
ਬਿਜਲੀ ਮੁਲਾਜ਼ਮਾਂ, ਟੈਕਨੀਕਲ ਸਰਵਿਸਜ਼ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ ਅਤੇ ਸੀ.ਐਚ.ਬੀ. ਕਾਮਿਆਂ ਵੱਲੋਂ ਨਿੱਜੀਕਰਨ ਖਿਲਾਫ ਸੰਘਰਸ਼ ਦਾ ਐਲਾਨ
ਐਸ ਏ ਐਸ ਨਗਰ, 23 ਅਪ੍ਰੈਲ- ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਸਰਕਲ ਮੁਹਾਲੀ, ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਮੁਹਾਲੀ ਅਤੇ ਸੀ.ਐਚ.ਬੀ. ਕਾਮਿਆਂ ਵੱਲੋਂ ਇੱਥੇ ਨਿੱਜੀਕਰਨ ਖਿਲਾਫ ਕਨਵੈਨਸ਼ਨ ਕੀਤੀ ਗਈ ਜਿਸ ਦੌਰਾਨ ਐਲਾਨ ਕੀਤਾ ਗਿਆ ਕਿ ਨਿੱਜੀਕਰਨ ਦੇ ਖਿਲਾਫ ਤਕੜਾ ਸੰਘਰਸ਼ ਕੀਤਾ ਜਾਵੇਗਾ।
ਐਸ ਏ ਐਸ ਨਗਰ, 23 ਅਪ੍ਰੈਲ- ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਸਰਕਲ ਮੁਹਾਲੀ, ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਮੁਹਾਲੀ ਅਤੇ ਸੀ.ਐਚ.ਬੀ. ਕਾਮਿਆਂ ਵੱਲੋਂ ਇੱਥੇ ਨਿੱਜੀਕਰਨ ਖਿਲਾਫ ਕਨਵੈਨਸ਼ਨ ਕੀਤੀ ਗਈ ਜਿਸ ਦੌਰਾਨ ਐਲਾਨ ਕੀਤਾ ਗਿਆ ਕਿ ਨਿੱਜੀਕਰਨ ਦੇ ਖਿਲਾਫ ਤਕੜਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਟੀ.ਐਸ.ਯੂ. ਸਰਕਲ ਮੁਹਾਲੀ ਦੇ ਪ੍ਰਧਾਨ ਗੁਰਬਖਸ਼ ਸਿੰਘ, ਮੁੱਖ ਸਲਾਹਕਾਰ ਲੱਖਾ ਸਿੰਘ, ਗੁਰਮੀਤ ਸਿੰਘ ਪ੍ਰਧਾਨ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਮੁਹਾਲੀ, ਵਿਜੈ ਕੁਮਾਰ ਪ੍ਰਧਾਨ ਪੈਂਸ਼ਨਰ ਯੂਨੀਅਨ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਬਿਜਲੀ ਨਿਗਮ ਦੀਆਂ ਦੋ ਡਵੀਜ਼ਨਾਂ ਖਰੜ ਅਤੇ ਲਾਲੜੂ ਦੀ ਵਾਗਡੋਰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਨੂੰ ਬਿਜਲੀ ਖੇਤਰ ਦੇ ਨਿੱਜੀਕਰਨ ਵੱਲ ਇਕ ਹੋਰ ਕਦਮ ਹੈ।
ਆਗੂਆਂ ਨੇ ਕਿਹਾ ਕਿ ਬਿਜਲੀ ਨਿਗਮ ਪੀ.ਡੀ.ਸੀ. (ਪੰਜਾਬ ਵਿਕਾਸ ਕਮਿਸ਼ਨ) ਦੀ ਸਿਫਾਰਸ਼ ਤੇ ਸੂਬੇ ਵਿੱਚ ਖਰੜ ਤੇ ਲਾਲੜੂ ਡਿਵੀਜ਼ਨਾਂ ਦਾ ਨਿੱਜੀਕਰਨ ਕਰਨ ਲਈ 21 ਅਪ੍ਰੈਲ ਨੂੰ ਇਕ ਮੀਟਿੰਗ ਵਿੱਚ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਅੰਕੜੇ ਪੇਸ਼ ਕਰਨੇ ਸਨ ਅਤੇ ਉਸ ਦਿਨ ਸਮੁੱਚੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਨੇ ਇਸ ਦੇ ਖਿਲਾਫ ਅਰਥੀਆਂ ਫੂਕ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਾਲਤ ਵਿੱਚ ਨਿੱਜੀਕਰਨ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਿਸ ਦੇ ਸਿੱਟੇ ਵਜੋਂ ਮੈਨੇਜਮੈਂਟ ਨੂੰ ਮੀਟਿੰਗ ਰੱਦ ਕਰਨੀ ਪਈ।
ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਬਿਜਲੀ ਬੋਰਡ ਦਾ ਨਿੱਜੀਕਰਨ ਕਰਨ ਤੋਂ ਬਾਅਦ ਕੰਪਨੀ ਵੱਲੋਂ ਉੱਥੇ ਰੈਗੂਲਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਪਿਛਲੀਆਂ ਸਰਵਿਸਾਂ ਭੰਗ ਕਰਕੇ ਉਨ੍ਹਾਂ ਨੂੰ ਇਕ ਸਾਲ ਦੇ ਪ੍ਰੋਬੇਸ਼ਨ ਪੀਰੀਅਡ ਤੇ ਰੱਖਿਆ ਹੈ। ਆਊਟਸੋਰਸ ਮੁਲਾਜ਼ਮਾਂ ਨੂੰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਕਿਸ ਨੇ ਦੇਣੀਆਂ ਹਨ, ਇਹ ਵੀ ਅਜੇ ਤੱਕ ਤੈਅ ਨਹੀਂ ਹੋ ਸਕਿਆ। ਇਸ ਲਈ ਇਸ ਦਾ ਸਾਰੇ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਸੂਰਤ ਵਿੱਚ ਨਿੱਜੀਕਰਨ ਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ।
ਕਨਵੈਨਸ਼ਨ ਦੌਰਾਨ ਸੂਬਾ ਕਮੇਟੀ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ, ਸੂਬਾ ਖਜ਼ਾਨਚੀ ਸੰਤੋਖ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਸਾਬਕਾ ਚੀਫ ਆਰਗੇਨਾਈਜ਼ਰ ਪੰਜਾਬ, ਜਤਿੰਦਰ ਸਿੰਘ ਐਸ.ਡੀ.ਓ. ਪੈਨਸ਼ਨ ਐਸੋਸੀਏਸ਼ਨ ਡਵੀਜ਼ਨ ਪ੍ਰਧਾਨ ਮੁਹਾਲੀ, ਸਤਵੰਤ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਕਪਿਲ ਦੇਵ, ਬਲਵੀਰ ਸਿੰਘ, ਸੁਰਿੰਦਰ ਮੁੱਲੀ, ਐਸ.ਡੀ.ਓ. ਸੰਦੀਪ ਨਾਗਪਾਲ, ਸੋਹਨ ਸਿੰਘ, ਜੋਰਾਵਰ ਸਿੰਘ ਪ੍ਰਧਾਨ ਸੀ.ਐਚ.ਬੀ. ਠੇਕਾ, ਅਜੀਤ ਸਿੰਘ, ਹਰਬੰਸ ਸਿੰਘ, ਏਕਮ ਸਿੰਧੂ ਸਰਕਲ ਸਕੱਤਰ, ਅਤੇ ਕਿਸਾਨ ਯੂਨੀਅਨਾਂ ਦੇ ਆਗੂ ਪਰਮਦੀਪ ਸਿੰਘ ਬੈਦਵਾਨ, ਸੂਬਾ ਸਕੱਤਰ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਨਰਲ ਸਕੱਤਰ ਰੁਸਤਮ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਕਾਮੇ, ਵਾਟਰ ਸਪਲਾਈ ਦੇ ਸਾਥੀਆਂ ਨੇ ਸ਼ਮੂਲੀਅਤ ਕੀਤੀ।
