
ਅੱਠ ਸਾਲ ਬੀਤਣ ਦੇ ਬਾਵਜੂਦ ਬੈਂਕ ਨੇ ਨਹੀਂ ਖੋਲ੍ਹਿਆ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਬੈਂਕ ਖਾਤਾ
ਐਸ ਏ ਐਸ ਨਗਰ, 9 ਜੂਨ- ਸਥਾਨਕ ਸੈਕਟਰ 67 ਵਿੱਚ ਸਥਿਤ ਜਲਵਾਯੂ ਵਿਹਾਰ ਦੇ ਵਸਨੀਕਾਂ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਸ੍ਰ. ਬੀ ਐਸ ਢਿੱਲੋਂ ਨੇ ਕਿਹਾ ਹੈ ਕਿ ਸੰਸਥਾ ਦਾ ਬੈਂਕ ਖਾਤਾ ਪਿਛਲੇ ਅੱਠ ਸਾਲਾਂ ਤੋਂ ਫ੍ਰੀਜ ਹੈ ਅਤੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਬੈਂਕ ਵੱਲੋਂ ਇਹ ਖਾਤਾ ਖੋਲ੍ਹਿਆ ਨਹੀਂ ਜਾ ਰਿਹਾ ਹੈ।
ਐਸ ਏ ਐਸ ਨਗਰ, 9 ਜੂਨ- ਸਥਾਨਕ ਸੈਕਟਰ 67 ਵਿੱਚ ਸਥਿਤ ਜਲਵਾਯੂ ਵਿਹਾਰ ਦੇ ਵਸਨੀਕਾਂ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਸ੍ਰ. ਬੀ ਐਸ ਢਿੱਲੋਂ ਨੇ ਕਿਹਾ ਹੈ ਕਿ ਸੰਸਥਾ ਦਾ ਬੈਂਕ ਖਾਤਾ ਪਿਛਲੇ ਅੱਠ ਸਾਲਾਂ ਤੋਂ ਫ੍ਰੀਜ ਹੈ ਅਤੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਬੈਂਕ ਵੱਲੋਂ ਇਹ ਖਾਤਾ ਖੋਲ੍ਹਿਆ ਨਹੀਂ ਜਾ ਰਿਹਾ ਹੈ।
ਸ੍ਰ. ਢਿੱਲੋਂ ਨੇ ਦੱਸਿਆ ਕਿ 17 ਮਾਰਚ 2017 ਨੂੰ ਵਸਨੀਕਾਂ ਨੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਜਲਵਾਯੂ ਵਿਹਾਰ ਸੈਕਟਰ 67 ਦੀ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਸੀ। ਉਹਨਾਂ ਕਿਹਾ ਕਿ ਉਸ ਵੇਲੇ ਵਸਨੀਕਾਂ ਵੱਲੋਂ ਉਸ ਸਮੇਂ ਦੇ ਪ੍ਰਧਾਨ ਦੇ ਕੰਮਕਾਜ ਤੋਂ ਅਸੰਤੁਸ਼ਟ ਹੋ ਕੇ ਜਨਰਲ ਇਜਲਾਸ ਬੁਲਾਉਣ ਦੀ ਮੰਗ ਕੀਤੀ ਸੀ ਅਤੇ ਫਿਰ ਮੌਜੂਦ ਨਿਵਾਸੀਆਂ ਦੇ ਦੋ-ਤਿਹਾਈ ਤੋਂ ਵੱਧ ਬਹੁਮਤ ਨਾਲ, ਪ੍ਰਧਾਨ ਨੂੰ ਹਟਾ ਦਿੱਤਾ ਗਿਆ ਅਤੇ ਉਸ ਦੀ ਜਗ੍ਹਾ ਇੱਕ ਨਵਾਂ ਪ੍ਰਧਾਨ ਚੁਣ ਲਿਆ ਗਿਆ ਸੀ।
ਉਹਨਾਂ ਦੱਸਿਆ ਕਿ ਉਸ ਵੇਲੇ ਸੰਸਥਾ ਦੇ ਪਹਿਲਾਂ ਰਹੇ ਪ੍ਰਧਾਨ ਵੱਲੋਂ ਫੇਜ਼ 10 ਵਿੱਚ ਸਥਿਤ ਐਸਬੀਆਈ ਸ਼ਾਖਾ ਨਾਲ ਸੰਪਰਕ ਕਰਕੇ ਸੁਸਾਇਟੀ ਦੇ ਲੰਬੇ ਸਮੇਂ ਦੇ ਰੱਖ-ਰਖਾਅ ਫੰਡ ਖਾਤੇ ਨੂੰ ਫ੍ਰੀਜ ਕਰਵਾ ਦਿੱਤਾ ਸੀ। ਇਸ ਤੋਂ ਬਾਅਦ, ਚੁਣੀ ਗਈ ਪ੍ਰਬੰਧਕੀ ਕਮੇਟੀ ਨੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੰਸਥਾ ਦੀ ਰਜਿਸਟਰਡ ਪ੍ਰਮਾਣਿਤ ਕਾਪੀ ਜਮ੍ਹਾਂ ਕਰਵਾਈ ਸੀ, ਜਿਸ ਨੂੰ ਸੁਸਾਇਟੀਆਂ ਦੇ ਵਧੀਕ ਰਜਿਸਟਰਾਰ ਦੁਆਰਾ ਤਸਦੀਕ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਅੱਠ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਬੈਂਕ ਨੂੰ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ, ਸੁਸਾਇਟੀ ਦਾ ਖਾਤਾ ਅਜੇ ਵੀ ਅਣਫ੍ਰੀਜ ਨਹੀਂ ਕੀਤਾ ਗਿਆ ਹੈ। ਪ੍ਰਬੰਧਕੀ ਕਮੇਟੀ ਨੇ ਆਰ.ਟੀ.ਆਈ. ਐਕਟ ਤਹਿਤ ਖਾਤੇ ਨੂੰ ਫ੍ਰੀਜ ਕਰਨ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਮੰਗੀ ਸੀ, ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਬੈਂਕ ਦੀ ਇਸ ਕਾਰਵਾਈ ਕਾਰਨ, ਵਸਨੀਕਾਂ ਨੂੰ ਦੁੱਖ ਝੱਲਣਾ ਪੈ ਰਿਹਾ ਹੈ, ਕਿਉਂਕਿ ਸੰਸਥਾ ਦੀਆਂ ਵਿਕਾਸ ਗਤੀਵਿਧੀਆਂ ਠੱਪ ਹੋ ਗਈਆਂ ਹਨ, ਭਾਵੇਂ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਇਸ ਬੈਂਕ ਖਾਤੇ ਨੂੰ ਤੁਰੰਤ ਖੋਲ੍ਹਿਆ ਜਾਵੇ, ਤਾਂ ਜੋ ਇਹ ਫੰਡ ਵਸਨੀਕਾਂ ਦੀ ਭਲਾਈ ਦੇ ਕੰਮ ਲਈ ਵਰਤਿਆ ਜਾ ਸਕੇ।
ਇਸ ਸੰਬੰਧੀ ਸੰਪਰਕ ਕਰਨ ’ਤੇ ਸਟੇਟ ਬੈਂਕ ਦੀ ਸੰਬੰਧਿਤ ਸ਼ਾਖਾ ਦੇ ਮੈਨੇਜਰ ਸ੍ਰੀ ਨਿਝਾਵਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਕਾਨੂੰਨੀ ਪੇਚੀਦਗੀਆਂ ਹਨ, ਜਿਹਨਾਂ ਦਾ ਵੇਰਵਾ ਉਹਨਾਂ ਵੱਲੋਂ ਮੰਗਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਖਾਤਾ ਉਹਨਾਂ ਦੇ ਬੈਂਕ ਮੈਨੇਜਰ ਦਾ ਚਾਰਜ ਲੈਣ ਤੋਂ ਪਹਿਲਾਂ ਦਾ ਫ੍ਰੀਜ ਹੈ ਅਤੇ ਜਦੋਂ ਵੀ ਇਸ ਸੰਬੰਧੀ ਪੇਚੀਦਗੀਆਂ ਖਤਮ ਹੋ ਜਾਣਗੀਆਂ, ਖਾਤਾ ਖੋਲ੍ਹ ਦਿੱਤਾ ਜਾਵੇਗਾ।
