਾਭਕਾਰੀ ਸਿਆਸੀ ਸੰਸਥਾ 'ਟਰਨਿੰਗ ਪੁਆਇੰਟ ਯੂਐਸਏ' ਦੇ ਸਹਿ-ਸੰਸਥਾਪਕ ਸਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਸਨ।
ਗੋਲੀਬਾਰੀ ਦੇ ਸਮੇਂ ਕਿਰਕ ਯੂਟਾ ਵੈਲੀ ਯੂਨੀਵਰਸਿਟੀ ਵਿੱਚ 'ਟਰਨਿੰਗ ਪੁਆਇੰਟ' ਵੱਲੋਂ ਆਯੋਜਿਤ ਇੱਕ ਚਰਚਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਪੋਪ ਲੀਓ 14ਵੇਂ ਨੇ ਵੈਟੀਕਨ ਸਿਟੀ ਵਿੱਚ ਨਵੇਂ ਅਮਰੀਕੀ ਰਾਜਦੂਤ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਉਹ ਪਿਛਲੇ ਹਫ਼ਤੇ ਯੂਟਾ ਵਿੱਚ ਮਾਰੇ ਗਏ ਰੂੜੀਵਾਦੀ ਕਾਰਕੁਨ ਕਿਰਕ, ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਲਈ ਪ੍ਰਾਰਥਨਾ ਕਰ ਰਹੇ ਹਨ।
ਵੈਟੀਕਨ ਦੇ ਇੱਕ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਮੱਤੇਓ ਬਰੂਨੀ ਨੇ 'ਵੈਟੀਕਨ ਨਿਊਜ਼' ਵਿੱਚ ਪ੍ਰਕਾਸ਼ਿਤ ਟਿੱਪਣੀ ਵਿੱਚ ਕਿਹਾ ਕਿ ਪੋਪ ਨੇ ਸਿਆਸੀ ਹਿੰਸਾ 'ਤੇ ਚਿੰਤਾ ਪ੍ਰਗਟਾਈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੀ ਬਿਆਨਬਾਜ਼ੀ ਅਤੇ ਮੌਕਾਪ੍ਰਸਤ ਰਵੱਈਆ ਨਹੀਂ ਅਪਣਾਉਣਾ ਚਾਹੀਦਾ, ਜੋ ਸੰਵਾਦ ਦੀ ਬਜਾਏ ਸਮਾਜ ਵਿੱਚ ਵੰਡ ਨੂੰ ਵਧਾਉਂਦਾ ਹੈ।
