ਨਿਰਦੋਸ਼ ਹੋਣ ਦੇ ਬਾਵਜੂਦ 27 ਸਾਲ ਤੱਕ ਜੇਲ੍ਹ ਬੰਦੀ ਬਣਾ ਕੇ ਰੱਖੇ ਭਾਈ ਵਰਿਆਮ ਸਿੰਘ ਦੇ ਪਰਿਵਾਰ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ - ਬਲਵੰਤ ਸਿੰਘ ਰਾਮੂਵਾਲੀਆ
ਐਸ.ਏ.ਐਸ. ਨਗਰ, 7 ਜੂਨ- ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਨਿਰਦੋਸ਼ ਹੋਣ ਦੇ ਬਾਵਜੂਦ 27 ਸਾਲ ਤੱਕ ਜੇਲ੍ਹ ਵਿੱਚ ਬੰਦੀ ਬਣਾ ਕੇ ਰੱਖੇ ਗਏ ਭਾਈ ਵਰਿਆਮ ਸਿੰਘ (ਹੁਣ ਸਵਰਗਵਾਸੀ) ਦੀ ਤੀਜੀ ਪੁੱਤਰੀ ਸੁਖਬੀਰ ਕੌਰ, ਪੋਤਰੀ ਸਿਮਰਨਜੀਤ ਕੌਰ ਅਤੇ ਪੋਤਰੇ ਜੁਗਰਾਜ ਸਿੰਘ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ ਹੈ ਤਾਂ ਜੋ ਸਿੱਖੀ ਪ੍ਰਤੀ ਕੁਰਬਾਨੀਆਂ ਕਰਨ ਵਾਲਿਆਂ ਨੂੰ ਅਣਗੌਲਿਆਂ ਕਰਨ ਦੀਆਂ ਕੌੜੀਆਂ ਸਚਾਈਆਂ ਸਾਹਮਣੇ ਆ ਸਕਣ। ਉਨ੍ਹਾਂ ਕਿਹਾ ਕਿ ਸਿੱਖੀ ਲਈ ਜੁਲਮ ਦੀ ਚੱਕੀ ਵਿੱਚ ਪੀਸਣ ਦੇ ਬਾਵਜੂਦ ਨਾ ਝੁਕਣ ਵਾਲੇ ਕੁਰਬਾਨੀ ਪੁੰਜ ਦੀ ਕੋਈ ਕਦਰ ਨਹੀਂ ਕੀਤੀ ਗਈ, ਬਲਕਿ ਬੇਕਦਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਭਾਈ ਵਰਿਆਮ ਸਿੰਘ ਦੇ ਪਰਿਵਾਰ ਨਾਲ ਕਿਸੇ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਕਿਸੇ ਦੇਸੀ-ਵਿਦੇਸ਼ੀ ਸੰਸਥਾ ਨੇ ਨਾ ਤਾਂ ਕੋਈ ਮਾਲੀ ਸਹਾਇਤਾ ਕੀਤੀ, ਨਾ ਕੋਈ ਹੋਰ ਮਦਦ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਰਫ ਸਰਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੰਗਲੈਂਡ ਦੇ ਸਿੱਖਾਂ ਨੇ ਵੀ ਭਾਈ ਗੁਰਜੰਟ ਸਿੰਘ ਰਾਜ ਰੇਡੀਓ ਵਾਲਿਆਂ ਦੀ ਅਪੀਲ ’ਤੇ ਕੁਝ ਪੈਸੇ ਭੇਜੇ।
ਉਨ੍ਹਾਂ ਕਿਹਾ ਕਿ ਸਿੱਖ ਲੀਡਰਸ਼ਿਪ (ਅਕਾਲੀ ਦਲ) ਨੇ ਉਨ੍ਹਾਂ ਦੀ ਕਦੇ ਸਾਰ ਤੱਕ ਨਾ ਲਈ ਅਤੇ ਦੋਵੇਂ ਪਤੀ-ਪਤਨੀ ਮਹੀਨਿਆਂ ਬਾਦੀ ਬਰੇਲੀ ਦੇ ਹਸਪਤਾਲ ਵਿੱਚ ਕੈਂਸਰ ਨਾਲ ਜੂਝਦੇ ਸਵਰਗਵਾਸ ਹੋ ਗਏ। ਉਨ੍ਹਾਂ ਦਾ ਪਰਿਵਾਰ ਅੱਜ ਵੀ ਬੇਸਮੀਨੀ ਹੈ ਅਤੇ ਗਰੀਬੀ ਦੀ ਮਾਰ ਸਹਿ ਰਿਹਾ ਹੈ। ਉਨ੍ਹਾਂ ਦਾ ਨਿੱਕਾ ਬੇਟਾ ਪਾਠ ਕਰਕੇ ਗੁਜਾਰਾ ਕਰਦਾ ਹੈ, ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਧੁੰਦਲਾ ਜਿਹਾ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਯੂ.ਪੀ. ਦੇ ਜੇਲ੍ਹ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਰਿਆਮ ਸਿੰਘ ਜੇਲ੍ਹ ਵਿੱਚ ਹੈ ਅਤੇ ਉਹ ਉਸ ਨੂੰ ਮਿਲਣ ਗਏ।
ਜਦੋਂ ਉਹ ਭਾਈ ਵਰਿਆਮ ਸਿੰਘ ਨੂੰ ਛੱਡਣ ਦੀਆਂ ਤਿਆਰੀਆਂ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਭਾਈ ਸੂਰਤ ਸਿੰਘ ਦਾ ਸੁਨੇਹਾ ਆਇਆ ਕਿ ਸਰਕਾਰ ਕੋਲ ਖੜੀ ਹੈ, ਜੇ ਭਾਈ ਵਰਿਆਮ ਸਿੰਘ ਨੂੰ ਦੋ-ਚਾਰ ਮਹੀਨੇ ਰੁਕ ਕੇ ਛੱਡ ਦਿਓ ਤਾਂ ਮੈਂ ਜਵਾਬ ਦਿੱਤਾ ਸੀ ਕਿ ਦੋ-ਚਾਰ ਮਹੀਨੇ ਤੱਕ ਕੀ, ਮੈਂ ਦੋ ਮਿੰਟ ਵੀ ਲੇਟ ਨਹੀਂ ਕਰਨਾ। ਇਸ ਮੌਕੇ ਪੀਲੀਭੀਤ ਦੇ ਵਸਨੀਕ ਭਾਈ ਵਰਿਆਮ ਸਿੰਘ ਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਸਾਰੀ ਜਮੀਨ ਵਿਕ ਚੁੱਕੀ ਹੈ ਅਤੇ ਸਾਡੇ ਆਪਣੇ ਬੱਚਿਆਂ ਦਾ ਭਵਿੱਖ ਖਤਮ ਹੁੰਦਾ ਨਜਰ ਆ ਰਿਹਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਹ ਸਿੱਖ ਕੌਮ ਲਈ ਕੁਰਬਾਨੀ ਦੇ ਸਕਦੇ ਹਨ ਤਾਂ ਕੀ ਸਿੱਖ ਕੌਮ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਬਲਵੰਤ ਸਿੰਘ ਰਾਮੂਵਾਲੀਆ ਨਾ ਹੁੰਦੇ ਤਾਂ ਸਾਡੇ ਬਜੁਰਗ ਜੇਲ੍ਹ ਵਿੱਚ ਹੀ ਦਮ ਤੋੜ ਦਿੰਦੇ। ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਡੇ ਬਜੁਰਗ ਭਾਈ ਵਰਿਆਮ ਸਿੰਘ ਨੂੰ ਜੇਲ੍ਹ ਤੋਂ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰਵਾਇਆ, ਸਾਨੂੰ ਸਹਾਇਤਾ ਦਿੱਤੀ।
ਉਨ੍ਹਾਂ ਕਿਹਾ ਕਿ ਅੱਜ ਵੀ ਅਸੀਂ ਇਨ੍ਹਾਂ ਕੋਲ ਧੰਨਵਾਦ ਕਰਨ ਲਈ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਵਰਗੇ ਹਜਾਰਾਂ ਹੋਰ ਪਰਿਵਾਰ, ਜਿਨ੍ਹਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ, ਉਨ੍ਹਾਂ ਦੇ ਬੱਚੇ ਅੱਜ ਵੀ ਭੁੱਖੇ ਮਰ ਰਹੇ ਹਨ। ਕੀ ਉਨ੍ਹਾਂ ਦਾ ਹੱਕ ਨਹੀਂ ਜੇ ਉਨ੍ਹਾਂ ਨੇ ਕੁਰਬਾਨੀ ਕੀਤੀ ਹੈ ਤਾਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ।