
ਤਲਵੰਡੀ ਸੱਲਾਂ ਸਾਹਿਲ ਕਤਲਕਾਂਡ
ਹੁਸ਼ਿਆਰਪੁਰ - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਇਲਾਕੇ ਦੇ ਪਿੰਡਾਂ ਅੰਦਰ ਮਾਰਚ ਕਰਦੇ ਹੋਏ ਪਿੰਡ ਭੂਲਪੁਰ,ਟਾਹਲੀ, ਸਲੇਮਪੁਰ, ਨੱਥੂਪੁਰ ਅਤੇ ਤਲਵੰਡੀ ਸੱਲਾਂ ਵਿਖੇ ਰੈਲੀਆਂ ਕਰਕੇ ਸੱਲਾਂ ਸਾਹਿਲ ਕਤਲਕਾਂਡ ਤੇ ਦਲਿਤ ਅੱਤਿਆਚਾਰ ਦੇ ਪੀੜਤ ਬੇਜ਼ਮੀਨੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ 19 ਜਨਵਰੀ ਨੂੰ ਟਾਂਡਾ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਮਿਹਨਤੀ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਹੁਸ਼ਿਆਰਪੁਰ - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਇਲਾਕੇ ਦੇ ਪਿੰਡਾਂ ਅੰਦਰ ਮਾਰਚ ਕਰਦੇ ਹੋਏ ਪਿੰਡ ਭੂਲਪੁਰ,ਟਾਹਲੀ, ਸਲੇਮਪੁਰ, ਨੱਥੂਪੁਰ ਅਤੇ ਤਲਵੰਡੀ ਸੱਲਾਂ ਵਿਖੇ ਰੈਲੀਆਂ ਕਰਕੇ ਸੱਲਾਂ ਸਾਹਿਲ ਕਤਲਕਾਂਡ ਤੇ ਦਲਿਤ ਅੱਤਿਆਚਾਰ ਦੇ ਪੀੜਤ ਬੇਜ਼ਮੀਨੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ 19 ਜਨਵਰੀ ਨੂੰ ਟਾਂਡਾ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਮਿਹਨਤੀ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੁਜ਼ਾਹਰੇ ਮੌਕੇ ਕਤਲ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਸਮੇਤ ਪੇਂਡੂ ਮਜ਼ਦੂਰ ਸ਼ਮੂਲੀਅਤ ਕਰਨਗੇ। ਮੁਜ਼ਾਹਰੇ ਨੂੰ ਲੈ ਕੇ ਤਿਆਰੀ ਮੁਕੰਮਲ ਕਰ ਲਈ ਗਈ ਹੈ। ਅੱਜ 11 ਦਿਨ ਬੀਤ ਚੱਲੇ, ਰੋਸ ਵਜੋਂ ਹਾਲਾਂ ਤੱਕ ਪਰਿਵਾਰ ਨੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ। ਨਿਆਂ ਮਿਲਣ ਉਪਰੰਤ ਹੀ ਸੰਸਕਾਰ ਕਰਨ ਬਾਰੇ ਪਰਿਵਾਰ ਕਹਿ ਰਿਹਾ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਯੂਨੀਅਨ ਦੇ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ ਨੇ ਕਿਹਾ ਕਿ 5 ਜਨਵਰੀ ਨੂੰ ਸ਼ੋਭਾ ਯਾਤਰਾ ਮੌਕੇ ਦੁੱਧ ਦੇ ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਸਾਹਿਲ ਉੱਪਰ ਜਾਨਲੇਵਾ ਹਮਲਾ ਕਰਕੇ ਉਸਨੂੰ ਕਤਲ ਕਰਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਉੱਪਰ ਜਾਨਲੇਵਾ ਹਮਲੇ ਦੇ ਸ਼ਿਕਾਰ ਬਣਾਉਣ ਦੇ ਮਾਮਲੇ ਵਿੱਚ 6 ਜਨਵਰੀ ਨੂੰ ਕਤਲ ਦਾ ਪਰਚਾ ਦਰਜ ਕੀਤਾ ਗਿਆ। ਸ਼ੁਰੂਆਤੀ ਕਾਰਵਾਈ ਵਿੱਚ ਸੰਘਰਸ਼ ਦੀ ਆਵਾਜ਼ ਬੁਲੰਦ ਹੋਣ ਉਪਰੰਤ ਟਾਂਡਾ ਪੁਲਿਸ ਨੇ ਐੱਸ ਸੀ, ਐੱਸ ਟੀ ਐਕਟ ਅਤੇ ਹੋਰ ਧਾਰਾਵਾਂ ਦਾ ਵਾਧਾ ਕੀਤਾ ਅਤੇ ਸੰਘਰਸ਼ ਕਰਨ ਉਪਰੰਤ ਹੀ ਕੁੱਝ ਨਾਮਜ਼ਦ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਇਸ ਮਾਮਲੇ ਉੱਪਰ ਮਿੱਟੀ ਪਾਉਣ ਲਈ ਪੀੜ੍ਹਤ ਪਰਿਵਾਰ ਪਾਸ ਜਾ ਕੇ ਬੋਲ ਕਬੋਲ ਕੀਤੇ ਗਏ ਅਤੇ ਬਾਂਹ ਮਰੋੜ ਕੇ ਪਰਿਵਾਰ ਨੂੰ ਕਤਲ ਹੋਏ ਨੌਜਵਾਨ ਦਾ ਸੰਸਕਾਰ ਕਰਨ ਲਈ ਦਬਾਅ ਪਾਇਆ ਗਿਆ। ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ 15 ਜਨਵਰੀ ਦੇ ਮੁਜ਼ਾਹਰੇ ਮੌਕੇ ਲਿਆ ਗਿਆ ਸਮਾਂ ਵੀ ਬੀਤਣ ਕਿਨਾਰੇ ਹੈ। ਪ੍ਰੰਤੂ ਹੁਣ ਤੱਕ ਸਾਰੇ ਕਸੂਰਵਾਰਾਂ ਨੂੰ ਸਲਾਖਾਂ ਪਿੱਛੇ ਬੰਦ ਕਰਨ ਸਮੇਤ ਕਾਨੂੰਨ ਅਨੁਸਾਰ ਪੀੜ੍ਹਤ ਪਰਿਵਾਰ ਨੂੰ ਮਾਲੀ ਮੱਦਦ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵਫ਼ਾ ਹੁੰਦਾ ਵਿਖਾਈ ਨਹੀਂ ਦੇ ਰਿਹਾ। ਇਸ ਪਿੱਛੇ ਹਲਕਾ ਵਿਧਾਇਕ ਦਾ ਸਿਆਸੀ ਦਬਾਅ ਨਜ਼ਰ ਪੈ ਰਿਹਾ ਹੈ। ਨਸ਼ਾ, ਗੈਂਗਵਾਦ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਦੀ ਗਾਰੰਟੀ ਕਰਨ ਦੇ ਦਮਗਜੇ ਮਾਰਨ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਾਹਿਲ ਕਤਲਕਾਂਡ ਲਈ ਜ਼ਿੰਮੇਵਾਰ ਹੈ। ਜਿਸ ਕਾਰਨ 19 ਜਨਵਰੀ ਨੂੰ ਸਵੇਰੇ 11 ਵਜੇ ਸ਼ਿਮਲਾ ਪਹਾੜੀ ਵਿਖੇ ਇਕੱਠੇ ਹੋ ਕੇ ਮੁਜ਼ਾਹਰਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਮਾਰਚ ਅਤੇ ਰੈਲੀਆਂ ਵਿੱਚ ਸਾਹਿਲ ਦਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਮਜ਼ਦੂਰ ਹਾਜ਼ਿਰ ਸਨ ਅਤੇ ਯੂਨੀਅਨ ਆਗੂ ਦਲੀਪ ਕੁਮਾਰ, ਮੀਨਾ ਸਿੱਧੂ ਆਦਿ ਨੇ ਵੀ ਸੰਬੋਧਨ ਕੀਤਾ।
