ਕਾਮਾਗਾਟਾ ਮਾਰੂ ਨੂੰ ਗੁਰੂ ਨਾਨਕ ਜਹਾਜ਼ ਐਲਾਨਿਆ ਜਾਵੇ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ 23 ਜੁਲਾਈ 2025- ਅੱਜ ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਬੋਲਦਿਆਂ, ਉੱਘੇ ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਇਕ ਸੌ ਗਿਆਰਾਂ ਸਾਲ ਪਹਿਲਾਂ ਜੋ ਜਹਾਜ਼ ਕੈਨੇਡਾ ਵਿੱਚ ਗਿਆ ਸੀ, ਉਸ ਦਾ ਨਾਂ ਕਾਮਾਗਾਟਾ ਮਾਰੂ ਤੋਂ ਬਦਲ ਕੇ ਗੁਰੂ ਨਾਨਕ ਜਹਾਜ਼ ਰੱਖਿਆ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਾਲ ਕੈਨੇਡਾ ਵਿੱਚ ਵੈਨਕੂਵਰ ਦੀ ਸਿਟੀ ਕੌਂਸਿਲ ਨੇ ਕਾਮਾਗਾਟਾ ਮਾਰੂ ਦੇ ਰਿਮੈਂਬਰਸ ਡੇਅ ’ਤੇ ਗੁਰੂ ਨਾਨਕ ਜਹਾਜ਼ ਦੇ ਨਾਂ ਦਾ ਪ੍ਰੋਲੇਮੇਸ਼ਨ ਜਾਰੀ ਕੀਤਾ ਸੀ,

ਚੰਡੀਗੜ੍ਹ 23 ਜੁਲਾਈ 2025- ਅੱਜ ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਬੋਲਦਿਆਂ, ਉੱਘੇ ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਇਕ ਸੌ ਗਿਆਰਾਂ ਸਾਲ ਪਹਿਲਾਂ ਜੋ ਜਹਾਜ਼ ਕੈਨੇਡਾ ਵਿੱਚ ਗਿਆ ਸੀ, ਉਸ ਦਾ ਨਾਂ ਕਾਮਾਗਾਟਾ ਮਾਰੂ ਤੋਂ ਬਦਲ ਕੇ ਗੁਰੂ ਨਾਨਕ ਜਹਾਜ਼ ਰੱਖਿਆ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਾਲ ਕੈਨੇਡਾ ਵਿੱਚ ਵੈਨਕੂਵਰ ਦੀ ਸਿਟੀ ਕੌਂਸਿਲ ਨੇ ਕਾਮਾਗਾਟਾ ਮਾਰੂ ਦੇ ਰਿਮੈਂਬਰਸ ਡੇਅ ’ਤੇ ਗੁਰੂ ਨਾਨਕ ਜਹਾਜ਼ ਦੇ ਨਾਂ ਦਾ ਪ੍ਰੋਲੇਮੇਸ਼ਨ ਜਾਰੀ ਕੀਤਾ ਸੀ, ਇਸ ਵਾਰ ਸਰੀ ਦੀ ਸਿਟੀ ਕੌਂਸਲ ਨੇ ਵੀ ਗੁਰੂ ਨਾਨਕ ਜ਼ਹਾਜ ਦੇ ਨਾਂ ਦਾ ਪ੍ਰੋਲੇਮੇਸ਼ਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਜਦ ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਕੋਲੋਂ ਇਹ ਜਹਾਜ਼ ਕਿਰਾਏ ’ਤੇ ਲਿਆ ਸੀ ਤਾਂ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਇਸ ਦਾ ਨਾਂਅ ਗੁਰੂ ਨਾਨਕ ਜ਼ਹਾਜ ਰੱਖ ਦਿੱਤਾ ਸੀ। ਉਹਨਾਂ ਕਿਹਾ ਕਿ ਜ਼ਹਾਜ ਚਲਾਉਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਸਟੀਮਸ਼ਿੱਪ ਕੰਪਨੀ ਬਣਾਈ ਸੀ।
ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਬਜਬਜ ਦੇ ਸਾਕੇ ਤੋਂ ਬਾਅਦ ਬਾਬਾ ਗੁਰਦਿੱਤ ਸਿੰਘ ਨੇ ਰੁਹਪੋਸ਼ ਰਹਿੰਦਿਆ ਜੋ ਕਿਤਾਬਾਂ ਲਿਖੀਆਂ ਸਨ, ਉਹਨਾਂ ਦੇ ਨਾਂ, ਗੁਰੂ ਨਾਨਕ ਜਹਾਜ਼ ਤੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦ ਭਰੀ ਵਿਥਿਆ ਰੱਖੇ ਸਨ। ਸੋ ਇਹਨਾਂ ਸਬੂਤਾਂ ਦੇ ਆਧਾਰ ਤੇ ਇਸ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਹੋਣਾ ਚਾਹੀਦਾ ਹੈ।
ਇਸ ਮੌਕੇ ਲੇਖਕ ਰਾਜਵਿੰਦਰ ਸਿੰਘ ਰਾਹੀ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸਰਬਜੀਤ ਸਿੰਘ ਧਾਲੀਵਾਲ, ਹਰਬੰਸ ਸਿੰਘ ਸੋਢੀ, ਦਇਆ ਸਿੰਘ ਦਿੱਲੀ, ਮੇਜਰ ਹਰਮੋਹਿੰਦਰ ਸਿੰਘ, ਪੱਤਰਕਾਰ ਹਮੀਰ ਸਿੰਘ, ਪ੍ਰੀਤਮ ਸਿੰਘ ਰੂਪਾਲ ਨੇ ਆਪਣੇ ਵਿਚਾਰ ਰੱਖੇ।
ਅੰਤ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਤੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਇਕ ਮਤਾ ਪੇਸ਼ ਕੀਤਾ ਗਿਆ ਜਿਸ ਅਨੁਸਾਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਦਿਨ ਇਸ ਜਹਾਜ਼ ਦੇ ਮੁਸਾਫਰਾਂ ਨੂੰ ਕਲਕੱਤੇ ਦੀ ਬਜ-ਬਜ ਬੰਦਰਗਾਹ ਤੇ 29 ਸਤੰਬਰ 1914 ਨੂੰ ਸ਼ਹੀਦ ਕੀਤਾ ਗਿਆ ਸੀ, ਇਸ ਦਿਨ ਨੂੰ ਇਤਿਹਾਸਕ ਦਿਹਾੜਾ ਐਲਾਨਿਆ ਜਾਵੇ।
ਇਸ ਮੌਕੇ ਬਾਬਾ ਗੁਰਦਿੱਤ ਸਿੰਘ ਦੀ ਲਿਖੀ ਹੋਈ ਤੇ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਤ ਪੁਸਤਕ ‘ਗੁਰੂ ਨਾਨਕ ਜ਼ਹਾਜ ਰਿਲੀਜ਼ ਕੀਤੀ ਗਈ।