ਨਸ਼ਾ ਤਸਕਰੀ ਤੋਂ ਬਣਾਈ ਮਾਂ-ਪੁੱਤ ਦੀ 70 ਲੱਖ ਦੀ ਜਾਇਦਾਦ ਜ਼ਬਤ

ਫਗਵਾੜਾ- ਪੰਜਾਬ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜਲੰਧਰ ਜ਼ਿਲ੍ਹੇ ਦੇ ਗੋਰਾਇਆ ਦੀ ਪੁਲੀਸ ਨੇ ਇੱਕ ਕਥਿਤ ਨਸ਼ਾ ਤਸਕਰ ਦੀ 70,70,150 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਕਾਰਵਾਈ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ ਐਕਟ ਦੀ ਧਾਰਾ 68-F ਤਹਿਤ ਕੀਤੀ ਗਈ ਹੈ।

ਗੋਰਾਇਆ ਥਾਣਾ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਗੀਰੋ ਪਤਨੀ ਜੈਲਾ ਰਾਮ ਦੀ ਜਾਇਦਾਦ ਦੀ ਪਛਾਣ ਨਸ਼ਾ ਤਸਕਰੀ ਦੀ ਕਮਾਈ ਤੋਂ ਬਣਾਈ ਗਈ ਜਾਇਦਾਦ ਵਜੋਂ ਹੋਈ ਸੀ। ਜਾਇਦਾਦ ਜ਼ਬਤ ਕਰਨ ਲਈ ਇੱਕ ਵਿਸਤ੍ਰਿਤ ਪ੍ਰਸਤਾਵ ਨਵੀਂ ਦਿੱਲੀ ਵਿੱਚ ਸਮਰੱਥ ਅਧਿਕਾਰੀ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਵੱਲੋਂ ਬਾਅਦ ਵਿੱਚ ਜ਼ਬਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ। 
ਇਸ ਉਪਰੰਤ ਇੰਸਪੈਕਟਰ ਵਿਰਕ ਨੇ ਆਪਣੀ ਪੁਲੀਸ ਟੀਮ ਨਾਲ ਦੋਸ਼ੀ ਦੇ ਘਰ ਜਾ ਕੇ ਇਮਾਰਤ ’ਤੇ ਹੁਕਮ ਦੀ ਕਾਪੀ ਚਸਪਾ ਕੀਤੀ, ਜਿਸ ਨਾਲ ਸਬੰਧਤ ਧਿਰਾਂ ਨੂੰ ਜਾਇਦਾਦ ਜ਼ਬਤ ਹੋਣ ਬਾਰੇ ਰਸਮੀ ਤੌਰ ’ਤੇ ਸੂਚਿਤ ਕੀਤਾ ਗਿਆ।
ਪੁਲੀਸ ਰਿਕਾਰਡ ਅਨੁਸਾਰ ਜਗੀਰੋ ਖ਼ਿਲਾਫ਼ ਐੱਨਡੀਪੀਐੱਸ ਦੇ ਪੰਜ ਮਾਮਲੇ ਦਰਜ ਹਨ, ਜਦਕਿ ਉਸ ਦੇ ਪੁੱਤਰ ਵਿਜੇ ਕੁਮਾਰ ’ਤੇ ਇਸੇ ਐਕਟ ਤਹਿਤ 10 ਵੱਖ-ਵੱਖ ਮਾਮਲੇ ਦਰਜ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਬਤ ਕੀਤੀ ਗਈ ਜਾਇਦਾਦ ਗੈਰ-ਕਾਨੂੰਨੀ ਨਸ਼ਾ ਵਪਾਰ ਰਾਹੀਂ ਇਕੱਠੀ ਕੀਤੀ ਗਈ ਸੀ, ਜਿਸ ਨੂੰ ਮੁੱਖ ਤੌਰ ’ਤੇ ਵਿਜੇ ਕੁਮਾਰ ਚਲਾ ਰਿਹਾ ਸੀ।
ਸਮਰੱਥ ਅਧਿਕਾਰੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜਾਇਦਾਦ ਨੂੰ ਹੁਣ ਫ੍ਰੀਜ਼ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੀਆਂ।