ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰੋਫੈਸਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ

ਮਾਹਿਲਪੁਰ 24 ਜਨਵਰੀ- ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ਤੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਪੀਸੀਸੀਟੀਯੂ ਯੂਨਿਟ ਵੱਲੋਂ ਸੱਤਵੇਂ ਪੇ ਸਕੇਲ ਦੇ ਲਾਗੂ ਕਰਨ ਵਿੱਚ ਸਰਕਾਰ ਦੀ ਅਣਦੇਖੀ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਦੋ ਪੀਰੀਅਡਾਂ ਦਾ ਰੋਸ ਧਰਨਾ ਦਿੱਤਾ ਗਿਆ।

ਇਸ ਮੌਕੇ ਪੀਸੀਸੀਟੀਯੂ ਦੇ ਪ੍ਰਧਾਨ ਪ੍ਰੋ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਅਤੇ ਅਧਿਆਪਕ ਵਿਰੋਧੀ ਉੱਚ ਸਿੱਖਿਆ ਨੀਤੀਆਂ ਕਾਰਨ ਕਾਲਜ ਅਧਿਆਪਕਾਂ ਦੇ ਮਨ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਤਵੇਂ ਪੇ ਕਮਿਸ਼ਨ ਦੇ ਲਾਗੂ ਕਰਨ ਸਬੰਧੀ ਸਮੁੱਚੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਅਧਿਆਪਕਾਂ ਨੂੰ ਵਧੇ ਹੋਏ ਪੇਅ ਸਕੇਲ ਅਨੁਸਾਰ ਤਨਖ਼ਾਹ ਜਾਰੀ ਨਹੀਂ ਕੀਤੀ ਜਾ ਰਹੀ। 
ਉਨ੍ਹਾਂ ਕਿਹਾ ਕਿ ਅਜਿਹੀ ਟਾਲ ਮਟੋਲ ਦੀ ਨੀਤੀ ਸਰਕਾਰ ਦੀ ਸਿੱਖਿਆ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਯੂਨਿਟ ਦੇ ਸਕੱਤਰ ਡਾ ਰਕੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ 75 ਫੀਸਦੀ ਗਰਾਂਟ ਇਨ ਏਡ ਵਾਲੀਆਂ ਪੋਸਟਾਂ ਵੀ 95 ਫੀਸਦੀ ਅਧੀਨ ਲਿਆਉਣੀ ਚਾਹੀਦੀਆਂ ਹਨ। ਇਸ ਮੌਕੇ ਹਾਜ਼ਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸੱਤਵੇਂ ਪੇ ਸਕੇਲ ਦੇ ਲਾਗੂ ਕਰਨ ਅਤੇ ਅਧਿਆਪਕਾਂ ਦੀਆਂ ਹੋਰ ਹੱਕੀ ਮੰਗਾਂ ਪ੍ਰਤੀ ਅਜਿਹਾ ਤਾਨਾਸ਼ਾਹੀ ਵਤੀਰਾ ਜਾਰੀ ਰੱਖਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
 ਇਸ ਮੌਕੇ ਅਧਿਆਪਕਾਂ ਨੇ ਉਕਤ ਮੰਗਾਂ ਸਬੰਧੀ ਪੀਸੀਸੀਟੀਯੂ ਵਲੋਂ 31 ਜਨਵਰੀ ਨੂੰ ਮੋਹਾਲੀ ਵਿਖੇ ਰੱਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਅਹਿਦ ਲਿਆ। ਇਸ ਮੌਕੇ ਹਾਜ਼ਰ ਅਧਿਆਪਕਾਂ ਵਿੱਚ ਕਾਲਜ ਦੇ ਉਪ ਪ੍ਰਿੰਸੀਪਲ ਪ੍ਰੋਫੈਸਰ ਅਰਾਧਨਾ ਦੁੱਗਲ‌, ਸਟਾਫ ਸਕੱਤਰ ਪ੍ਰੋ ਦੇਵ ਕੁਮਾਰ ਸਮੇਤ ਯੂਨਿਟ ਦੇ ਸਮੂਹ ਅਧਿਆਪਕ ਹਾਜ਼ਰ ਸਨ।