
ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਰੋਸ ਲੋਹੜੀ 12 ਨੂੰ - ਬਲਦੇਵ ਭਾਰਤੀ
ਨਵਾਂਸ਼ਹਿਰ - ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਦੱਸਿਆ ਕਿ ਕਿ ਉਨਾਂ ਦੀ ਜੱਥੇਬੰਦੀ 12 ਜਨਵਰੀ ਨੂੰ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਰੋਸ ਲੋਹੜੀ ਮਨਾਏਗੀ। ਉਨ੍ਹਾਂ ਦੱਸਿਆ ਕਿ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਵਿਖੇ ਮ੍ਰਿਤਿਕ ਉਸਾਰੀ ਕਿਰਤੀਆਂ ਦੀ ਐਕਸਗ੍ਰੇਸ਼ੀਆ ਗ੍ਰਾਂਟ ਨਾਲ ਸਬੰਧਿਤ 17 ਆਫ-ਲਾਈਨ ਅਰਜੀਆਂ ਦੀ ਜਾਂਚ ਪੜਤਾਲ 33 ਮਹੀਨਿਆਂ ਤੋਂ ਲਟਕੀ ਹੋਈ ਹੈ ਜਿਸ ਕਾਰਨ ਉਹ ਸੰਘਰਸ਼ ਦਾ ਰਾਹ ਅਪਨਾਉਣ ਲਈ ਮਜਬੂਰ ਹਨ।
ਨਵਾਂਸ਼ਹਿਰ - ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਦੱਸਿਆ ਕਿ ਕਿ ਉਨਾਂ ਦੀ ਜੱਥੇਬੰਦੀ 12 ਜਨਵਰੀ ਨੂੰ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਰੋਸ ਲੋਹੜੀ ਮਨਾਏਗੀ। ਉਨ੍ਹਾਂ ਦੱਸਿਆ ਕਿ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਵਿਖੇ ਮ੍ਰਿਤਿਕ ਉਸਾਰੀ ਕਿਰਤੀਆਂ ਦੀ ਐਕਸਗ੍ਰੇਸ਼ੀਆ ਗ੍ਰਾਂਟ ਨਾਲ ਸਬੰਧਿਤ 17 ਆਫ-ਲਾਈਨ ਅਰਜੀਆਂ ਦੀ ਜਾਂਚ ਪੜਤਾਲ 33 ਮਹੀਨਿਆਂ ਤੋਂ ਲਟਕੀ ਹੋਈ ਹੈ ਜਿਸ ਕਾਰਨ ਉਹ ਸੰਘਰਸ਼ ਦਾ ਰਾਹ ਅਪਨਾਉਣ ਲਈ ਮਜਬੂਰ ਹਨ।
ਉਨ੍ਹਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਾਰੀ ਮਜ਼ਦੁਰਾਂ ਦੀਆਂ ਭਲਾਈ ਸਕੀਮਾਂ ਦੀਆਂ ਅਰਜ਼ੀਆਂ ਨੂੰ ਪ੍ਰਵਾਨ ਕੀਤੇ ਜਾਣ ਲਈ ਮਿਤੀ 18-03-2021 ਨੂੰ ਸਬ-ਡਵੀਜ਼ਨਲ ਮੈਜਿਸਟਰੇਟ-ਕਮ-ਚੇਅਰਮੈਨ ਉਸਾਰੀ ਮਜ਼ਦੂਰ ਭਲਾਈ ਸਕੀਮਾਂ ਸਕ੍ਰੀਨਿੰਗ ਕਮੇਟੀ ਸਬ ਡਵੀਜ਼ਨ ਨਵਾਂਸ਼ਹਿਰ ਜੀ ਦੀ ਪ੍ਰਧਾਨਗੀ ਹੇਠ ਉਸਾਰੀ ਮਜ਼ਦੂਰ ਭਲਾਈ ਸਕੀਮਾਂ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਮ੍ਰਿਤਿਕ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀਆਂ ਐਕਸਗ੍ਰੇਸ਼ੀਆ ਗ੍ਰਾਂਟ ਨਾਲ ਸਬੰਧਿਤ ਕੁੱਲ 17 ਆਫਲਾਈਨ ਅਰਜੀਆਂ ਦੀ ਜਾਂਚ ਪੜਤਾਲ ਤਹਿਸੀਲਦਾਰ ਨਵਾਂਸ਼ਹਿਰ ਪਾਸੋਂ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਇਹਨਾਂ ਦੀ ਜਾਂਚ ਪੜਤਾਲ ਕਰਵਾਉਣ ਉਪਰੰਤ ਅਗਲੀ ਮੀਟਿੰਗ ਮਿਤੀ 08-04-2021 ਵਿੱਚ ਇਹਨਾਂ ਅਰਜੀਆਂ ਨੂੰ ਪ੍ਰਵਾਨ ਕਰਕੇ ਲਾਭਪਾਤਰੀਆਂ ਦੀਆਂ ਵਿਧਵਾਵਾਂ/ਵਾਰਸਾਂ ਨੂੰ ਵਿੱਤੀ ਸਹਾਇਤਾ ਪ੍ਰਵਾਨ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਕਾਰਨ ਮਿਤੀ 08-04-2021 ਨੂੰ ਇਹ ਮੀਟਿੰਗ ਨਹੀਂ ਹੋ ਸਕੀ।ਫਿਰ ਮਿਤੀ 12/11/2021 ਨੂੰ ਸਕ੍ਰੀਨਿੰਗ ਕਮੇਟੀ ਦੀ ਹੋਈ ਅਗਲੀ ਮੀਟਿੰਗ ਦੌਰਾਨ ਵਜੀਫਾ ਸਕੀਮ, ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮ ਦੀਆਂ ਕੁਝ ਅਰਜੀਆਂ ਪ੍ਰਵਾਨ ਕੀਤੀਆਂ ਗਈਆਂ।ਪਰ ਐਕਸਗ੍ਰੇਸ਼ੀਆ ਗ੍ਰਾਂਟ ਦੀਆਂ 17 ਆਫ-ਲਾਈਨ ਅਰਜੀਆਂ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਕਿਉਂਕਿ ਇਹਨਾਂ ਅਰਜੀਆਂ ਦੀ ਜਾਂਚ ਪੜਤਾਲ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਵਲੋਂ ਮੁਕੰਮਲ ਨਹੀਂ ਹੋਈ ਸੀ।
ਉਨ੍ਹਾਂ ਦੱਸਿਆ ਕਿ ਦਫਤਰ ਸਬ-ਡਵੀਜ਼ਨਲ ਮੈਜਿਸਟਰੇਟ ਨਵਾਂਸ਼ਹਿਰ ਦੇ ਦਫਤਰ ਵੱਲੋਂ ਮਿਤੀ 27-06-2022 ਨੂੰ ਸੂਚਨਾ ਅਧਿਕਾਰ ਕਾਨੂੰਨ ਤਹਿਤ ਦਿੱਤੀ ਗਈ ਜਾਣਕਾਰੀ ਅਨੁਸਾਰ ਇਸਦੇ ਸਬੰਧ ਵਿੱਚ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਵੱਲੋਂ ਇਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਮਿਤੀ 13-01-2023 ਅਤੇ 29-08-2023 ਨੂੰ 2 ਵਾਰ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਪਾਸੋਂ ਇਸ ਫਾਇਲ ਸਬੰਧੀ ਦੁਬਾਰਾ ਸੂਚਨਾ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਮੰਗੀ ਗਈ। ਪਰ ਕਈ ਮਹੀਨੇ ਬੀਤ ਜਾਣ ਬਾਅਦ ਵੀ ਅਜੇ ਤੱਕ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਵੱਲੋਂ ਇਸ ਅਰਜ਼ੀ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਫਾਈਲ ਸਬੰਧੀ ਮਿਤੀ 08/06/2023 ਨੂੰ ਡਿਪਟੀ ਕਮਿਸ਼ਨਰ ਸ਼.ਭ.ਸ.ਨਗਰ ਨੂੰ ਵੀ ਲਿਖਤੀ ਰੂਪ ਵਿੱਚ ਵੇਰਵੇ ਸਹਿਤ ਬੇਨਤੀ ਕੀਤੀ ਗਈ ਸੀ। ਪਰ ਫਿਰ ਵੀ ਇਸ ਸਬੰਧ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਹ ਫਾਇਲ ਪਿਛਲੇ 33 ਮਹੀਨਿਆਂ ਤੋਂ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਵਿਖੇ ਲਟਕੀ ਪਈ ਹੈ। ਜਦਕਿ ਮ੍ਰਿਤਿਕ ਲਾਭਪਾਤਰੀਆਂ ਦੀਆਂ ਵਿਧਵਾਵਾਂ ਅਤੇ ਵਾਰਸ ਐਕਸਗ੍ਰੇਸ਼ੀਆਂ ਗ੍ਰਾਂਟ ਵਿੱਤੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਦੌਰਾਨ ਕਈ ਤਹਿਸੀਲਦਾਰ ਆਏ ਅਤੇ ਚਲੇ ਗਏ ਪਰ ਕਿਸੇ ਨੇ ਵੀ 33 ਮਹੀਨਿਆਂ ਤੋਂ ਧੂੜ ਫਕ ਰਹੀ ਗਰੀਬ ਵਿਧਵਾਵਾਂ/ਵਾਰਸਾਂ ਦੀ ਵਿੱਤੀ ਸਹਾਇਤਾ ਦੀ ਇਸ ਫਾਈਲ ਤੋਂ ਘੱਟਾ ਨਹੀਂ ਝਾੜਿਆ। ਇਹਨਾਂ ਅਰਜੀਆਂ ਦੀ ਜਾਂਚ ਪੜਤਾਲ ਵਿੱਚ ਹੋ ਰਹੀ ਵੱਡੀ ਦੇਰੀ ਬਹੁਤ ਹੀ ਇਤਰਾਜ਼ਯੋਗ ਹੈ ਅਤੇ ਗਰੀਬ ਲੋੜਵੰਦ ਬਿਨੈਕਾਰਾਂ ਨਾਲ ਬਹੁਤ ਵੱਡਾ ਅਨਿਆਂ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.) ਗਰੀਬ ਲੋੜਵੰਦ ਮਜ਼ਦੂਰਾਂ ਨਾਲ ਹੋ ਰਹੇ ਇਸ ਵੱਡੇ ਅਨਿਆਂ ਦਾ ਸਖਤ ਨੋਟਿਸ ਲੈਂਦੀ ਹੋਈ ਸਮਾਜਿਕ ਅਤੇ ਸੰਵਿਧਾਨਿਕ ਸੰਘਰਸ਼ ਕਰਨ ਲਈ ਮਜਬੂਰ ਹੈ। ਉਨ੍ਹਾਂ ਨੇ ਤਹਿਸੀਲਦਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਜੇਕਰ ਇਸ ਫਾਈਲ ਸਬੰਧੀ ਮਿਤੀ 10 ਜਨਵਰੀ 2024 ਤੱਕ ਕੋਈ ਜਾਂਚ ਪੜਤਾਲ ਸ਼ੁਰੂ ਕਰਕੇ ਉਸਦੀ ਰਿਪੋਰਟ ਦਫਤਰ ਸਬ-ਡਵੀਜ਼ਨਲ ਮੈਜਿਸਟਰੇਟ ਅਤੇ ਦਫਤਰ ਕਿਰਤ ਅਤੇ ਸੁਲਾਹ ਅਫਸਰ ਸਰਕਲ ਨੰ.-3 ਜਲੰਧਰ ਨਹੀਂ ਪਹੁੰਚਾਈ ਜਾਂਦੀ ਤਾਂ ਜੱਥੇਬੰਦੀ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਵਿਖੇ 12 ਜਨਵਰੀ ਨੂੰ ਆਪਣੇ ਤਰੀਕੇ ਨਾਲ ਲੋਹੜੀ ਦਾ ਤਿਉਹਾਰ ਰੋਸ ਵਜੋਂ ਮਨਾਵੇਗੀ। ਇਸ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਸ਼ ਭ ਸ ਨਗਰ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ ਨੂੰ ਵੀ ਭੇਜੀ ਗਈ ਹੈ।
