
ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ
ਮਾਹਿਲਪੁਰ 11 ਅਪਰੈਲ:- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਪੰਜਾਬੀ ਸ਼ਾਇਰ ਕੁਲਵਿੰਦਰ ਦੇ ਗ਼ਜ਼ਲ ਸੰਗ੍ਰਹਿ 'ਸ਼ਾਮ ਦੀ ਸਾਖ 'ਤੇ' ਉੱਤੇ ਵਿਚਾਰ ਚਰਚਾ ਕੀਤੀ ਗਈ ਜਿਸ ਉਪਰੰਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਮਾਹਿਲਪੁਰ 11 ਅਪਰੈਲ:- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਪੰਜਾਬੀ ਸ਼ਾਇਰ ਕੁਲਵਿੰਦਰ ਦੇ ਗ਼ਜ਼ਲ ਸੰਗ੍ਰਹਿ 'ਸ਼ਾਮ ਦੀ ਸਾਖ 'ਤੇ' ਉੱਤੇ ਵਿਚਾਰ ਚਰਚਾ ਕੀਤੀ ਗਈ ਜਿਸ ਉਪਰੰਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸ਼ਾਇਰ ਸੁਲੱਖਣ ਸਰਹੱਦੀ ਨੇ ਸ਼ਿਰਕਤ ਕੀਤੀ ਜਦਕਿ ਸਮਾਰੋਹ ਦੀ ਪ੍ਰਧਾਨਗੀ ਸ਼ਾਇਰ ਪ੍ਰੋ ਸੁਰਜੀਤ ਜੱਜ ਨੇ ਕੀਤੀ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ ਗੁਲਜ਼ਾਰ ਪੰਧੇਰ, ਪ੍ਰਿੰ ਡਾ ਪਰਵਿੰਦਰ ਸਿੰਘ, ਕਹਾਣੀਕਾਰ ਅਜਮੇਰ ਸਿੱਧੂ, ਡਾ ਜਗਵਿੰਦਰ ਜੋਧਾ ਅਤੇ ਲੇਖਕ ਨਛੱਤਰ ਸਿੰਘ ਭੋਗਲ ਹਾਜ਼ਰ ਹੋਏ। ਸਮਾਰੋਹ ਦੇ ਆਰੰਭ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਚੰਗਾ ਸਾਹਿਤ ਪੜਨਾ ਅਤੇ ਇਸ ਉੱਤੇ ਵਿਚਾਰ ਚਰਚਾ ਕਰਨੀ ਸਭ ਤੋਂ ਉੱਤਮ ਕਾਰਜ ਹੈ।
ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋ ਨੇ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਵਿਭਾਗ ਦੇ ਪ੍ਰੋ ਡਾ ਪ੍ਰਭਜੋਤ ਕੌਰ ਨੇ ਕੁਲਵਿੰਦਰ ਦੀਆਂ ਚੋਣਵੀਆਂ ਗਜ਼ਲਾਂ ਪੇਸ਼ ਕੀਤੀਆਂ। ਇਸ ਮੌਕੇ ਗ਼ਜ਼ਲ ਸੰਗ੍ਰਹਿ 'ਸ਼ਾਮ ਦੀ ਸਾਖ 'ਤੇ' ਉਤੇ ਪਹਿਲਾ ਖੋਜ ਪੱਤਰ ਡਾ ਸ਼ਮਸ਼ੇਰ ਮੋਹੀ ਨੇ ਪੜਦਿਆਂ ਕੁਲਵਿੰਦਰ ਦੀਆਂ ਗ਼ਜ਼ਲਾਂ ਦੇ ਵਿਸ਼ਾ ਪੱਖ ਅਤੇ ਇਸ ਦੇ ਸ਼ਿਲਪ ਵਿਧਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕੁਲਵਿੰਦਰ ਦੀ ਕਾਵਿ ਸੰਵੇਦਨਾ ਉਦਾਸ ਸਮਿਆਂ ਅੰਦਰ ਵੀ ਮਨੁੱਖ ਅੰਦਰਲੀ ਹਿੰਮਤ ਅਤੇ ਸੰਘਰਸ਼ ਦੀ ਚਿਣਗ ਬੁਝਣ ਨਹੀਂ ਦਿੰਦੀ। ਦੂਜਾ ਖੋਜ ਪੱਤਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਪੁੱਜੇ ਆਲੋਚਕ ਡਾ ਹਰਪ੍ਰੀਤ ਸਿੰਘ ਨੇ ਪੇਸ਼ ਕੀਤਾ।
ਉਨ੍ਹਾਂ ਸਮਕਾਲ ਦੀ ਗ਼ਜ਼ਲ ਪਰੰਪਰਾ ਦੇ ਪ੍ਰਸੰਗ ਵਿੱਚ ਸ਼ਾਇਰ ਕੁਲਵਿੰਦਰ ਦੀਆਂ ਗਜ਼ਲਾਂ ਦੇ ਵਿਚਾਰਧਾਰਾਈ ਪਰਪੇਖ ਬਾਰੇ ਵਿਚਾਰ ਰੱਖੇ । ਉਨ੍ਹਾਂ ਕਿਹਾ ਕਿ ਕੁਲਵਿੰਦਰ ਦੀਆਂ ਗ਼ਜ਼ਲਾਂ ਨਾਅਰੇਬਾਜ਼ੀ ਵਾਲੀ ਕਵਿਤਾ ਤੋਂ ਮੁਕਤ ਹਨ ਜਿਸ ਪਿੱਛੇ ਉਨ੍ਹਾਂ ਦੀ ਵਿਚਾਰਧਾਰਕ ਪ੍ਰਤੀਬੱਧਤਾ, ਮੌਲਿਕ ਕਾਵਿ ਬਿੰਬ ਅਤੇ ਸੁਹਜਮਈ ਭਾਸ਼ਾ ਹੈ। ਇਸ ਮੌਕੇ ਬਹਿਸ ਦਾ ਆਗਾਜ਼ ਕਰਦਿਆਂ ਡਾ ਜਗਵਿੰਦਰ ਯੋਧਾ ਨੇ ਪੰਜਾਬੀ ਗਜ਼ਲ ਦੇ ਇਤਿਹਾਸ ਅਤੇ ਵਰਤਮਾਨ ਸਥਿਤੀ ਬਾਰੇ ਵਿਚਾਰ ਰੱਖੇ ਅਤੇ ਕੁਲਵਿੰਦਰ ਦੀ ਸ਼ਾਇਰੀ ਨੂੰ ਵਿਯੋਗੇ ਮਨੁੱਖ ਦੀ ਸ਼ਾਇਰੀ ਦੱਸਿਆ। ਉਨ੍ਹਾਂ ਦਰਬਾਰੀ ਗਜ਼ਲ ਅਤੇ ਲੋਕ ਪੱਖੀ ਗ਼ਜ਼ਲ ਦੇ ਸੂਖਮ ਭੇਦ ਵੀ ਸਾਂਝੇ ਕੀਤੇ। ਇਸ ਮੌਕੇ ਹੋਈ ਵਿਚਾਰ ਚਰਚਾ ਵਿੱਚ ਕਹਾਣੀਕਾਰ ਅਜਮੇਰ ਸਿੱਧੂ, ਡਾ ਕੇਵਲ ਰਾਮ, ਨਵਤੇਜ ਗੜ੍ਹਦੀਵਾਲਾ, ਜੋਗੇ ਭੰਗਲ, ਡਾ ਗੁਰਜੰਟ ਸਿੰਘ ਅਤੇ ਪ੍ਰੋ ਬਲਦੇਵ ਬੱਲੀ ਨੇ ਕੁਲਵਿੰਦਰ ਦੀ ਸ਼ਾਇਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਅਨੇਕਾਂ ਨੁਕਤੇ ਸਾਂਝੇ ਕੀਤੇ।
ਮੁੱਖ ਮਹਿਮਾਨ ਸ਼ਾਇਰ ਸੁਲੱਖਣ ਸਰਹੱਦੀ ਅਤੇ ਪ੍ਰੋ ਸੁਰਜੀਤ ਜੱਜ ਨੇ ਪੁਸਤਕ 'ਤੇ ਪੜੇ ਖੋਜ ਪੱਤਰਾਂ ਅਤੇ ਵਿਚਾਰ ਚਰਚਾ ਵਿੱਚ ਉਭਰੇ ਨੁਕਤਿਆਂ 'ਤੇ ਮੁੱਲਵਾਨ ਟਿੱਪਣੀਆਂ ਕੀਤੀਆਂ। ਇਸ ਮੌਕੇ ਪ੍ਰਵਾਸੀ ਲੇਖਕ ਨਛੱਤਰ ਸਿੰਘ ਭੋਗਲ ਦੀ ਪੁਸਤਕ 'ਜੀਵਨ ਧਾਰਾ' ਵੀ ਲੋਕ ਅਰਪਣ ਕੀਤੀ ਗਈ ਅਤੇ ਕਾਲਜ ਦੇ ਚੋਣਵੇਂ ਵਿਦਿਆਰਥੀ ਕਵੀਆਂ ਨੂੰ ਕੁਲਵਿੰਦਰ ਦੇ ਗ਼ਜ਼ਲ ਸੰਗ੍ਰਹਿ ਦੀਆਂ ਕਾਪੀਆਂ ਭੇਟ ਕੀਤੀਆਂ। ਸਮਾਰੋਹ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ ਗੁਰਚਰਨ ਕੌਰ ਕੋਚਰ, ਨਵਤੇਜ ਗੜਦੀਵਾਲਾ, ਜਸਵੀਰ ਝੱਜ ਅਤੇ ਪ੍ਰੋ ਅਜੀਤ ਲਗੇਰੀ ਨੇ ਸ਼ਿਰਕਤ ਕੀਤੀ ਇਸ ਮੌਕੇ ਹਾਜ਼ਰ ਕਵੀਆਂ ਅਮਰੀਕ ਡੋਗਰਾ, ਅਮਰਿੰਦਰ ਸੋਹਲ, ਪ੍ਰੀਤ ਨੀਤਪੁਰ, ਬਲਦੇਵ ਬੱਲੀ, ਜੋਗੇ ਭੰਗਲ, ਸੰਤੋਖ ਸਿੰਘ ਵੀਰ, ਰਣਜੀਤ ਪੋਸੀ, ਸਾਬੀ ਪੱਖੋਵਾਲ, ਜਸਵੀਰ ਝੱਜ, ਜੀਵਨ ਚੰਦੇਲੀ, ਡਾ ਗੁਰਚਰਨ ਕੌਰ ਕੋਚਰ ਅਤੇ ਅਮਰੀਕ ਹਮਰਾਜ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਧੰਨਵਾਦੀ ਸ਼ਬਦ ਅਕੈਡਮੀ ਦੇ ਜਨਰਲ ਸਕੱਤਰ ਡਾ ਗੁਲਜ਼ਾਰ ਪੰਧੇਰ ਨੇ ਸਾਂਝੇ ਕੀਤੇ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਅਤੇ ਪੰਜਾਬੀ ਵਿਭਾਗ ਦੇ ਵਿਸ਼ੇਸ਼ ਉੱਦਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੇਖਕ ਡਾ ਧਰਮਪਾਲ ਸਾਹਿਲ, ਵਾਤਾਵਰਨ ਚਿੰਤਕ ਵਿਜੇ ਬੰਬੇਲੀ, ਸ਼੍ਰੋਮਣੀ ਬਾਲ ਸਾਹਿਤ ਐਵਾਰਡੀ ਲੇਖਕ ਬਲਜਿੰਦਰ ਮਾਨ, ਲੇਖਕ ਜਸਬੀਰ ਧੀਮਾਨ,ਐਸਡੀਓ ਜਗਵਿੰਦਰ ਸਿੰਘ, ਜਿਲਾ ਭਾਸ਼ਾ ਖੋਜ ਅਫਸਰ ਡਾ ਜਸਵੰਤ ਰਾਏ, ਚਿੱਤਰਕਾਰ ਸੁਖਮਨ, ਪ੍ਰਿੰ ਸਰਬਜੀਤ ਸਿੰਘ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਤਜਿੰਦਰ ਸਿੰਘ, ਪ੍ਰੋ ਅਨਿਲ ਕਲਸੀ ਸਮੇਤ ਅਨੇਕਾਂ ਵਿਦਿਆਰਥੀ ਹਾਜ਼ਰ ਸਨ। ਮੰਚ ਦੀ ਕਾਰਵਾਈ ਡਾ ਜੇ ਬੀ ਸੇਖੋ ਅਤੇ ਡਾ ਬਲਵੀਰ ਕੌਰ ਨੇ ਚਲਾਈ।
