ਮੁਹਾਲੀ ਵਿੱਚ ਸਫਾਈ ਵਿਵਸਥਾ ਦੇ ਗੰਭੀਰ ਸੰਕਟ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਲੋੜ: ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 2 ਮਈ- ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਸਫਾਈ ਸੰਕਟ ਨੇ ਗੰਭੀਰ ਰੂਪ ਧਾਰ ਲਿਆ ਹੈ, ਜਿਸਦਾ ਹੱਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ, ਨਹੀਂ ਤਾਂ ਇਸਦੇ ਬਹੁਤ ਮਾੜੇ ਨਤੀਜੇ ਸਾਹਮਣੇ ਆਉਣੇ ਹਨ। ਡਿਪਟੀ ਮੇਅਰ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਇਸ ਸੰਬੰਧੀ ਤੁਰੰਤ ਜ਼ਰੂਰੀ ਕਾਰਵਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਸ੍ਰੀ ਬੇਦੀ ਨੇ ਕਿਹਾ ਕਿ ਸ਼ਹਿਰ ਦੇ ਡੰਪਿੰਗ ਪੁਆਇੰਟ ਦੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹੋਣ ਤੋਂ ਬਾਅਦ, ਕੂੜਾ ਸੰਭਾਲ ਪ੍ਰਣਾਲੀ ਬਦਤਰ ਹਾਲਤ ਵਿੱਚ ਹੈ। ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿੱਚ ਸਫਾਈ ਦਾ ਤਾਣਾ-ਬਾਣਾ ਬਹੁਤ ਬੁਰੀ ਤਰ੍ਹਾਂ ਉਲਝ ਚੁੱਕਿਆ ਹੈ। ਡੰਪਿੰਗ ਗਰਾਊਂਡ ਦੇ ਬੰਦ ਹੋਣ ਕਾਰਨ ਸਿਰਫ ਆਰ ਐਮ ਸੀ ਪੁਆਇੰਟਾਂ ਰਾਹੀਂ ਹੀ ਕੂੜਾ ਚੁਕਵਾਇਆ ਜਾ ਰਿਹਾ ਹੈ ਅਤੇ ਇਹ ਕਾਰਵਾਈ ਨਾਕਾਫੀ ਸਾਬਤ ਹੋ ਰਹੀ ਹੈ।
ਉਹਨਾਂ ਨੇ ਲਿਖਿਆ ਹੈ ਕਿ ਨਾ ਸਿਰਫ ਨਗਰ ਨਿਗਮ ਦੇ ਖੇਤਰ ਦਾ ਕੂੜਾ, ਬਲਕਿ ਗਮਾਡਾ ਅਤੇ ਪ੍ਰਾਈਵੇਟ ਬਿਲਡਰਾਂ ਦੀਆਂ ਸੁਸਾਇਟੀਆਂ ਤੋਂ ਆਉਣ ਵਾਲਾ ਕੂੜਾ ਵੀ ਮੁਹਾਲੀ ਦੇ ਢਾਂਚੇ ਤੇ ਵੱਧ ਦਬਾਅ ਪਾ ਰਿਹਾ ਹੈ। ਇਸ ਦੇ ਨਾਲ ਹੀ, ਹਰੇਕ ਮੋੜ ਤੇ ਦਰਖ਼ਤਾਂ ਦੇ ਪੱਤੇ ਡਿੱਗ ਰਹੇ ਹਨ, ਜਿਨ੍ਹਾਂ ਦੇ ਕਾਰਨ ਸੜਨ ਨਾਲ ਬਦਬੂ ਅਤੇ ਬਿਮਾਰੀਆਂ ਪੈਦਾ ਹੋਣ ਦਾ ਡਰ ਬਣ ਗਿਆ ਹੈ।
ਉਹਨਾਂ ਨੇ ਲਿਖਿਆ ਹੈ ਕਿ ਪਿਛਲੇ ਦਿਨੀਂ ਮੌਲੀ ਪੁਆਇੰਟ ਅਤੇ ਨੇਚਰ ਪਾਰਕ ਵਿੱਚ ਪੱਤਿਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਨਾ ਸਿਰਫ ਪ੍ਰਦੂਸ਼ਣ ਵਧਿਆ, ਸਗੋਂ ਨੇਚਰ ਪਾਰਕ ਦੇ ਕਈ ਦਰਖ਼ਤ ਵੀ ਸੜ ਗਏ। ਉਹਨਾਂ ਮੰਗ ਕੀਤੀ ਕਿ ਗਮਾਡਾ ਖੇਤਰ ਵਿੱਚ ਨਵੇਂ ਸੈਕਟਰਾਂ ਤੇ ਖਾਸ ਕਰਕੇ ਦੂਜੇ ਪਾਸੇ ਬਲੌਂਗੀ ਅਤੇ ਪ੍ਰਾਈਵੇਟ ਬਿਲਡਰਾਂ ਦੀ ਸੁਸਾਇਟੀ ਵਿੱਚੋਂ ਪੈਦਾ ਹੁੰਦੇ ਕੂੜੇ ਵਾਸਤੇ ਨਵੇਂ ਆਰ ਐਮ ਸੀ ਪੁਆਇੰਟ ਬਣਾਏ ਜਾਣ, ਤਾਂ ਜੋ ਸ਼ਹਿਰ ਵਿੱਚ ਕੂੜੇ ਦੀ ਸੰਭਾਲ ਠੀਕ ਢੰਗ ਨਾਲ ਹੋ ਸਕੇ।
ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਗਮਾਡਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜਲਦ ਤੋਂ ਜਲਦ ਨਵੀਆਂ ਥਾਵਾਂ ਉਪਲਬਧ ਕਰਵਾਉਣ ਲਈ ਕਦਮ ਚੁੱਕਣ। ਉਹਨਾਂ ਕਿਹਾ, ਇਹ ਮਾਮਲਾ ਸਿਰਫ ਸਫਾਈ ਦਾ ਨਹੀਂ, ਸਗੋਂ ਸ਼ਹਿਰੀ ਸਿਹਤ ਅਤੇ ਵਾਤਾਵਰਣ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਦੇਰੀ ਨਾਲ ਸ਼ਹਿਰ ਵਾਸੀਆਂ ਦੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ ਅਤੇ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਲਈ ਇਸ ਸਮੱਸਿਆ ਦੇ ਹੱਲ ਲਈ ਫੌਰੀ ਤੌਰ ਤੇ ਕਦਮ ਚੁੱਕੇ ਜਾਣੇ ਚਾਹੀਦੇ ਹਨ।