
ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਕੁਰਸੀ ਲਈ ਦੋ ਦਰਜਨ ਦੇ ਕਰੀਬ ਉਮੀਦਵਾਰ ਮੈਦਾਨ ਵਿੱਚ
ਐਸ ਏ ਐਸ ਨਗਰ, 23 ਸਤੰਬਰ- ਕਾਂਗਰਸ ਪਾਰਟੀ ਵੱਲੋਂ ਚਲਾਏ ਜਾ ਰਹੇ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਪੰਜਾਬ ਦੇ 29 ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਚੋਣ ਲਈ ਪਾਰਟੀ ਹਾਈਕਮਾਨ ਵੱਲੋਂ ਭੇਜੇ ਗਏ ਕੇਂਦਰੀ ਆਬਜ਼ਰਵਰਾਂ (ਜਿਹਨਾਂ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਸਮਝੇ ਜਾਂਦੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ) ਵੱਲੋਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਦੇ ਦਾਅਵੇਦਾਰਾਂ ਨਾਲ ਨਿੱਜੀ ਤੌਰ ’ਤੇ ਗੱਲ ਵੀ ਕੀਤੀ ਜਾ ਰਹੀ ਹੈ।
ਐਸ ਏ ਐਸ ਨਗਰ, 23 ਸਤੰਬਰ- ਕਾਂਗਰਸ ਪਾਰਟੀ ਵੱਲੋਂ ਚਲਾਏ ਜਾ ਰਹੇ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਪੰਜਾਬ ਦੇ 29 ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਚੋਣ ਲਈ ਪਾਰਟੀ ਹਾਈਕਮਾਨ ਵੱਲੋਂ ਭੇਜੇ ਗਏ ਕੇਂਦਰੀ ਆਬਜ਼ਰਵਰਾਂ (ਜਿਹਨਾਂ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਸਮਝੇ ਜਾਂਦੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ) ਵੱਲੋਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਦੇ ਦਾਅਵੇਦਾਰਾਂ ਨਾਲ ਨਿੱਜੀ ਤੌਰ ’ਤੇ ਗੱਲ ਵੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਮੁਹਾਲੀ ਜ਼ਿਲ੍ਹੇ ਲਈ ਨਿਯੁਕਤ ਕੀਤੇ ਗਏ ਪਾਰਟੀ ਦੇ ਕੇਂਦਰੀ ਆਬਜ਼ਰਵਰ ਸ੍ਰੀ ਮਨੋਜ ਯਾਦਵ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਵਿਚਾਰ ਸੁਣੇ ਗਏ ਹਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਦੇ ਦਾਅਵੇਦਾਰਾਂ ਦੀ ਇੰਟਰਵਿਊ ਵੀ ਕੀਤੀ ਗਈ ਹੈ।
ਇਸ ਦੌਰਾਨ ਮੁਹਾਲੀ ਵਿੱਚ ਹੋਈ ਮੀਟਿੰਗ (ਜਿਸ ਵਿੱਚ ਸ੍ਰੀ ਮਨੋਜ ਯਾਦਵ ਦੇ ਨਾਲ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਸ੍ਰੀ ਰਵਿੰਦਰ ਪਾਲ ਸਿੰਘ ਪਾਲੀ ਵੱਲੋਂ ਸਹਿ-ਆਬਜ਼ਰਵਰ ਦੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ ਸੀ) ਦੌਰਾਨ ਸਾਬਕਾ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਸ੍ਰੀ ਹਰਕੇਸ਼ ਚੰਦ ਮਛਲੀ ਕਲਾਂ ਦਾ ਨਾਮ ਅੱਗੇ ਲਿਆਂਦਾ ਗਿਆ ਹੈ। ਸਿੱਧੂ ਭਰਾਵਾਂ ਵੱਲੋਂ ਹਰਕੇਸ਼ ਚੰਦ ਸ਼ਰਮਾ ਨੂੰ ਇੱਕ ਮਜ਼ਬੂਤ ਉਮੀਦਵਾਰ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ ਅਤੇ ਮੁਹਾਲੀ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰਾਂ ਅਤੇ ਹੋਰਨਾਂ ਨੇਤਾਵਾਂ ਤੋਂ ਵੀ ਸ੍ਰੀ ਸ਼ਰਮਾ ਦੇ ਸਮਰਥਨ ਵਿੱਚ ਲਾਬਿੰਗ ਕਰਵਾਈ ਗਈ ਹੈ।
ਜੇਕਰ ਮੁਹਾਲੀ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਪ੍ਰਧਾਨਗੀ ਦੀ ਦੌੜ ਵਿੱਚ ਮੁਹਾਲੀ ਦੇ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ ਦਾ ਨਾਮ ਵੀ ਸ਼ਾਮਲ ਹੈ ਜਿਹਨਾਂ ਵੱਲੋਂ ਆਪਣੀ ਉਮੀਦਵਾਰੀ ਪੇਸ਼ ਕੀਤੀ ਗਈ ਹੈ। ਕਿਸੇ ਵੇਲੇ ਸ੍ਰੀ ਸਿੱਧੂ ਦੀ ਸੱਜੀ ਬਾਂਹ ਮੰਨੇ ਜਾਂਦੇ ਸ੍ਰੀ ਬੇਦੀ ਇਸ ਵੇਲੇ ਨਾ ਸਿਰਫ ਸ੍ਰੀ ਸਿੱਧੂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਬਲਕਿ ਉਹ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਵੱਖਰੇ ਤੌਰ ’ਤੇ ਵਿਚਰਦਿਆਂ ਵਿਧਾਨ ਸਭਾ ਉਮੀਦਵਾਰ ਵਜੋਂ ਪਾਰਟੀ ਟਿਕਟ ਦੀ ਦਾਅਵੇਦਾਰੀ ਵੀ ਪੇਸ਼ ਕਰ ਰਹੇ ਹਨ।
ਸ੍ਰੀ ਬੇਦੀ ਇਸ ਵੇਲੇ ਪਟਿਆਲਾ ਜ਼ਿਲ੍ਹੇ ਦੇ ਸਹਿ-ਆਬਜ਼ਰਵਰ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ ਅਤੇ ਉਹਨਾਂ ਵੱਲੋਂ ਇਸ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕੀਤੇ ਜਾਣ ਨਾਲ ਸਥਿਤੀ ਦਿਲਚਸਪ ਬਣਦੀ ਦਿਖ ਰਹੀ ਹੈ। ਇਸ ਤੋਂ ਇਲਾਵਾ ਮੁਹਾਲੀ ਹਲਕੇ ਤੋਂ ਮਿਉਂਸਪਲ ਕੌਂਸਲਰ ਨਰਪਿੰਦਰ ਸਿੰਘ ਰੰਗੀ ਅਤੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਰਿਸ਼ਵ ਜੈਨ ਦੇ ਪੁੱਤਰ ਗੌਰਵ ਜੈਨ ਵੱਲੋਂ ਵੀ ਆਪਣੀ ਉਮੀਦਵਾਰੀ ਪੇਸ਼ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕਮਲਜੀਤ ਸਿੰਘ ਚਾਵਲਾ (ਕੁਰਾਲੀ), ਕਮਲ ਕਿਸ਼ੋਰ ਸ਼ਰਮਾ (ਖਰੜ), ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਕੌਰ, ਅਮਿਤ ਬਾਵਾ (ਡੇਰਾਬਸੀ), ਰਣਜੀਤ ਸਿੰਘ ਨਗਲੀਆ ਅਤੇ ਰਾਕੇਸ਼ ਕੁਮਾਰ ਸਮੇਤ ਦੋ ਦਰਜন ਦੇ ਕਰੀਬ ਉਮੀਦਵਾਰਾਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਦੀ ਜ਼ਿਲ੍ਹਾ ਪ੍ਰਧਾਨਗੀ ਦਾ ਤਾਜ ਕਿਸ ਆਗੂ ਦੇ ਸਿਰ ’ਤੇ ਰੱਖਿਆ ਜਾਂਦਾ ਹੈ।
