ਪਾਕਿ ਲਈ ਜਾਸੂਸੀ: ਲਗਜ਼ਰੀ ਜ਼ਿੰਦਗੀ ਦੀ ਸ਼ੌਕੀਨ ਸੀ ਯੂਟਿਊਬਰ ਜਯੋਤੀ

ਚੰਡੀਗੜ੍ਹ, 18 ਮਈ- ਹਰਿਆਣਾ ਦੇ ਹਿਸਾਰ ਦੀ 33 ਸਾਲਾ ਯੂਟਿਊਬਰ ਜਯੋਤੀ ਮਲਹੋਤਰਾ ਦੀ ਗ੍ਰਿਫਤਾਰੀ ਨੇ ਪੂਰੇ ਦੇਸ਼ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਟਰੈਵਲ ਬਲੌਗਿੰਗ ਦੀ ਆੜ ਵਿਚ ਦੇਸ਼ ਦੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਤੱਕ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਜਯੋਤੀ ਨੂੰ ਹਿਸਾਰ ਕੋਰਟ ਨੇ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਚੰਡੀਗੜ੍ਹ, 18 ਮਈ- ਹਰਿਆਣਾ ਦੇ ਹਿਸਾਰ ਦੀ 33 ਸਾਲਾ ਯੂਟਿਊਬਰ ਜਯੋਤੀ ਮਲਹੋਤਰਾ ਦੀ ਗ੍ਰਿਫਤਾਰੀ ਨੇ ਪੂਰੇ ਦੇਸ਼ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਟਰੈਵਲ ਬਲੌਗਿੰਗ ਦੀ ਆੜ ਵਿਚ ਦੇਸ਼ ਦੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਤੱਕ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਜਯੋਤੀ ਨੂੰ ਹਿਸਾਰ ਕੋਰਟ ਨੇ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਯੋਤੀ ‘ਟਰੈਵਲ ਵਿਦ ਜੋ’ ਨਾਮ ਨਾਲ ਯੂਟਿਊਬ ਚੈਨਲ ਚਲਾਉਂਦੀ ਹੈ, ਜਿਸ ਦੇ 3.80 ਲੱਖ ਸਬਸਕ੍ਰਾਈਬਰ ਤੇ ਇੰਸਟਾਗ੍ਰਾਮ ’ਤੇ ਇਕ ਲੱਖ ਤੋਂ ਵੱਧ ਫਾਲੋਅਰਜ਼ ਹਨ। ਖ਼ੁਦ ਨੂੰ ‘ਘੁਮੱਕੜ’ ਦੱਸਦ ਵਾਲੀ ਜਯੋਤੀ ਪਿਛਲੇ ਦੋ ਸਾਲਾਂ ਵਿਚ ਤਿੰਨ ਵਾਰ ਪਾਕਿਸਤਾਨ ਜਾ ਚੁੱਕੀ ਹੈ ਤੇ ਚੌਥੀ ਫੇਰੀ ਦੀ ਤਿਆਰੀ ਵਿਚ ਸੀ। ਉਹ ਲਗਜ਼ਰੀ ਲਾਈਫ਼ ਦੀ ਸ਼ੌਕੀਨ ਸੀ।
ਕਿਵੇਂ ਖੁੱਲ੍ਹੀ ਪੋਲ?
ਜਯੋਤੀ ਦੀ ਪਾਕਿਸਤਾਨ ਵਿਚ ਉਨ੍ਹਾਂ ਇਲਾਕਿਆਂ ਤੱਕ ਪਹੁੰਚ ਸੀ, ਜਿੱਥੇ ਆਮ ਭਾਰਤੀਆਂ ਦਾ ਜਾਣਾ ਲਗਪਗ ਅਸੰਭਵ ਹੈ। ਲਾਹੌਰ ਵਿਚ ਪੁਲੀਸ ਵਾਲੇ ਖ਼ੁਦ ਉਸ ਨੂੰ ਰੇਲਗੱਡੀ ਵਿਚ ਚਾਹ ਪਿਆਉਂਦੇ ਦਿਸੇ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਯੋਤੀ ਉੱਤੇ ਪਾਕਿਸਤਾਨ ਦੀ ਖੁਫ਼ੀਆ ਏਜੰਟਾਂ ਨੂੰ ਫੌਜੀ ਟਿਕਾਣਿਆਂ ਤੇ ਹਵਾਈ ਪੱਟੀ ਨਾਲ ਜੁੜੀ ਜਾਣਕਾਰੀ ਦੇਣ ਦਾ ਦੋਸ਼ ਹੈ।
ਕਦੋਂ ਤੇ ਕਿਵੇਂ ਬਣੀ ਪਾਕਿਸਤਾਨੀ ਖੁਫ਼ੀਆ ਏਜੰਸੀ ਦਾ ਹੱਥਠੋਕਾ?
ਐੱਨਡੀਟੀਵੀ ਦੀ ਇਕ ਰਿਪੋਰਟ ਮੁਤਾਬਕ ਜਯੋਤੀ ਦੀ ਮੁਲਾਕਾਤ 2023 ਵਿਚ ਪਾਕਿਸਤਾਨੀ ਹਾਈ ਕਮਿਸ਼ਨ ਵਿਚ ਕੰਮ ਕਰਦੇ ਅਹਿਸਾਨ ਉਰ ਰਹੀਮ ਉਰਫ਼ ਦਾਨਿਸ਼ ਨਾਲ ਹੋਈ ਸੀ। ਦਾਨਿਸ਼ ਨੇ ਉਸ ਨੂੰ ਵੀਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਤੇ ਦੋਵਾਂ ਦਰਮਿਆਨ ਰਾਬਤਾ ਵਧਿਆ। ਪਾਕਿਸਤਾਨ ਵਿਚ ਜਯੋਤੀ ਦੀ ਮੁਲਾਕਾਤ ਅਲੀ ਅਹਿਵਾਨ, ਸ਼ਾਕਿਰ ਤੇ ਰਾਣਾ ਸ਼ਹਿਬਾਜ਼ ਜਿਹੇ ਖੁਫੀਆ ਏਜੰਟਾਂ ਨਾਲ ਕਰਵਾਈ ਗਈ। ਇਸੇ ਦੌਰਾਨ ਉਹ ਜਾਸੂਸੀ ਨੈੱਟਵਰਕ ਦਾ ਹਿੱਸਾ ਬਣ ਗਈ।
ਜਯੋਤੀ ਨੇ ਵਟਸਐਪ, ਟੈਲੀਗ੍ਰਾਮ ਤੇ ਸਨੈਪਚੈਟ ਜਿਹੇ ਸੋਸ਼ਲ ਮੀਡੀਆ ਪਲੈਟਫਾਰਮਾਂ ਜ਼ਰੀਏ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾਈ। ਉਸ ਨੇ ਏਜੰਟ ਸ਼ਾਕਿਰ ਦਾ ਨਾਮ ‘ਜੱਟ ਰੰਧਾਵਾ’ ਦੇ ਨਾਮ ਨਾਲ ਸੇਵ ਕੀਤਾ ਹੋਇਆ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। 24 ਮਾਰਚ 2024 ਨੂੰ ਦਿੱਲੀ ਸਥਿਤ ਪਾਕਿ ਅੰਬੈਸੀ ਵਿਚ ਰੱਖੀ ਇਕ ਪਾਰਟੀ ਵਿਚ ਜਯੋਤੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ। ਇਸ ਪਾਰਟੀ ਦੀ ਵੀਡੀਓ ਉਸ ਦੇ ਚੈਨਲ ’ਤੇ ਵੀ ਹੈ। ਦੱਸਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਬਾਲੀ ਦੀ ਯਾਤਰਾ ’ਤੇ ਵੀ ਗਈ ਸੀ।
ਹਰਿਆਣਾ ਪੁਲੀਸ ਤੇ ਖੁਫ਼ੀਆ ਏਜੰਸੀਆਂ ਦੀ ਸਾਂਝੀ ਕਾਰਵਾਈ ਵਿਚ ਜਯੋਤੀ ਤੋਂ ਪਹਿਲਾਂ ਨੋਮਾਨ ਇਲਾਹੀ (ਪਾਣੀਪਤ), ਦੇਵੇਂਦਰ ਢਿੱਲੋਂ (ਕੈਥਲ) ਤੇ ਅਰਮਾਨ (ਨੂੰਹ) ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁੁਲੀਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੇ ਜਾਣ ਦੀ ਤਿਆਰੀ ਹੈ। ਜਯੋਤੀ ਕੋਲੋ ਕਈ ਤਕਨੀਕੀ ਉਪਕਰਣ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੀ ਜਾਂਚ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕੇਸ ਤੋਂ ਪਾਕਿਸਤਾਨੀ ਜਾਸੂਸੀ ਨੈੱਟਵਰਕ ਦਾ ਪਤਾ ਲੱਗ ਸਕਦਾ ਹੈ।