
ਸਿਰਜਣਾ ਕੇਂਦਰ ਵੱਲੋਂ ਕਰਵਾਈ ਗਈ ਗ਼ਜ਼ਲ ਵਰਕਸ਼ਾਪ ਨੇ ਛੱਡੀ ਵੱਖਰੀ ਹੀ ਛਾਪ: ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ
ਕਪੂਰਥਲਾ (ਪੈਗਾਮ ਏ ਜਗਤ) ਸਾਹਿਤ ਦੀ ਮਕ਼ਬੂਲ ਵਿਧਾ ਗ਼ਜ਼ਲ ਲਿਖਣ ਦੀ ਕਲਾ ਉੱਤੇ ਸਿਰਜਣਾ ਕੇਂਦਰ (ਰਜਿ.) ਵੱਲੋਂ ਵਿਸ਼ਵ ਪ੍ਰਸਿੱਧ ਗ਼ਜ਼ਲਗੋ ਗੀਤਕਾਰ ਅਤੇ ਨਿਰੋਲ ਸਾਹਿਤਕ ਮੈਗਜ਼ੀਨ "ਸੂਲ ਸੁਰਾਹੀ" ਦੇ ਮੁੱਖ ਸੰਪਾਦਕ ਬਲਬੀਰ ਸਿੰਘ ਸੈਣੀ ਵਾਸੀ ਨੰਗਲ ਨਾਲ ਰੂ-ਬ-ਰੂ ਅਤੇ ਗ਼ਜ਼ਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਕਪੂਰਥਲਾ (ਪੈਗਾਮ ਏ ਜਗਤ) ਸਾਹਿਤ ਦੀ ਮਕ਼ਬੂਲ ਵਿਧਾ ਗ਼ਜ਼ਲ ਲਿਖਣ ਦੀ ਕਲਾ ਉੱਤੇ ਸਿਰਜਣਾ ਕੇਂਦਰ (ਰਜਿ.) ਵੱਲੋਂ ਵਿਸ਼ਵ ਪ੍ਰਸਿੱਧ ਗ਼ਜ਼ਲਗੋ ਗੀਤਕਾਰ ਅਤੇ ਨਿਰੋਲ ਸਾਹਿਤਕ ਮੈਗਜ਼ੀਨ "ਸੂਲ ਸੁਰਾਹੀ" ਦੇ ਮੁੱਖ ਸੰਪਾਦਕ ਬਲਬੀਰ ਸਿੰਘ ਸੈਣੀ ਵਾਸੀ ਨੰਗਲ ਨਾਲ ਰੂ-ਬ-ਰੂ ਅਤੇ ਗ਼ਜ਼ਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਬਲਬੀਰ ਸਿੰਘ ਸੈਣੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਸਤਾਦ ਗ਼ਜ਼ਲਗੋ ਸੁਰਜੀਤ ਸਾਜਨ ਨੇ ਸ਼ਿਰਕਤ ਕੀਤੀ । ਸਮਾਗਮ ਦੀ ਪ੍ਰਧਾਨਗੀ ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਤੇ ਗ਼ਜ਼ਲਗੋ ਜਨਕਪ੍ਰੀਤ ਸਿੰਘ ਬੇਗੋਵਾਲ ਨੇ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਭ ਨੂੰ ਜੀ ਆਇਆਂ ਆਖਦਿਆਂ ਬਲਬੀਰ ਸਿੰਘ ਸੈਣੀ ਜੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਹਾਜ਼ਰ ਸ਼ਾਇਰਾਂ ਦਾ ਇੱਕ ਸੰਖੇਪ ਕਵੀ ਦਰਬਾਰ ਕਰਵਾਇਆ।
ਇਸ ਸ਼ੁਰੂਆਤੀ ਕਵੀ ਦਰਬਾਰ ਵਿੱਚ ਦਲਜੀਤ ਮਹਿਮੀ, ਲਾਲੀ ਕਰਤਾਰਪੁਰੀ, ਡਾ. ਸੁਰਿੰਦਰਪਾਲ ਸਿੰਘ, ਕਾਮਰੇਡ ਹਰਚਰਨ ਸਿੰਘ ਅਤੇ ਸੁਖਦੇਵ ਸਿੰਘ ਭੱਟੀ ਫ਼ਿਰੋਜ਼ਪੁਰੀ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਸਾਹਿੱਤਿਕ ਰੰਗਤ ਦਿੱਤੀ। ਸਵਾਗਤੀ ਸ਼ਬਦਾਂ ਵਿੱਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਰਸਮੀ ਤੌਰ 'ਤੇ ਸਭ ਨੂੰ ਜੀ ਆਇਆਂ ਕਿਹਾ ਅਤੇ ਮੁੱਖ ਮਹਿਮਾਨ ਬਲਬੀਰ ਸਿੰਘ ਸੈਣੀ ਦੇ ਸਾਹਿਤਕ ਸਫ਼ਰ ਉੱਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਬਲਬੀਰ ਸਿੰਘ ਸੈਣੀ ਨੇ ਆਪਣੇ ਸਾਹਿੱਤਿਕ ਜੀਵਨ, ਪ੍ਰਾਪਤੀਆਂ ਅਤੇ ਗ਼ਜ਼ਲ ਦੀ ਸ਼ੁਰੂਆਤ 'ਤੇ ਇਤਿਹਾਸ ਬਾਰੇ ਗੱਲਬਾਤ ਕੀਤੀ।
ਉਨ੍ਹਾਂ ਨੇ ਹਾਜ਼ਰ ਸ਼ਾਇਰਾਂ ਨੂੰ ਗ਼ਜ਼ਲ ਲਿਖਣ ਦੀ ਖ਼ੂਬਸੂਰਤ ਕਲਾ ਬਾਰੇ ਕਈ ਨੁਕਤੇ ਦੱਸੇ। ਉਨ੍ਹਾਂ ਆਖਿਆ ਕਿ ਕੋਈ ਸ਼ਾਇਰ ਓਨੀ ਦੇਰ ਆਪਣੀ ਰਚਨਾ ਨੂੰ ਗ਼ਜ਼ਲ ਨਹੀਂ ਆਖ ਸਕਦਾ ਜਿੰਨੀ ਦੇਰ ਉਸਦੀ ਰਚਨਾ ਦਾ ਵਿਸ਼ਾ ਸਾਰਥਕ ਨਾ ਹੋਵੇ।ਗ਼ਜ਼ਲ ਦੇ ਟੂਲ ਪਿੰਗਲ ਅਤੇ ਅਰੂਜ਼ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿਧਾਂਤ ਦੇ ਮਾਪਦੰਡ ਉੱਤੇ ਪੂਰੀ ਉੱਤਰਦੀ ਛੰਦਬੱਧ ਸ਼ਾਇਰੀ ਨਾ ਹੋਵੇ ਤਾਂ ਉਹ ਗ਼ਜ਼ਲ ਨਹੀਂ ਕਹਾ ਸਕਦੀ। ਇਸ ਤੋਂ ਬਾਅਦ ਹਾਜ਼ਰ ਸ਼ਾਇਰਾਂ ਨੇ ਮੁੱਖ ਮਹਿਮਾਨ ਨੂੰ ਗ਼ਜ਼ਲ ਦੀ ਸਿਰਜਣਾ ਬਾਰੇ ਕੁਝ ਅਹਿਮ ਸਵਾਲ ਵੀ ਕੀਤੇ। ਵਿਸ਼ੇਸ਼ ਮਹਿਮਾਨ ਸੁਰਜੀਤ ਸਾਜਨ ਨੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਗੱਲ ਕਰਦਿਆਂ ਆਖਿਆ ਕਿ ਇੱਕ ਗ਼ਜ਼ਲਗੋ ਆਪਣੇ ਲਫ਼ਜ਼ਾਂ ਰਾਹੀਂ ਆਪਣੀ ਸੰਜੀਦਾ ਸੋਚ ਅਤੇ ਹੁਨਰ ਨੂੰ ਪਾਠਕ ਅੱਗੇ ਪੇਸ਼ ਕਰਦਾ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼ਾਇਰ ਜਨਕਪ੍ਰੀਤ ਸਿੰਘ ਬੇਗੋਵਾਲ ਨੇ ਵੀ ਆਪਣੇ ਸ਼ਬਦਾਂ ਵਿੱਚ ਗ਼ਜ਼ਲ ਅਤੇ ਅਰੂਜ਼ ਦੇ ਨਿਯਮਾਂ ਦੀ ਵਿਸਥਾਰ ਸਹਿਤ ਗੱਲ ਕਰਦਿਆਂ ਇਹ ਦੱਸਿਆ ਕਿ ਕਾਫ਼ੀਏ, ਰਦੀਫ਼ ਅਤੇ ਬਹਿਰ ਦੇ ਆਧਾਰ ਉੱਤੇ ਹੀ ਇੱਕ ਮੁਕੰਮਲ ਗ਼ਜ਼ਲ ਲਿਖੀ ਜਾ ਸਕਦੀ ਹੈ ਜਿਸਦੇ ਲਈ ਲਗਾਤਾਰ ਅਭਿਆਸ ਅਤੇ ਸਾਹਿਤਕ ਗਿਆਨ ਦੀ ਲੋੜ ਹੁੰਦੀ ਹੈ। ਪ੍ਰਿੰਸੀਪਲ ਹਰਪੀਤ ਸਿੰਘ ਹੁੰਦਲ ਨੇ ਸਮੁੱਚੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਂਦਰ ਦਾ ਇਹ ਉੱਦਮ ਸ਼ਲਾਘਾਯੋਗ ਹੈ ਕਿ ਅਜਿਹੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ ਜਿਸਦੀ ਮਦਦ ਨਾਲ ਸ਼ਾਇਰ ਆਪਣੀ ਲਿਖਣ ਕਲਾ ਵਿੱਚ ਹੋਰ ਨਿਖਾਰ ਲਿਆਉਣਗੇ। ਅਜਿਹੀਆਂ ਗਤੀਵਿਧੀਆਂ ਨਾ ਸਿਰਫ਼ ਪੁਰਾਣੇ ਲੇਖਕਾਂ, ਕਵੀਆਂ ਸਗੋਂ ਨੌਜਵਾਨ ਸ਼ਾਇਰਾਂ ਲਈ ਵੀ ਨਵੇਂ ਰਸਤੇ ਖੋਲ੍ਹਣਗੀਆਂ ਜਿਸਦੇ ਲਈ ਸਿਰਜਣਾ ਕੇਂਦਰ ਦੀ ਸਮੁੱਚੀ ਟੀਮ ਮੁਬਾਰਕ ਦੀ ਹੱਕਦਾਰ ਹੈ।
ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਖਿਆ ਕਿ ਬਲਬੀਰ ਸਿੰਘ ਸੈਣੀ ਵਰਗੇ ਬੁੱਧੀਜੀਵੀ ਜਿੱਥੇ ਸਾਡੇ ਸਾਹਿਤ ਜਗਤ ਲਈ ਇੱਕ ਚਾਨਣ ਮੁਨਾਰਾ ਸਾਬਿਤ ਹੋਏ ਨੇ ਓਥੇ ਉਨ੍ਹਾਂ ਦੀ ਕਪੂਰਥਲਾ ਜ਼ਿਲ੍ਹੇ ਵਿੱਚ ਆਮਦ ਨੇ ਸਾਡੇ ਮਾਣ ਅਤੇ ਖ਼ੁਸ਼ੀ ਵਿੱਚ ਹੋਰ ਵੀ ਵਾਧਾ ਕੀਤਾ ਹੈ। ਸਮਾਗਮ ਦੇ ਅੰਤ ਵਿੱਚ ਸਿਰਜਣਾ ਕੇਂਦਰ ਦੀ ਪ੍ਰਬੰਧਕੀ ਟੀਮ ਨੇ ਮੁੱਖ ਮਹਿਮਾਨ ਬਲਬੀਰ ਸਿੰਘ ਸੈਣੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਮੀਤ ਪ੍ਰਧਾਨ ਅਤੇ ਵਿੱਤ ਸਕੱਤਰ ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਭੰਡਾਲ, ਅਵਤਾਰ ਸਿੰਘ ਗਿੱਲ, ਪ੍ਰਿੰ. ਸਰਵਨ ਸਿੰਘ ਪਰਦੇਸੀ, ਸੁਰਿੰਦਰ ਸਿੰਘ ਸ਼ੇਖੂਪੁਰ, ਮਹਿੰਦਰ ਸਿੰਘ, ਕੁਲਵੰਤ ਸਿੰਘ ਧੰਜੂ, ਡਾ. ਹਰਭਜਨ ਸਿੰਘ, ਤੇਜਬੀਰ ਸਿੰਘ, ਜਸਪ੍ਰੀਤ ਸਿੰਘ ਧਿੰਜਣ, ਗੁਰਵਿੰਦਰ ਸਿੰਘ, ਰੁਪਿੰਦਰ ਸਿੰਘ, ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ, ਹਰਜਿੰਦਰ ਸਿੰਘ, ਸੰਦੀਪ ਸਿੰਘ, ਗੁਰਦੀਪ ਗਿੱਲ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਅਨਿਲ ਕੁਮਾਰ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।
