
ਉਦਯੋਗਿਕ ਖੇਤਰ ਫੇਜ਼ 9 ਵਿਖੇ ਆਕਸੀਜਨ ਦੇ ਸਿਲੰਡਰ ਭਰਨ ਵਾਲੀ ਫੈਕਟਰੀ ਵਿੱਚ ਧਮਾਕਾ
ਐਸ ਏ ਐਸ ਨਗਰ, 6 ਅਗਸਤ- ਮੁਹਾਲੀ ਦੇ ਉਦਯੋਗਿਕ ਖੇਤਰ, ਫੇਜ਼ 9 ਵਿੱਚ ਸਥਿਤ ‘ਹਾਈਟੈਕ ਇੰਡਸਟਰੀ’ ਨਾਮ ਦੇ ਆਕਸੀਜਨ ਪਲਾਂਟ ਵਿੱਚ ਅੱਜ ਸਵੇਰੇ 9 ਵਜੇ ਦੇ ਕਰੀਬ ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਸ ਦੀ ਆਵਾਜ਼ ਦੋ-ਤਿੰਨ ਕਿਲੋਮੀਟਰ ਦੂਰ ਤੱਕ ਸੁਣੀ ਗਈ।
ਐਸ ਏ ਐਸ ਨਗਰ, 6 ਅਗਸਤ- ਮੁਹਾਲੀ ਦੇ ਉਦਯੋਗਿਕ ਖੇਤਰ, ਫੇਜ਼ 9 ਵਿੱਚ ਸਥਿਤ ‘ਹਾਈਟੈਕ ਇੰਡਸਟਰੀ’ ਨਾਮ ਦੇ ਆਕਸੀਜਨ ਪਲਾਂਟ ਵਿੱਚ ਅੱਜ ਸਵੇਰੇ 9 ਵਜੇ ਦੇ ਕਰੀਬ ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਸ ਦੀ ਆਵਾਜ਼ ਦੋ-ਤਿੰਨ ਕਿਲੋਮੀਟਰ ਦੂਰ ਤੱਕ ਸੁਣੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਫੈਕਟਰੀ ਵਿੱਚ ਕਰਮਚਾਰੀ ਸਿਲੰਡਰ ਵਿੱਚ ਗੈਸ ਭਰ ਰਹੇ ਸਨ ਜਦੋਂ ਅਚਾਨਕ ਸਿਲੰਡਰ ਫਟ ਗਿਆ। ਸਿਲੰਡਰ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਨਾਲ ਹੀ ਫੈਕਟਰੀ ਵਿੱਚੋਂ ਸਿਲੰਡਰ ਦੇ ਟੁਕੜੇ ਅਤੇ ਮਨੁੱਖੀ ਸਰੀਰ ਦੇ ਅੰਗ ਹਵਾ ਵਿੱਚ ਉੱਡ ਕੇ ਬਾਹਰ ਸੜਕ ’ਤੇ ਆ ਕੇ ਡਿੱਗੇ।
ਮੁਹਾਲੀ ਦੇ ਸਾਬਕਾ ਕੌਂਸਲਰ ਸ੍ਰੀ ਸੁਖਮਿੰਦਰ ਸਿੰਘ ਬਰਨਾਲਾ, ਜੋ ਘਟਨਾ ਵੇਲੇ ਇਸ ਫੈਕਟਰੀ ਦੇ ਨਾਲ ਲੱਗਦੇ ਇੱਕ ਸਰਵਿਸ ਸਟੇਸ਼ਨ ’ਤੇ ਆਪਣੀ ਕਾਰ ਧੁਆਉਣ ਗਏ ਸਨ, ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਇੱਥੇ ਜ਼ੋਰਦਾਰ ਧਮਾਕਾ ਹੋਇਆ ਅਤੇ ਇਸ ਦੇ ਨਾਲ ਹੀ ਮਨੁੱਖੀ ਸਰੀਰ ਦੇ ਹਿੱਸੇ (ਜਿਨ੍ਹਾਂ ਵਿੱਚ ਉਂਗਲੀਆਂ ਅਤੇ ਹੋਰ ਟੁਕੜੇ ਸ਼ਾਮਿਲ ਸਨ) ਫੈਕਟਰੀ ਦੇ ਬਾਹਰ ਸੜਕ ’ਤੇ ਆ ਕੇ ਡਿੱਗੇ। ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਉੱਥੇ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਵੱਲੋਂ ਫੈਕਟਰੀ ਵਿੱਚ ਕੰਮ ਕਰ ਰਹੇ ਵਿਅਕਤੀਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਮੌਕੇ ’ਤੇ ਪਹੁੰਚੇ ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਫੈਕਟਰੀ ਵਿੱਚ ਆਕਸੀਜਨ ਦੇ ਸਿਲੰਡਰ ਭਰੇ ਜਾਂਦੇ ਹਨ ਅਤੇ ਮੁੱਢਲੀ ਜਾਂਚ ਅਨੁਸਾਰ ਸਿਲੰਡਰ ਭਰੇ ਜਾਣ ਦੌਰਾਨ ਅਚਾਨਕ ਸਿਲੰਡਰ ਫਟ ਗਿਆ, ਜਿਸ ਕਾਰਨ ਫੈਕਟਰੀ ਵਿੱਚ ਕੰਮ ਕਰ ਰਹੇ ਦੋ ਵਿਅਕਤੀਆਂ ਆਸਿਫ ਅਤੇ ਦਵਿੰਦਰ ਦੀ ਮੌਤ ਹੋ ਗਈ, ਜਦਕਿ ਚਾਰ ਵਿਅਕਤੀ ਸਰਵੇਸ਼, ਅਸ਼ੋਕ, ਸਚਿਨ ਅਤੇ ਅਕਬਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ ਜਾ ਰਿਹਾ ਹੈ।
ਧਮਾਕਾ ਇੰਨਾ ਤਕੜਾ ਸੀ ਕਿ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਵੀ ਹਿੱਲ ਗਈਆਂ ਅਤੇ ਫੈਕਟਰੀ ਦੀ ਛੱਤ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡਾਕਟਰਾਂ ਦੀ ਟੀਮ, ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਵੱਲੋਂ ਪੂਰੇ ਇਲਾਕੇ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ ਅਤੇ ਸਾਰੇ ਸਿਲੰਡਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਇਹ ਫੈਕਟਰੀ ਨਾਈਟ੍ਰੋਜਨ ਅਤੇ ਆਕਸੀਜਨ ਦੇ ਸਿਲੰਡਰ ਭਰ ਕੇ ਸਪਲਾਈ ਕਰਦੀ ਸੀ। ਫਿਲਹਾਲ ਧਮਾਕੇ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਐਸ ਡੀ ਐਮ ਦਮਨਜੀਤ ਕੌਰ ਨੇ ਵੀ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਸ਼ਾਮ 6 ਵਜੇ ਤੱਕ ਹੁੰਦੀ ਹੈ, ਪਰ ਉਹ ਓਵਰਟਾਈਮ ਲਗਾ ਕੇ ਕੰਮ ਕਰ ਰਹੇ ਸਨ। ਲੋਕਾਂ ਅਨੁਸਾਰ ਇਹ ਫੈਕਟਰੀ ਲਗਭਗ 30 ਸਾਲਾਂ ਤੋਂ ਚੱਲ ਰਹੀ ਹੈ ਅਤੇ ਟ੍ਰਾਈਸਿਟੀ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇੱਥੋਂ ਹੀ ਆਕਸੀਜਨ ਸਿਲੰਡਰ ਭੇਜੇ ਜਾਂਦੇ ਹਨ।
ਫੈਕਟਰੀ ਦੇ ਮਾਲਕ ਸ੍ਰੀ ਆਰ ਐਸ ਸਚਦੇਵਾ ਨੇ ਦੱਸਿਆ ਕਿ ਜਿਸ ਵੇਲੇ ਹਾਦਸਾ ਹੋਇਆ, ਉਸ ਵੇਲੇ ਉਹ ਫੈਕਟਰੀ ਵਿੱਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਸਿਲੰਡਰ ਭਰਨ ਦੌਰਾਨ ਅਚਾਨਕ ਸਿਲੰਡਰ ਫਟਿਆ, ਜਿਸ ਕਾਰਨ ਦੋ ਕਰਮਚਾਰੀਆਂ ਦੀ ਮੌਤ ਹੋਈ ਹੈ, ਜਦਕਿ ਚਾਰ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਕਰਮਚਾਰੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਦੌਰਾਨ ਮੁਹਾਲੀ ਦੇ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ, ਮੁਹਾਲੀ ਦੇ ਉਦਯੋਗਪਤੀਆਂ ਹਰਿੰਦਰ ਪਾਲ ਸਿੰਘ ਬਿੱਲਾ, ਅਸ਼ੋਕ ਗੁਪਤਾ, ਕੇ ਐਸ ਮਾਹਲ, ਬਲਜੀਤ ਸਿੰਘ, ਜਸਬੀਰ ਸਿੰਘ, ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਅਤੇ ਹੋਰਨਾਂ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਅਤੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਗਿਆ।
