
ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਪੁਰਸਕਾਰ' ਨਾਲ ਸਨਮਾਨਿਤ ਹੋਇਆ ਕਹਾਣੀਕਾਰ ਪਰਮਜੀਤ ਮਾਨ
ਚੰਡੀਗੜ੍ਹ, 2 ਨਵੰਬਰ, ਭਾਸ਼ਾ ਵਿਭਾਗ, ਪੰਜਾਬ ਦੁਆਰਾ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪਟਿਆਲਾ ਵਿਖੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੇ ਕੈਬਨਟ ਮੰਤਰੀ, ਹਰਜੋਤ ਸਿੰਘ ਬੈਂਸ ਤੇ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਕਰ ਕਮਲਾਂ ਨਾਲ ਹੋਰਨਾ ਸਮੇਤ ਪਰਮਜੀਤ ਮਾਨ ਨੂੰ ਉਨਾਂ ਦੇ ਕਹਾਣੀ ਸੰਗ੍ਰਹਿ 'ਰੇਤ ਦੇ ਘਰ' ਲਈ 'ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।
ਚੰਡੀਗੜ੍ਹ, 2 ਨਵੰਬਰ, ਭਾਸ਼ਾ ਵਿਭਾਗ, ਪੰਜਾਬ ਦੁਆਰਾ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪਟਿਆਲਾ ਵਿਖੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੇ ਕੈਬਨਟ ਮੰਤਰੀ, ਹਰਜੋਤ ਸਿੰਘ ਬੈਂਸ ਤੇ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਕਰ ਕਮਲਾਂ ਨਾਲ ਹੋਰਨਾ ਸਮੇਤ ਪਰਮਜੀਤ ਮਾਨ ਨੂੰ ਉਨਾਂ ਦੇ ਕਹਾਣੀ ਸੰਗ੍ਰਹਿ 'ਰੇਤ ਦੇ ਘਰ' ਲਈ 'ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਇਸ ਕਹਾਣੀ ਸੰਗ੍ਰਹਿ ਵਿੱਚ ਦਸ ਕਹਾਣੀਆਂ ਹਨ ਤੇ ਬਹੁਤੀਆਂ ਸਮੁੰਦਰ ਨਾਲ ਸਬੰਧਤ ਹਨ।
ਜੱਦੀ ਪਿੰਡ ਰੜ੍ਹ, ਜ਼ਿਲ੍ਹਾ ਮਾਨਸਾ ਤੇ ਹਾਲ ਵਾਸੀ ਬਰਨਾਲਾ ਦੇ ਵਸਨੀਕ ਪਰਮਜੀਤ ਮਾਨ ਪੁੱਤਰ ਤਾਰਾ ਸਿੰਘ, ਚੜ੍ਹਦੀ ਉਮਰੇ ਹੀ ਨੇਵੀ ਵਿੱਚ ਭਰਤੀ ਹੋ ਕੇ ਸਮੁੰਦਰ ਗਾਹੁਣ ਨਿਕਲ ਗਏ।
ਸਾਹਿਤ ਦੇ ਖਜਾ਼ਨੇ ਵਿੱਚ ਪਰਮਜੀਤ ਮਾਨ ਹੁਣ ਤੱਕ, ਧੁਖਦੀਆਂ ਸਵੇਰਾਂ, ਬਲਦੀਆਂ ਸ਼ਾਮਾਂ, ਸਾਗਰ ਦੇ ਸਫ਼ੇ ਤੇ (ਕਵਿਤਾ) , ਸਮੁੰਦਰ ਦਾ ਆਦਮੀ; ਰੇਤ ਦੇ ਘਰ (ਕਹਾਣੀ ਸੰਗ੍ਰਹਿ), ਸਮੁੰਦਰਨਾਮਾ (ਸਫ਼ਰਨਾਮਾ), ਬਹਾਦੁਰ ਔਰਤਾਂ ( ਅਨੁਵਾਦ ) ਕਿਤਾਬਾਂ ਸ਼ਾਮਿਲ ਕਰ ਚੁਕੇ ਹਨ। ਹਿੰਦੀ ਦੇ ਨਾਮੀ ਮੈਗ਼ਜ਼ੀਨਾਂ ਉਤਰ ਪ੍ਰਦੇਸ਼ ਨਾਗਰਿਕ, ਅਧਾਰਸ਼ਿਲਾ, ਕਿੱਸਾ ਤੇ ਪੁਸ਼ਪਗੰਧਾ 'ਚ ਵੀ ਉਹਨਾਂ ਦੀਆਂ ਕਹਾਣੀਆਂ ਛਪਦੀਆਂ ਰਹੀਆਂ ਹਨ। 'ਰੇਤ ਦੇ ਘਰ' ਕਹਾਣੀ, ਸਿਰਜਣਾ ਵਿਚ ਛਪੀ ਤੇ ਬਾਕੀ ਸਭ ਕਹਾਣੀਆਂ ਹੋਰ ਪੰਜਾਬੀ ਮੈਗ਼ਜ਼ੀਨਾਂ ਵਿਚ ਛਪ ਚੁੱਕੀਆਂ ਹਨ ।
ਪਰਮਜੀਤ ਮਾਨ ਦੱਸਦੇ ਨੇ ਕਿ ਰਾਮ ਸਰੂਪ ਅਣਖੀ ਨੇ ਕਹਾਣੀ ਲਿਖਣ ਲਈ ਪ੍ਰੇਰਤ ਕੀਤਾ। ਉਸਦਾ ਕਹਿਣਾ ਸੀ, "ਅਸੀਂ ਤਾਂ ਲਿਖ ਲਿਖ ਕੇ ਪਿੰਡਾਂ ਦੀਆਂ ਫਿਰਨੀਆਂ, ਵੇਹੜੇ ਤੇ ਰੂੜੀਆਂ ਤੱਕ ਘਸਾ ਦਿੱਤੀਆਂ। ਪਰਮਜੀਤ, ਤੇਰੇ ਕੋਲ ਸਮੁੰਦਰ ਦਾ ਅਨੁਭਵ ਹੈ ਤੂੰ ਇਸਦੇ ਬਾਰੇ ਲਿਖ। ਪੰਜਾਬੀ ਪਾਠਕ ਕੋਲ ਸਮੁੰਦਰ ਬਾਰੇ ਕੋਈ ਰਚਨਾ ਹੀ ਨਹੀਂ।"
ਅਣਖੀ ਜੀ ਦੀ ਇਸ ਪ੍ਰੇਰਨਾ ਸਦਕਾ ਮੈਂ ਕਹਾਣੀ ਲਿਖਣ ਲੱਗਿਆ। ਉਸ ਸੱਚੇ ਸੁੱਚੇ, ਮਹਾਨ ਤੇ ਸੁਹਿਰਦ ਲਿਖਾਰੀ ਨੇ ਮੈਨੂੰ 'ਕਹਾਣੀ ਪੰਜਾਬ' ਵਿੱਚ ਵੱਡੇ ਲੇਖਕਾਂ ਦੇ ਬਰਾਬਰ ਛਾਪਿਆ। ਉਸਦਾ ਕਹਿਣਾ ਸੀ, "ਪਰਮਜੀਤ ਤੇਰੀ ਕਹਾਣੀ ਅਲੱਗ ਹੈ। ਤੂੰ ਪੰਜਾਬੀ ਸਾਹਿਤ ਵਿੱਚ ਸਮੁੰਦਰ ਦਾ ਵਿਸ਼ਾ ਲਿਆਉਣ ਵਾਲਾ ਪਹਿਲਾ ਆਦਮੀ ਹੈੰ"।
ਪਰਮਜੀਤ ਮਾਨ ਦੱਸਦੇ ਹਨ ਕਿ ਇਸੇ ਹੱਲਾਸ਼ੇਰੀ ਸਦਕਾ ਮੇਰਾ ਪਹਿਲਾ ਕਹਾਣੀ ਸੰਗ੍ਰਹਿ 'ਸਮੁੰਦਰ ਦਾ ਆਦਮੀ' ਹੋਂਦ ਵਿਚ ਆਇਆ। ਅਧਾਰਸ਼ਿਲਾ ਪ੍ਰਕਾਸ਼ਨ ਡੇਹਰਾਦੂਨ ਨੇ ਇਸ ਕਹਾਣੀ ਸੰਗ੍ਰਹਿ ਦਾ ਹਿੰਦੀ ਅਨੁਵਾਦ ਕੀਤਾ। ਹਿੰਦੀ ਅਨੁਵਾਦ ਮੁਰੇਸੀ਼ਅਸ ਵਿੱਚ ਰਲੀਜ਼ ਹੋਇਆ ਤੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਸਨਮਾਨ ਵੀ ਦਿੱਤਾ।
ਮਾਨ ਦਾ 26 ਸਾਲ ਸਮੁੰਦਰੀ ਜਹਾਜ਼ਾਂ ਦੀ ਨੌਕਰੀ ਵਾਲਾ ਤਜਰਬਾ 'ਸਮੁੰਦਰਨਾਮਾ' ਵਿੱਚ ਅੰਕਿਤ ਹੈ। ਇਸ ਸਾਲ ਆਈ ਇਹ ਕਿਤਾਬ ਵੀ ਚਰਚਾ ਵਿੱਚ ਹੈ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਸਮੁੰਦਰਨਾਮਾ, ਪੰਜਾਬੀ ਜਾਗਰਣ ਅਖਬਾਰ ਦੇ ਐਤਵਾਰ ਐਡੀਸ਼ਨ ਵਿੱਚ ਹਫਤਾਵਾਰੀ ਕਾਲਮ ਦੇ ਤੌਰ ਤੇ ਛਪਦਾ ਰਿਹਾ ਹੈ ਤੇ ਇਸ ਨੂੰ ਪਾਠਕਾਂ ਦਾ ਵੱਡਾ ਹੁੰਗਾਰਾ ਮਿਲਿਆ। ਪਰਮਜੀਤ ਮਾਨ ਨੇ ਦੱਸਿਆ ਕਿ 'ਸਮੁੰਦਰਨਾਮਾ' ਦਾ ਹਿੰਦੀ ਅਨੁਵਾਦ ਵੀ ਹੋ ਚੁੱਕਾ ਹੈ ਤੇ ਜਲਦੀ ਹੀ ਕਿਤਾਬ ਦਾ ਹਿੰਦੀ ਰੂਪ ਵੀ ਆ ਜਾਵੇਗਾ।
ਚਰਚਾ ਵਿੱਚ ਰਹਿਣ ਵਾਲੇ ਫੇਸਬੁਕੀਏ ਸਹਿਤਕਾਰਾਂ ਨਾਲੋਂ ਹਟ ਕੇ ਅਣਗੌਲੇ ਅਤੇ ਵਿਲੱਖਣ ਸ਼ਖਸ਼ੀਅਤ ਵਾਲੇ ਸਹਿਤਕਾਰ ਪਰਮਜੀਤ ਮਾਨ ਨੇ ਇਸ ਵਾਰ 2020 ਵਾਲਾ ਭਾਸ਼ਾ ਵਿਭਾਗ, ਪੰਜਾਬ ਦਾ 'ਸਰਵੋਤਮ ਪੁਸਤਕ ਪੁਰਸਕਾਰ' ਪ੍ਰਾਪਤ ਕਰਕੇ ਸਾਹਿਤ ਜਗਤ ਨੂੰ ਹੈਰਾਨੀ ਵਿੱਚ ਪਾਇਆ ਹੈ । ਹੋਰ ਤੇ ਹੋਰ ਬਹੁ ਗਿਣਤੀ ਲੇਖਕਾਂ ਦੁਆਰਾ ਸੱਚੀ ਸੁੱਚੀ ਤੇ ਮਿਆਰੀ ਪੁਸਤਕ ਚੋਣ ਲਈ ਭਾਸ਼ਾ ਵਿਭਾਗ, ਪੰਜਾਬ ਨੂੰ ਭਰਵੀਂ ਦਾਦ ਵੀ ਦਿੱਤੀ ਜਾ ਰਹੀ ਹੈ।
