18 ਜੂਨ ਨੂੰ ਡਾ. ਅੰਬੇਡਕਰ ਦੇ ਬੁੱਤਾਂ ਦੇ ਅਪਮਾਨ ਦੇ ਵਿਰੋਧ 'ਚ ਸ੍ਰੀ ਖੁਰਾਲਗੜ ਸਾਹਿਬ ਤੋਂ ਗੜਸ਼ੰਕਰ ਤੱਕ ਬਸਪਾ ਕਰੇਗੀ ਰੋਸ ਮਾਰਚ - ਕਰੀਮਪੁਰੀ

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਦਾ ਵਿਸ਼ੇਸ਼ ਇਕੱਠ ਗੜਸ਼ੰਕਰ ਵਿਖੇ ਹੋਇਆ ਜਿਸ ਵਿੱਚ 18 ਜੂਨ ਨੂੰ ਸ੍ਰੀ ਖੁਰਾਲਗੜ ਸਾਹਿਬ ਤੋਂ ਗੜਸ਼ੰਕਰ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਬਸਪਾ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਬਹੁਜਨ ਸਮਾਜ ਪਾਰਟੀ ਵਲੋੰ ਡਾ. ਅੰਬੇਡਕਰ ਦੇ ਬੁੱਤਾਂ ਦੇ ਅਪਮਾਨ ਦੇ ਵਿਰੋਧ ਵਿੱਚ ਗੜਸ਼ੰਕਰ 'ਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਦਾ ਵਿਸ਼ੇਸ਼ ਇਕੱਠ ਗੜਸ਼ੰਕਰ ਵਿਖੇ ਹੋਇਆ ਜਿਸ ਵਿੱਚ 18 ਜੂਨ ਨੂੰ ਸ੍ਰੀ ਖੁਰਾਲਗੜ ਸਾਹਿਬ ਤੋਂ ਗੜਸ਼ੰਕਰ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਬਸਪਾ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਬਹੁਜਨ ਸਮਾਜ ਪਾਰਟੀ ਵਲੋੰ ਡਾ. ਅੰਬੇਡਕਰ ਦੇ ਬੁੱਤਾਂ ਦੇ ਅਪਮਾਨ ਦੇ ਵਿਰੋਧ ਵਿੱਚ ਗੜਸ਼ੰਕਰ 'ਚ ਭਾਰੀ  ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 
        ਡਾ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋੰ ਭਾਰਤੀ ਸੰਵਿਧਾਨ ਨਿਰਮਾਤਾ, ਭਾਰਤ ਰਤਨ , ਕਰੋੜਾਂ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੇ ਲਗਾਤਾਰ ਹੋ ਰਹੇ ਅਪਮਾਨ ਨੂੰ ਰੋਕਣ ਵਿੱਚ ਅਸਫਲ ਰਹਿਣਾ ਅਤੇ ਬੁੱਤਾਂ ਤੇ ਸਰਕਾਰੀ ਸੁਰੱਖਿਆ ਦਾ ਪ੍ਰਬੰਧ ਨਾ ਕਰ ਸਕਣਾ ਡਾ. ਅੰਬੇਡਕਰ ਪ੍ਰਤੀ ਨਫਰਤ ਦੀ ਸੋਚ ਦਾ ਪ੍ਰਗਟਾਵਾ ਕਰਦਾ ਹੈ। 
ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਹੋਈ ਘਟਨਾ ਦੀ ਸਖਤ ਨਿੰਦਿਆ ਕਰਦਿਆਂ ਨਿਰੋਲ ਰੂਪ 'ਚ ਪੰਜਾਬ ਸਰਕਾਰ ਨੂੰ ਇਸ ਲਈ ਜਿੰਮੇਵਾਰ ਮੰਨਿਆ ਗਿਆ। ਡਾ. ਕਰੀਮਪੁਰੀ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋੰ ਪਾਰਲੀਮੈਂਟ ਅੰਦਰ ਡਾ. ਅੰਬੇਡਕਰ ਪ੍ਰਤੀ ਕੀਤੀਆਂ ਬੇਹੂਦਾ ਤੇ ਗੈਰ ਜਿੰਮੇਵਰਾਨਾ ਟਿੱਪਣੀਆਂ ਤੋਂ ਬਾਅਦ ਅਜਿਹੀ ਗਰਾਉਂਡ ਤਿਆਰ ਕੀਤੀ ਗਈ ਕਿ ਪਹਿਲੀ ਘਟਨਾ ਅੰਮ੍ਰਿਤਸਰ ਵਿਖੇ ਹੋਈ ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ। 
ਬਹੁਜਨ ਸਮਾਜ ਪਾਰਟੀ ਸਰਕਾਰ ਤੋਂ ਮੰਗ ਕਰਦੀ ਆ ਰਹੀ ਹੈ ਕਿ ਜਿਥੇ ਵੀ ਡਾ. ਅੰਬੇਡਕਰ ਦੇ ਬੁੱਤ ਹਨ ਸਰਕਾਰ ਉਨਾਂ ਦੀ ਸੁਰੱਖਿਆ ਯਕੀਨੀ ਬਣਾਏ। ਇਕ ਸਵਾਲ ਦੇ ਜਬਾਬ ਵਿੱਚ ਕਰੀਮਪੁਰੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਲਈ ਹਜ਼ਾਰਾਂ ਕਰਮਚਾਰੀ ਤੈਨਾਤ ਕੀਤੇ ਜਾ ਸਕਦੇ ਹਨ ਤਾਂ ਕ੍ਰੋੜਾਂ ਲੋਕਾਂ ਦੀਆਂ ਤਕਦੀਰਾਂ ਬਦਲਣ ਵਾਲੇ ਸੰਵਿਧਾਨ ਨਿਰਮਾਤਾ ਦੇ ਬੁੱਤ ਅਸੁਰੱਖਿਅਤ ਕਿਓਂ ਹਨ ?  
 ਕਰੀਮਪੁਰੀ ਨੇ ਕਿਹਾ ਕਿ ਭਾਜਪਾ, ਕਾਂਗਰਸ, ਅਕਾਲੀ ਅਤੇ ਆਪ ਪਾਰਟੀ ਡਾ. ਅੰਬੇਡਕਰ ਦੇ ਬੁੱਤਾਂ ਲਈ ਬਰਾਬਰ ਜਿੰਮੇਬਾਰ ਹਨ ਕਿਉਂਕਿ ਕਾਂਗਰਸ ਜੋ ਸੰਵਿਧਾਨ ਬਚਾਓ  ਰੈਲੀਆਂ ਕਰਦੀ ਹੈ ਪ੍ਰੰਤੂ ਸੰਵਿਧਾਨ ਨਿਰਮਾਤਾ ਦੇ ਅਪਮਾਨ ਦੇ ਵਿਰੁੱਧ ਕਾਂਗਰਸ ਦਾ ਪੰਜਾਬ ਪ੍ਰਧਾਨ ਚੁੱਪ ਧਾਰ ਕੇ ਬੈਠਾ ਹੈ, ਇਸੇ ਤਰਾਂ ਭਾਜਪਾ ਦਾ ਪੰਜਾਬ ਪ੍ਰਧਾਨ ਚੁੱਪ ਹੈ, ਅਕਾਲੀ ਦਲ ਦਾ ਪੰਜਾਬ ਪ੍ਰਧਾਨ ਚੁੱਪ ਹੈ, ਆਪ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ ਵੀ ਇਸ ਪਾਪ ਵਿੱਚ ਸ਼ਾਮਿਲ ਹੈ ।
ਕਰੀਮਪੁਰੀ ਨੇ ਸਖਤ ਸ਼ਬਦਾਂ ਵਿਚ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਇੱਕ ਹਫਤੇ ਚ ਦੋਸ਼ੀ ਫੜ ਕੇ ਕਾਨੂੰਨ ਅਨੁਸਾਰ ਉਹਨਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਬਹੁਜਨ ਸਮਾਜ ਪਾਰਟੀ ਗੜਸ਼ੰਕਰ ਦੇ ਵਿੱਚ ਸਰਕਾਰ ਦੇ ਰਵਈਏ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕਰੇਗੀ। ਪੰਜਾਬ ਸਰਕਾਰ ਤੁਰੰਤ ਫੈਸਲਾ ਕਰੇ ਪੰਜਾਬ  ਵਿੱਚ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੇ ਬੁੱਤਾਂ ਦੀ ਰਾਖੀ ਦੇ ਲਈ ਫੋਰਸ ਲਗਾਵੇ। ਗੜਸ਼ੰਕਰ ਵਿਧਾਨ ਸਭਾ ਅੰਦਰ ਪੰਜਾਬ ਦੇ ਡਿਪਟੀ ਸਪੀਕਰ ਦੀ ਰਿਹਾਇਸ਼ ਹੋਣ ਦੇ ਬਾਵਜੂਦ ਵੀ ਬੁੱਤਾਂ ਨੂੰ ਸੁਰੱਖਿਆ ਪ੍ਰਦਾਨ ਨਾ ਕਰਨਾ ਸਰਕਾਰ ਦੇ ਗੈਰ ਸੰਜੀਦਾ ਹੋਣ ਦਾ ਪ੍ਰਗਟਾਵਾ ਕਰਦੀ ਹੈ। 
ਕਰੀਮਪੁਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਹ ਚਾਰੋਂ ਧਿਰਾਂ ਪੰਜਾਬ ਨੂੰ ਬਰਬਾਦ ਕਰਨ ਲਈ ਜਿੰਮੇਵਾਰ ਹਨ, ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਕੇ ਪੰਜਾਬ ਦੇ ਅਮਨ,ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਨੂੰ ਨਾਕਾਮ ਕਰਕੇ ਗੁਰੂਆਂ ਦੇ ਦਰਸਾਏ ਬੇਗਮਪੁਰੇ ਦਾ ਨਿਰਮਾਣ ਕਰੀਏ।  ਇਸ ਮੌਕੇ ਬਸਪਾ ਪੰਜਾਬ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਵਿਧਾਨ ਸਭਾ ਹਲਕਾ ਗੜਸ਼ੰਕਰ,ਚੱਬੇਵਾਲ ਦੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰ ਸਮਰਥਕ ਮੌਜੂਦ ਸਨ।