
ਸਰਕਾਰ ਮਨਰੇਗਾ ਵਰਕਰਾਂ ਦੇ ਬਕਾਏ ਅਤੇ ਮੁਲਾਜ਼ਮਾਂ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰੇ - ਦੀਪਕ ਹੁਸ਼ਿਆਰਪੁਰ
ਹੁਸ਼ਿਆਰਪੁਰ- ਮਨਰੇਗਾ ਵਰਕਰਾਂ ਯੂਨੀਅਨ ਇਕਾਈ ਭੂੰਗਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਵਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਜੰਗਲਾਤ ਦਫ਼ਤਰ ਢੋਲਵਾਹਾ ਵਿਖੇ ਹੋਈ। ਮੀਟਿੰਗ ’ਚ ਵੱਡੀ ਗਿਣਤੀ ਮਨਰੇਗਾ ਵਰਕਰਜ਼ ਸ਼ਾਮਲ ਹੋਏ। ਜ਼ਿਲ੍ਹਾ ਸੰਯੋਜਕ ਅਤੇ ਮੁਲਾਜ਼ਮ ਆਗੂ ਮਨਜੀਤ ਸੈਣੀ, ਜੰਗਲਾਤ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪਾਲ ਅਤੇ ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਵੀ ਸ਼ਿਰਕਤ ਕੀਤੀ।
ਹੁਸ਼ਿਆਰਪੁਰ- ਮਨਰੇਗਾ ਵਰਕਰਾਂ ਯੂਨੀਅਨ ਇਕਾਈ ਭੂੰਗਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਵਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਜੰਗਲਾਤ ਦਫ਼ਤਰ ਢੋਲਵਾਹਾ ਵਿਖੇ ਹੋਈ। ਮੀਟਿੰਗ ’ਚ ਵੱਡੀ ਗਿਣਤੀ ਮਨਰੇਗਾ ਵਰਕਰਜ਼ ਸ਼ਾਮਲ ਹੋਏ। ਜ਼ਿਲ੍ਹਾ ਸੰਯੋਜਕ ਅਤੇ ਮੁਲਾਜ਼ਮ ਆਗੂ ਮਨਜੀਤ ਸੈਣੀ, ਜੰਗਲਾਤ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪਾਲ ਅਤੇ ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਵੀ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਮਨਰੇਗਾ ਵਰਕਰਾਂ ਨੇ ਦਰਪੇਸ਼ ਸਮਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਅਮਨਪ੍ਰੀਤ ਕੌਰ ਨੌਸ਼ਹਿਰਾ, ਓਮਾ ਦੇਵੀ ਰਾਮਟਟਵਾਲੀ ਅਤੇ ਰੀਨਾ ਰਾਣੀ ਢੋਲਵਾਹਾ ਨੇ ਦਸਿਆ ਕਿ ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦੇ ਪਿਛਲੇ ਕੀਤੇ ਕੰਮ ਦੀ ਅਦਾਇਗੀ ਨਹੀਂ ਹੋਈ। ਕਰੀਬ ਪੰਜ ਮਹੀਨੇ ਦੀ ਅਦਾਇਗੀ ਰੁਕੀ ਹੋਈ ਹੈ। ਹਡ਼੍ਹਾਂ ਦੌਰਾਨ ਬਲਾਕ ਦਫ਼ਤਰਾਂ ਵੱਲੋਂ ਕਰਵਾਏ ਕੰਮ ਦਾ ਕੋਈ ਪੈਸਾ ਨਹੀਂ ਦਿੱਤਾ ਗਿਆ।
ਪਿੰਡਾਂ ’ਚ ਵਿਕਾਸ ਕਾਰਜ ਬੰਦ ਪਏ ਹੋਣ ਕਾਰਨ ਮਨਰੇਗਾ ਵਰਕਰ ਫਾਕੇ ਕੱਟਣ ਲਈ ਮਜ਼ਬੂਰ ਹਨ। ਮੇਟ ਪ੍ਰੇਮ ਕੁਮਾਰ ਕਟੌਹਡ਼, ਰੀਟਾ ਦੇਵੀ, ਸੰਦੀਪ ਸਿੰਘ ਆਦਿ ਨੇ ਆਨਲਾਈਨ ਹਾਜ਼ਰੀ ਦੇ ਨਾਲ ਆਫ਼ਲਾਈਨ ਹਾਜ਼ਰੀ ਦੀ ਸੁਵਿਧਾ ਮੁਹੱਇਆ ਕਰਵਾਉਣ ਦੀ ਮੰਗ ਕੀਤੀ ਹੈ। ਜੰਗਲਾਤ ਅਤੇ ਨਹਿਰਾਂ ’ਤੇ ਕੰਮ ਦੌਰਾਨ ਮੋਬਾਈਲ ਨੈਟਵਰਕ ਦੀ ਅਣਹੋਂਦ ਕਾਰਨ ਆਨਲਾਈਨ ਹਾਜ਼ਰੀ ਨਹੀਂ ਲੱਗਦੀ, ਮਨਰੇਗਾ ਵਰਕਰਾਂ ਨੂੰ ਕੰਮ ਕਰਨ ਦੇ ਬਾਵਜੂਦ ਅਦਾਇਗੀ ਨਹੀਂ ਹੁੰਦੀ। ਇਸੇ ਤਰ੍ਹਾਂ ਜੀਓ ਟੈਗ ਸਬੰਧੀ ਸਮਸਿਆਵਾਂ ਕਾਰਨ ਮਨਰੇਗਾ ਵਰਕਰਾਂ ਦੀਆਂ ਦੁਸ਼ਵਾਰੀਆਂ ਵਧ ਗਈਆਂ ਹਨ।
ਜ਼ਿਲ੍ਹਾ ਸੰਯੋਜਕ ਮਨਜੀਤ ਸੈਣੀ ਨੇ ਮਨਰੇਗਾ ਬਜ਼ਟ ’ਚ ਹਰ ਵਰ੍ਹੇ ਕਟੌਤੀ ਕਰਨ ਲਈ ਕੇਂਦਰ ਅਤੇ ਰਾਜ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਮਨਰੇਗਾ ਵਰਕਰਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇੱਕਜੁਟ ਹੋ ਕੇ ਸੰਘਰਸ਼ ਦੇ ਪਿਡ਼ ਮੱਲਣ ਦਾ ਸੱਦਾ ਦਿੱਤਾ। ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਸਰਕਾਰ ਨੂੰ ਮਨਰੇਗਾ ਵਰਕਰਾਂ ਦੇ ਬਕਾਏ ਅਤੇ ਮਨਰੇਗਾ ਮੁਲਾਜ਼ਮਾਂ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜ਼ਾਰੀ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਮਨਰੇਗਾ ਵਰਕਰ ਯੂਨੀਅਨ ਨੇ ਪਿੰਡਾਂ ’ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ, ਪੰਚਾਇਤਾਂ ਦਾ ਸਾਰਾ ਕੰਮ ਮਨਰੇਗਾ ਰਾਹੀਂ ਕਰਵਾਉਣ, ਮਨਰੇਗਾ ਵਰਕਰਾਂ ਦੇ ਮਾਮਲੇ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਦੀ ਮੰਗ ਨੂੰ ਲੈ ਕੇ 24 ਤਾਰੀਕ ਨੂੰ ਬੀਡੀਪੀਓ ਦਫ਼ਤਰ ਭੂੰਗਾ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੰਚਨ ਦੇਵੀ, ਭੌਲੀ, ਤ੍ਰਿਪਤਾ ਦੇਵੀ, ਰਚਨਾ ਦੇਵੀ, ਰੁਪਿੰਦਰ ਕੌਰ, ਬਲਵੀਰ ਕੌਰ, ਮਹਿੰਦਰ ਪਾਲ, ਰਾਮ ਜੀ ਦਾਸ, ਓਮ ਪ੍ਰਕਾਸ਼, ਹਰਨਾਮ ਦਾਸ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
