ਵੈਟਨਰੀ ਯੂਨੀਵਰਸਿਟੀ ਨੇ ਸਾਫ ਸੁਥਰੇ ਮੀਟ ਦਾ ਉਤਪਾਦਨ ਕਰਨ ਸੰਬੰਧੀ ਦਿੱਤੀ ਸਿਖਲਾਈ

ਲੁਧਿਆਣਾ 22 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਮੀਟ ਦੁਕਾਨਾਂ ’ਤੇ ਕੰਮ ਕਰਨ ਵਾਲੇ ਕਾਮਿਆਂ ਲਈ ਸਾਫ ਸੁਥਰੇ ਮੀਟ ਦਾ ਉਤਪਾਦਨ ਕਰਨ ਅਤੇ ਸਿਹਤਮੰਦ ਅਭਿਆਸਾਂ ਬਾਰੇ ਜਾਗਰੂਕ ਕਰਨ ਹਿਤ ਇਕ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਹ ਸਿਖਲਾਈ ਸੰਸਥਾਗਤ ਪ੍ਰਾਜੈਕਟ ਅਧੀਨ ਕਰਵਾਈ ਗਈ ਅਤੇ ਇਸ ਵਿੱਚ ਲੁਧਿਆਣੇ ਦੇ ਵੱਖ-ਵੱਖ ਖੇਤਰਾਂ ਤੋਂ 25 ਕਾਮਿਆਂ ਨੇ ਹਿੱਸਾ ਲਿਆ।

          ਪ੍ਰਤੀਭਾਗੀਆਂ ਨੂੰ ਜੀ ਆਇਆਂ ਕਹਿੰਦਿਆਂ ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਨੇ ਕਿਹਾ ਕਿ ਖ਼ਪਤਕਾਰ ਤੱਕ ਸਾਫ ਸੁਥਰਾ ਮੀਟ ਪਹੁੰਚਾਉਣ ਲਈ ਮੀਟ ਦੁਕਾਨਾਂ ਦੇ ਕਾਮਿਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਡਾ. ਜੈ ਪ੍ਰਕਾਸ਼ ਯਾਦਵ ਨੇ ਪ੍ਰਬੰਧਕੀ ਸਕੱਤਰ ਦੇ ਨਾਤੇ ਸਾਰੇ ਕੋਰਸ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਸਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਅਤੇ ਸਾਫ ਸੁਥਰੀਆਂ ਦੁਕਾਨਾਂ ਅਤੇ ਕਾਮਿਆਂ ਨਾਲ ਅਸੀਂ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਨੂੰ ਵੀ ਰੋਕ ਸਕਦੇ ਹਾਂ। ਡਾ. ਨਿਤਿਨ ਮਹਿਤ ਅਤੇ ਡਾ. ਪੰਕਜ ਢਾਕਾ ਨੇ ਸੂਖਮਜੀਵਾਂ ਦੇ ਖ਼ਤਰਿਆਂ ਅਤੇ ਜਾਨਵਰ ਦੇ ਮੀਟ ਦੀ ਪ੍ਰਾਸੈਸਿੰਗ ਦੇ ਵੱਖਰੇ-ਵੱਖਰੇ ਪੜਾਵਾਂ ’ਤੇ ਸਫਾਈ ਢੰਗਾਂ ਬਾਰੇ ਚਾਨਣਾ ਪਾਇਆ। ਡਾ. ਸੰਦੀਪ ਧਾਲੀਵਾਲ ਅਤੇ ਡਾ. ਪ੍ਰਿਯੰਕਾ ਨੇ ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਿਟੀ ਦੀ ਰਜਿਸਟ੍ਰੇਸ਼ਨ ਵਿਧੀ ਅਤੇ ਪੋਸਟਮਾਰਟਮ ਜਾਂਚ ਪ੍ਰਕਿਰਿਆ ਬਾਰੇ ਦੱਸਿਆ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਸਿਖਲਾਈ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਯਤਨਾਂ ਨਾਲ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਬਿਹਤਰ ਰੱਖਣ ਵਿੱਚ ਬਹੁਤ ਮਦਦ ਮਿਲਦੀ ਹੈ। ਡਾ. ਦਿਗਵਿਜੇ ਸਿੰਘ, ਡੀਨ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ ਨੇ ਕਿਹਾ ਕਿ ਅਜਿਹੀਆਂ ਸਮਰੱਥਾ ਉਸਾਰੂ ਗਤੀਵਿਧੀਆਂ ਦੀ ਬਹੁਤ ਮਹੱਤਤਾ ਹੈ ਅਤੇ ਇਸ ਨਾਲ ਕਾਮਿਆਂ ਅਤੇ ਭੋਜਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।