ਵੈਟਨਰੀ ਯੂਨੀਵਰਸਿਟੀ ਨੇ ਦੇਵੰਜ਼ ਬਰੂਰੀਜ਼ ਨਾਲ ਟਿਕਾਊ ਫੀਡ ਬਣਾਉਣ ਸੰਬੰਧੀ ਕੀਤਾ ਇਕਰਾਰਨਾਮਾ
ਲੁਧਿਆਣਾ 24 ਜੁਲਾਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਦੇਵੰਜ਼ ਮਾਡਰਨ ਬਰੂਰੀਜ਼ ਲਿਮ. ਜੰਮੂ ਨਾਲ ਇਕ ਮਹੱਤਵਪੂਰਨ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਗਏ। ਇਸ ਸਮਝੌਤੇ ਤਹਿਤ ਕਸ਼ੀਦ ਕੀਤੇ ਗਏ ਜੌਂਆਂ ਦੀ ਪੌਸ਼ਟਿਕਤਾ ਦੀ ਪਛਾਣ ਅਤੇ ਮੁਰ੍ਹਾ ਕੱਟਿਆਂ ਅਤੇ ਮੁਰਗੀਆਂ ਦੀ ਖੁਰਾਕ ਵਿੱਚ ਇਸ ਦੀ ਵਰਤੋਂ ਬਾਰੇ ਖੋਜ ਕਰਨਾ ਹੈ।

ਇਹ ਇਕਰਾਰਨਾਮਾ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਅਤੇ ਸ. ਗੁਰਿੰਦਰ ਸਿੰਘ ਸੰਧੂ, ਮੁੱਖ ਪ੍ਰਬੰਧਕ ਦੇਵੰਜ਼ ਮਾਡਰਨ ਬਰੂਰੀਜ਼ ਲਿਮ. ਵੱਲੋਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤਾ ਗਿਆ। ਦੋਨਾਂ ਅਦਾਰਿਆਂ ਨੂੰ ਵਧਾਈ ਦੇਂਦਿਆਂ ਡਾ. ਗਿੱਲ ਨੇ ਕਿਹਾ ਕਿ ਇਹ ਇਕਰਾਰਨਾਮਾ ਉਦਯੋਗ ਅਤੇ ਅਕਾਦਮਿਕ ਅਦਾਰਿਆਂ ਦੇ ਚੰਗੇ ਸੁਮੇਲ ਨੂੰ ਦਰਸਾਉਂਦਾ ਹੈ ਜਿਸ ਰਾਹੀਂ ਪਸ਼ੂ ਖੁਰਾਕ ਦੀਆਂ ਵਿਹਾਰਕ ਚੁਣੌਤੀਆਂ ਨੂੰ ਵਿਗਿਆਨਕ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਨਾਲ ਨਾ ਸਿਰਫ ਟਿਕਾਊ ਸਹਿਯੋਗ ਵਿਕਸਿਤ ਹੋਏਗਾ ਬਲਕਿ ਉਦਯੋਗਾਂ ਦੇ ਸਹਿ-ਉਤਪਾਦਾਂ ਨੂੰ ਢੁੱਕਵੇਂ ਢੰਗ ਨਾਲ ਵਰਤਣ ਦੇ ਉਪਰਾਲੇ ਵੀ ਸੰਭਵ ਹੋਣਗੇ।
ਡਾ. ਜਸਪਾਲ ਸਿੰਘ ਹੁੰਦਲ, ਮੁਖੀ, ਪਸ਼ੂ ਆਹਾਰ ਵਿਭਾਗ ਨੇ ਕਿਹਾ ਕਿ ਕਸ਼ੀਦ ਹੋਏ ਜੌਂਆਂ ਦੀ ਅਜਿਹੀ ਵਰਤੋਂ ਨਾਲ ਅਸੀਂ ਕੀਮਤ ਪ੍ਰਭਾਵੀ ਪਸ਼ੂ ਫੀਡ ਤਿਆਰ ਕਰਨ ਦੇ ਸਮਰੱਥ ਹੋ ਸਕਦੇ ਹਾਂ। ਇਸ ਪ੍ਰਾਜੈਕਟ ਨੂੰ ਚਲਾਉਣ ਲਈ ਵਿਭਾਗ ਨੂੰ ਦੇਵੰਜ਼ ਮਾਡਰਨ ਬਰੂਰੀਜ਼ ਲਿਮ. ਵੱਲੋਂ 20 ਲੱਖ ਰੁਪਏ ਦੀ ਵਿਤੀ ਰਾਸ਼ੀ ਪ੍ਰਾਪਤ ਹੋਏਗੀ ਅਤੇ ਇਸ ਦੇ ਨਾਲ ਜਾਂਚ ਸਮੱਗਰੀ ਵੀ ਮੁਹੱਈਆ ਕੀਤੀ ਜਾਵੇਗੀ।
ਇਸ ਪ੍ਰਾਜੈਕਟ ਦੀ ਖੋਜ ਦੇ ਤਹਿਤ ਪ੍ਰਾਪਤ ਹੋਈਆਂ ਲੱਭਤਾਂ ਨੂੰ ਪਸਾਰ ਮੰਚਾਂ ਜਿਵੇਂ ਪਸ਼ੂ ਪਾਲਣ ਮੇਲੇ, ਕਿਸਾਨ ਮੇਲੇ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਹੋਰ ਪਸਾਰ ਪਹੁੰਚਾਂ ਰਾਹੀਂ ਪ੍ਰਚਾਰਿਆ ਜਾਵੇਗਾ।