ਬਰਖਾਸਤ ਏ ਆਈ ਜੀ ਮਾਲਵਿੰਦਰ ਸਿੰਘ ਸਿੱਧੂ ਮਾਮਲੇ ਵਿੱਚ ਪੁਲੀਸ ਵਲੋਂ ਪੱਤਰਕਾਰ ਰਜਿੰਦਰ ਤੱਗੜ ਦੀ ਗ੍ਰਿਫਤਾਰੀ ਦਾ ਮਾਮਲਾ ਭਖਿਆ

ਐਸ ਏ ਐਸ ਨਗਰ, 27 ਅਪ੍ਰੈਲ - ਮੁਹਾਲੀ ਪੁਲੀਸ ਵਲੋਂ ਬੀਤੀ ਰਾਤ ਬਰਖਾਸਤ ਏ ਆਈ ਜੀ ਮਾਲਵਿੰਦਰ ਸਿੰਘ ਸਿੱਧੂ ਦੇ ਮਾਮਲੇ ਵਿੱਚ ਪੱਤਰਕਾਰ ਰਜਿੰਦਰ ਤੱਗੜ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ ਅਤੇ ਤੱਗੜ ਦੀ ਗ੍ਰਿਫਤਾਰੀ ਦੇ ਖਿਲਾਫ ਮੀਡੀਆਂ ਜੱਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਸਮਾਜਿਕ ਸੰਸਥਾਵਾਂ, ਕਿਸਾਨ ਯੂਨੀਅਨ ਰਾਜੇਵਾਲ ਅਤੇ ਸਿਆਸੀ ਆਗੂਆਂ ਵਲੋਂ ਪੁਲੀਸ ਤੇ ਬਦਲਾਖੋਰੀ ਦਾ ਇਲਜਾਮ ਲਗਾਉਂਦਿਆਂ ਇਸ ਕਾਰਵਾਈ ਨੂੰ ਪ੍ਰੈਸ ਦਾ ਗਲਾ ਘੁੱਟਣ ਵਾਲੀ ਦੱਸਿਆ ਹੈ।

ਐਸ ਏ ਐਸ ਨਗਰ, 27 ਅਪ੍ਰੈਲ - ਮੁਹਾਲੀ ਪੁਲੀਸ ਵਲੋਂ ਬੀਤੀ ਰਾਤ ਬਰਖਾਸਤ ਏ ਆਈ ਜੀ ਮਾਲਵਿੰਦਰ ਸਿੰਘ ਸਿੱਧੂ ਦੇ ਮਾਮਲੇ ਵਿੱਚ ਪੱਤਰਕਾਰ ਰਜਿੰਦਰ ਤੱਗੜ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ ਅਤੇ ਤੱਗੜ ਦੀ ਗ੍ਰਿਫਤਾਰੀ ਦੇ ਖਿਲਾਫ ਮੀਡੀਆਂ ਜੱਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਸਮਾਜਿਕ ਸੰਸਥਾਵਾਂ, ਕਿਸਾਨ ਯੂਨੀਅਨ ਰਾਜੇਵਾਲ ਅਤੇ ਸਿਆਸੀ ਆਗੂਆਂ ਵਲੋਂ ਪੁਲੀਸ ਤੇ ਬਦਲਾਖੋਰੀ ਦਾ ਇਲਜਾਮ ਲਗਾਉਂਦਿਆਂ ਇਸ ਕਾਰਵਾਈ ਨੂੰ ਪ੍ਰੈਸ ਦਾ ਗਲਾ ਘੁੱਟਣ ਵਾਲੀ ਦੱਸਿਆ ਹੈ।

ਮੁਹਾਲੀ ਪੁਲੀਸ ਵਲੋਂ ਅੱਜ ਬਾਅਦ ਦੁਪਹਿਰ ਪੱਤਰਕਾਰ ਰਜਿੰਦਰ ਤੱਗੜ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਤੱਗੜ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਕਿ ਉਸਤੋਂ ਪਤਾ ਕਰਨਾ ਹੈ ਕਿ ਫੰਡਿਗ ਕਿੱਥੋਂ ਹੋਈ ਹੈ ਜਦੋਂਕਿ ਸ਼੍ਰੀ ਤੱਗੜ ਦੇ ਵਕੀਲ ਨੇ ਇਸਦਾ ਵਿਰੋਧ ਕੀਤਾ। ਸੁਣਵਾਈ ਉਪਰੰਤ ਮਾਣਯੋਗ ਜੱਜ ਵਲੋਂ ਤੱਗੜ ਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜਣ ਦਾ ਹੁਕਮ ਦਿੱਤਾ ਗਿਆ।

ਜਿਕਰਯੋਗ ਹੈ ਕਿ ਸ੍ਰੀ ਰਜਿੰਦਰ ਤੱਗੜ ਵਲੋਂ ਪਹਿਲਾਂ ਹੀ ਇਹ ਖਦਸ਼ਾ ਜਾਹਿਰ ਕੀਤਾ ਗਿਆ ਸੀ ਕਿ ਪੁਲੀਸ ਉਹਨਾਂ ਨੂੰ ਕਿਸੇ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਅਤੇ ਇਸ ਸੰਬੰਧੀ ਉਹਨਾਂ ਵਲੋਂ ਮਾਣਯੋਗ ਅਦਾਲਤ ਵਿੱਚ ਅਰਜੀ ਵੀ ਦਿੱਤੀ ਸੀ ਜਿਸਤੇ ਅਦਾਲਤ ਵਲੋਂ ਤੱਗੜ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਸਨੂੰ 7 ਦਿਨਾਂ ਦਾ ਨੋਟਿਸ ਦੇਣ ਦੀ ਹਿਦਾਇਤ ਕੀਤੀ ਸੀ। ਇਸ ਸਬੰਧੀ ਬੀਤੀ ਸ਼ਾਮ ਮੁਹਾਲੀ ਪੁਲੀਸ ਵਲੋਂ ਤੱਗੜ ਨੂੰ ਇੱਕ ਹਫਤੇ ਦਾ ਨੋਟਿਸ ਵੀ ਦਿੱਤਾ ਗਿਆ ਸੀ ਪਰੰਤੂ ਬਾਅਦ ਵਿਚ ਰਾਤ ਵੇਲੇ ਪੁਲੀਸ ਨੇ ਤੱਗੜ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਪੁਲੀਸ ਵਲੋਂ ਇਹ ਗ੍ਰਿਫਤਾਰੀ ਮਾਰਚ ਮਹੀਨੇ ਵਿੱਚ ਬਰਖਾਸਤ ਏ ਆਈ ਜੀ ਮਾਲਵਿੰਦਰ ਸਿੰਘ ਸਿੱਧੂ ਦੇ ਖਿਲਾਫ ਦਰਜ ਇੱਕ ਮਾਮਲੇ ਵਿੱਚ ਕੀਤੀ ਗਈ ਹੈ।

ਪੰਜਾਬ ਅਗੇਂਸਨ ਕੁਰਪਸ਼ਨ ਦੇ ਪ੍ਰਧਾਨ ਸ਼੍ਰੀ ਸਤਨਾਮ ਸਿੰਘ ਦਾਊਂ ਜਿਹਨਾਂ ਵਲੋਂ ਸ਼੍ਰੀ ਤੱਗੜ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਇਸ ਸੰਬਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ, ਨੇ ਕਿਹਾ ਕਿ ਸ਼੍ਰੀ ਤੱਗੜ ਵਲੋਂ ਮੁਹਾਲੀ ਪੁਲੀਸ ਦੇ ਖਿਲਾਫ ਵੱਖ ਵੱਖ ਰਿਪੋਰਟਾਂ ਨਸ਼ਰ ਕੀਤੀਆਂ ਗਈਆਂ ਸਨ ਅਤੇ ਉਹਨਾਂ ਨੂੰ ਫਸਾਉਣ ਲਈ ਉਹਨਾਂ ਦਾ ਨਾਮ ਇਸ ਮਾਮਲੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਅਗੇਂਸਟ ਕਰਪਸ਼ਨ ਸ਼੍ਰੀ ਤੱਗੜ ਵਾਸਤੇ ਕਾਨੂੰਨੀ ਲੜਾਈ ਲੜੇਗੀ।

ਪੰਜਾਬ ਐਂਡ ਚੰਡੀਗੜ੍ਹ ਜਰਨਸਿਲਟ ਯੂਨੀਅਨ ਦੇ ਚੇਅਰਮੇਨ ਬਲਵਿੰਦਰ ਜੰਮੂ, ਪ੍ਰਧਾਨ ਬਲਬੀਰ ਜੰਡੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਖਜਾਂਚੀ ਬਿੰਦੂ ਸਿੰਘ, ਸਕੱਤਰ ਸੰਤੋਖ ਸਿੰਘ ਅਤੇ ਚੰਡੀਗੜ੍ਹ ਯੂਨਿਟ ਦੇ ਚੇਅਰਮੈਨ ਜਗਤਾਰ ਸਿੰਘ ਸਿੱਧੂ ਨੇ ਰਜਿੰਦਰ ਤੱਗੜ ਦੀ ਗਿਫਤਾਰੀ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਨਿਰੱਪਖ ਜਾਂਚ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਪੱਤਰਕਾਰ ਰਜਿੰਦਰ ਤੱਗੜ ਵਲੋਂ ਪਿਛਲੇ ਸਮੇਂ ਦੌਰਾਨ ਮੁਹਾਲੀ ਪੁਲੀਸ ਦੇ ਖਿਲਾਫ ਨਸ਼ਰ ਕੀਤੀਆਂ ਰਿਪੋਰਟਾਂ ਕਰਕੇ ਪੁਲੀਸ ਨੇ ਬਦਲੇ ਦੀ ਕਾਰਵਾਈ ਤਹਿਤ ਉਸਨੂੰ ਗ੍ਰਿਫਤਾਰ ਕੀਤਾ ਹੈ।

ਜਿਲ੍ਹਾ ਪਰੈਸ ਕਲੱਬ ਐਸ ਏ ਐਸ ਨਗਰ ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ ਨੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਕਾਰਵਾਈ ਨੂੰ ਮੀਡੀਆ ਤੇ ਸਿੱਧਾ ਹਮਲਾ ਹੈ। ਉਹਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਦਖਲ ਦੇ ਕੇ ਪੱਤਰਕਾਰ ਨੂੰ ਰਿਹਾ ਕਰਵਾਇਆ ਜਾਵੇ।

ਪਰੈਸ ਕਲੱਬ ਬਨੂੰੜ ਦੇ ਪ੍ਰਧਾਨ ਭੁਪਿੰਦਰ ਸਿੰਘ, ਸਰਪਰਸਤ ਕਰਮਜੀਤ ਸਿੰਘ ਚਿੱਲਾ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਨੇ ਰਜਿੰਦਰ ਤੱਗੜ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਇਸ ਨੂੰ ਪ੍ਰੈਸ ਤੇ ਸਿੱਧਾ ਹਮਲਾ ਦੱਸਿਆ ਹੈ ਅਤੇ ਉਸਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ।

ਨਗਰ ਨਿਗਮ ਐਸ ਏ ਐਸ ਨਗਰ ਦੇ ਡਿਪਟੀ ਮੇਅਰ ਸ਼੍ਰੀ ਕੁਲਜੀਤ ਸਿੰਘ ਬੇਦੀ ਨੇ ਸ਼੍ਰੀ ਤੱਗੜ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਇਸਨੂੰ ਮੀਡੀਆ ਦਾ ਗਲਾ ਘੁੱਟਣ ਵਾਲੀ ਕਾਰਵਾਈ ਦੱਸਿਆ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮੀਡੀਆ ਤੇ ਦਬਾਓ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਭਗਵੰਤ ਮਾਨ ਸਰਕਾਰ ਮੀਡੀਆ ਤੇ ਝੂਠੇ ਮਾਮਲੇ ਦਰਜ ਕਰਨ ਤੇ ਆ ਗਈ ਹੈ। ਉਹਨਾਂ ਮੰਗ ਕੀਤੀ ਕਿ ਸ਼੍ਰੀ ਤੱਗੜ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਸ਼੍ਰੀ ਪਰਮਦੀਪ ਸਿੰਘ ਬੈਦਵਾਨ ਅਤੇ ਜਿਲ੍ਹਾ ਪ੍ਰਧਾਨ ਸ਼੍ਰੀ ਕਿਰਪਾਲ ਸਿੰਘ ਸਿਆਉ ਨੇ ਪੱਤਰਕਾਰ ਰਜਿੰਦਰ ਤੱਗੜ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੁਹਾਲੀ ਪੁਲੀਸ ਨੇ ਬਦਲੇ ਦੀ ਕਾਰਵਾਈ ਤਹਿਤ ਇਹ ਕਾਰਾ ਕੀਤਾ ਹੈ ਅਤੇ ਭਾਰਤੀ ਕਿਸਾਨ ਯੂਨੀਅਨ ਹੱਕ ਸੱਚ ਦੀ ਆਵਾਜ ਬੁਲੰਦ ਕਰਨ ਵਾਲਿਆਂ ਨਾਲ ਖੜ੍ਹੀ ਹੈ।

ਸ਼ਿਰੋਮਣੀ ਕਮੇਟੀ ਮੈਂਬਰ ਅਤੇ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਰਜਿੰਦਰ ਤੱਗੜ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਇਸਦੇ ਖਿਲਾਫ ਸਾਰਿਆਂ ਨੂੰ ਲਾਮਬੰਦ ਹੋਣ ਅਤੇ ਮੋਰਚਾ ਲਗਾਉਣ ਦਾ ਸੱਦਾ ਦਿੱਤਾ ਹੈ। ਸਮਾਜਸੇਵੀ ਆਗੂ ਬਲਾਸਮ ਸਿੰਘ ਨੇ ਵੀ ਸ਼੍ਰੀ ਤੱਗੜ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ।