ਪੁਣੇ ਪੌਸ਼ ਮਾਮਲੇ ’ਚ 17 ਸਾਲਾ ਮੁਲਜ਼ਮ ਖ਼ਿਲਾਫ਼ ਨਾਬਾਲਗ ਵਜੋਂ ਚੱਲੇਗਾ ਮੁਕੱਦਮਾ

ਪੁਣੇ, - ਬਾਲ ਨਿਆਂ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਪੁਣੇ ਵਿੱਚ ਪਿਛਲੇ ਸਾਲ ਸ਼ਰਾਬੀ ਹਾਲਤ ਵਿੱਚ ਪੌਸ਼ ਕਾਰ ਚਲਾਉਣ ਅਤੇ ਦੋ ਵਿਅਕਤੀਆਂ ਨੂੰ ਦਰੜਨ ਦੇ ਕੇਸ ਦੇ ਮੁਲਜ਼ਮ 17 ਸਾਲਾ ਲੜਕੇ 'ਤੇ ਨਾਬਾਲਗ ਵਜੋਂ ਮੁਕੱਦਮਾ ਚਲਾਇਆ ਜਾਵੇਗਾ। ਇਹ ਘਟਨਾ ਬੀਤੇ ਸਾਲ 19 ਮਈ ਨੂੰ ਕਲਿਆਣੀ ਨਗਰ ਖੇਤਰ ਵਿੱਚ ਵਾਪਰੀ ਸੀ ਅਤੇ ਕੌਮੀ ਪੱਧਰ ’ਤੇ ਸੁਰਖੀਆਂ ਵਿੱਚ ਆਈ ਸੀ।

ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਆਈਟੀ ਪੇਸ਼ੇਵਰਾਂ ਅਨੀਸ਼ ਅਵਧੀਆ ਅਤੇ ਉਸ ਦੀ ਦੋਸਤ ਅਸ਼ਵਨੀ ਕੋਸਟਾ ਦੀ ਮੌਤ ਹੋ ਗਈ ਸੀ। ਪੁਣੇ ਪੁਲੀਸ ਨੇ ਬੀਤੇ ਸਾਲ ਇਹ ਕਹਿੰਦਿਆਂ ਮੁਲਜ਼ਮ 'ਤੇ ਬਾਲਗ ਵਜੋਂ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ, ਕਿ ਉਸਨੇ ਇਹ ‘ਘਿਨਾਉਣਾ’ ਕੰਮ ਕਰਦਿਆਂ ਨਾ ਸਿਰਫ ਦੋ ਵਿਅਕਤੀਆਂ ਦੀ ਜਾਨ ਲੈ ਲਈ, ਸਗੋਂ ਸਬੂਤਾਂ ਨਾਲ ਛੇੜਛਾੜ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਨ।
ਬਚਾਅ ਪੱਖ ਦੇ ਵਕੀਲ ਦੇ ਅਨੁਸਾਰ ਮੰਗਲਵਾਰ ਨੂੰ ਬਾਲ ਨਿਆਂ ਬੋਰਡ ਨੇ ਮੁਲਜ਼ਮ ਲੜਕੇ ਨੂੰ ਬਾਲਗ ਮੰਨਣ ਦੀ ਪੁਲੀਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਅੱਲ੍ਹੜ ਮੁਲਜ਼ਮ ਨੂੰ ਪਿਛਲੇ ਸਾਲ 19 ਮਈ ਨੂੰ ਹਾਦਸੇ ਤੋਂ ਕੁਝ ਘੰਟਿਆਂ ਬਾਅਦ ਜ਼ਮਾਨਤ ਮਿਲ ਗਈ ਸੀ।
ਨਾਬਾਲਗ ਨੂੰ ਸੜਕ ਸੁਰੱਖਿਆ ਬਾਰੇ 300 ਸ਼ਬਦਾਂ ਦਾ ਲੇਖ ਲਿਖਣ ਲਈ ਕਹਿਣ ਸਮੇਤ ਨਰਮ ਜ਼ਮਾਨਤ ਸ਼ਰਤਾਂ ਤਹਿਤ ਰਿਹਾਅ ਕੀਤੇ ਜਾਣ ਕਾਰਨ ਦੇਸ਼ ਭਰ ਵਿਚ ਹੰਗਾਮਾ ਮਚ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਤਿੰਨ ਦਿਨਾਂ ਪਿੱਛੋਂ ਪੁਣੇ ਸ਼ਹਿਰ ਦੇ ਇੱਕ ਨਿਰੀਖਣ ਘਰ ਭੇਜ ਦਿੱਤਾ ਗਿਆ ਸੀ।
ਇਸ ਪਿੱਛੋਂ 25 ਜੂਨ, 2024 ਨੂੰ ਬੰਬੇ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਮੁਲਜ਼ਮ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਹਾਈ ਕੋਰਟ ਦਾ ਕਹਿਣਾ ਸੀ ਕਿ ਜੁਵੇਨਾਈਲ ਜਸਟਿਸ ਬੋਰਡ ਦੇ ਉਸਨੂੰ ਨਿਰੀਖਣ ਘਰ ਭੇਜਣ ਦੇ ਹੁਕਮ ਗੈਰ-ਕਾਨੂੰਨੀ ਸਨ ਅਤੇ ਇਸ ਮਾਮਲੇ ਵਿਚ ਨਾਬਾਲਗਾਂ ਸਬੰਧੀ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ।