ਸਮੇਂ ਤੇ ਦੇਖਭਾਲ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਨਾਲ ਕੀਤਾ ਜਾ ਸਕਦਾ ਹੈ ਦਿਲ ਦੀ ਬਿਮਾਰੀ ਤੇ ਕਾਬੂ - ਡਾ. ਟੀ ਐਸ ਕਲੇਰ
ਨਵੀਂ ਦਿੱਲੀ, 23 ਅਪ੍ਰੈਲ- ਮੈਕਸ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਟੀ ਐਸ ਕਲੇਰ ਨੇ ਕਿਹਾ ਹੈ ਕਿ ਦਿਲ ਦਾ ਫੇਲ੍ਹ ਹੋਣਾ ਇਕ ਡਰਾਉਣਾ ਲਫਜ਼ ਹੈ, ਪਰੰਤੂ ਆਧੁਨਿਕ ਚਿਕਿਤਸਾ ਵਿਗਿਆਨ ਦੀਆਂ ਤਰੱਕੀਆਂ ਨੇ ਇਸ ਤੇ ਕਾਫੀ ਹੱਦ ਤਕ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ, ਸਮੇਂ ਤੇ ਦੇਖਭਾਲ, ਜੀਵਨ ਸ਼ੈਲੀ ਵਿੱਚ ਬਦਲਾਅ ਅਤੇ ਡਾਕਟਰੀ ਸਲਾਹ ਦੀ ਪਾਬੰਦੀ ਨਾਲ ਇਸ ਤੇ ਕਾਫੀ ਹੱਦ ਤਕ ਕਾਬੂ ਕਰਕੇ ਚੰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਦਿਲ ਦਾ ਫੇਲ੍ਹ ਹੋਣਾ, ਜਿਸ ਨੂੰ ਕੰਜਸਟਿਵ ਹਾਰਟ ਫੇਲੀਅਰ ਵੀ ਕਿਹਾ ਜਾਂਦਾ ਹੈ, ਵਿੱਚ ਦਿਲ ਸਰੀਰ ਦੀਆਂ ਲੋੜਾਂ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਖੂਨ ਪੰਪ ਨਹੀਂ ਕਰ ਸਕਦਾ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਦਿਲ ਕੰਮ ਕਰਨਾ ਬੰਦ ਕਰ ਗਿਆ ਹੈ, ਪਰ ਇਹ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਨਹੀਂ ਰਹਿੰਦਾ।
ਇਸ ਹਾਲਤ ਦੇ ਕਈ ਕਾਰਣ ਹੋ ਸਕਦੇ ਹਨ ਜਿਨ੍ਹਾਂ ਵਿੱਚੋਂ ਕੋਰੋਨਰੀ ਆਰਟਰੀ ਡਿਜ਼ੀਜ਼, ਹਾਈ ਬਲੱਡ ਪ੍ਰੈਸ਼ਰ, ਪਹਿਲਾਂ ਹੋਏ ਦਿਲ ਦੇ ਦੌਰੇ, ਦਿਲ ਦੇ ਵਾਲਵ ਦੀ ਬਿਮਾਰੀ, ਇਨਫੈਕਸ਼ਨ ਜਾਂ ਜੈਨੇਟਿਕ ਕਾਰਕ ਸਭ ਤੋਂ ਆਮ ਕਾਰਣ ਹਨ। ਇਸ ਦੇ ਲੱਛਣਾਂ ਵਿੱਚ ਸਾਹ ਲੈਣ ਵਿੱਚ ਦਿੱਕਤ, ਥਕਾਵਟ, ਲੱਤਾਂ ਜਾਂ ਗਿੱਟਿਆਂ ਵਿੱਚ ਸੋਜ਼, ਤੇਜ਼ ਧੜਕਨ ਅਤੇ ਲਗਾਤਾਰ ਖੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਦਿਲ ਦੇ ਫੇਲ੍ਹ ਹੋਣ ਦੀ ਹਾਲਤ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ, ਪਰ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਢੁਕਵੇਂ ਇਲਾਜ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਨਾਲ ਬਹੁਤ ਸਾਰੇ ਲੋਕ ਲੰਬੀ ਤੇ ਸਰਗਰਮ ਜ਼ਿੰਦਗੀ ਜੀ ਰਹੇ ਹਨ।
ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਚਾਹੀਦਾ ਹੈ ਕਿ ਉਹ ਨਮਕ ਦੀ ਵਰਤੋਂ ਘਟਾਉਣ, ਤਰਲ ਪਦਾਰਥਾਂ ਦੀ ਵਰਤੋਂ ਤੇ ਨਿਗਰਾਨੀ ਰੱਖਣ, ਸ਼ਰਾਬ ਅਤੇ ਧੂਮਰਪਾਨ ਤੋਂ ਬਚਣ, ਰੋਜ਼ਾਨਾ ਆਪਣਾ ਵਜ਼ਨ ਚੈੱਕ ਕਰਨ, ਡਾਕਟਰ ਦੀ ਸਲਾਹ ਅਨੁਸਾਰ ਕਸਰਤ ਕਰਨ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕੰਟਰੋਲ ਵਿੱਚ ਰੱਖਣ ਅਤੇ ਸਿਹਤਮੰਦ ਖੁਰਾਕ ਲੈਣ।