ਬੇਅੰਤ ਬਰੀਵਾਲਾ ਦੇ ਨਾਵਲ ਰੱਜੋ ਕਮਲ਼ੀ ਦਾ ਤਲਵਾੜਾ ਵਿੱਚ ਹੋਇਆ ਰਿਲੀਜ਼ ਸਮਾਰੋਹ

ਹੁਸ਼ਿਆਰਪੁਰ/ਤਲਵਾੜਾ- ਨੌਜਵਾਨ ਲੇਖਕ ਬੇਅੰਤ ਬਰੀਵਾਲਾ ਦੇ ਪਲੇਠੇ ਨਾਵਲ ਰੱਜੋ ਕਮਲ਼ੀ ਨੂੰ ਅੱਜ ਤਲਵਾੜਾ ਵਿੱਖੇ ਰਿਲੀਜ਼ ਕੀਤਾ ਗਿਆ। ਪੰਜਾਬੀ ਪੌਡਕਾਸਟ ਦੋਆਬਾ ਰੇਡੀਓ ਦੇ ਸਹਿਯੋਗ ਨਾਲ਼ ਪ੍ਰਕਾਸ਼ਿਤ ਇਹ ਨਾਵਲ 1984 ਦੇ ਹਲਾਤਾਂ ਦੀ ਪੀੜਿਤ ਲੜਕੀ ਦੀ ਸੱਚੀ ਕਹਾਣੀ ਤੇ ਅਧਾਰਿਤ ਹੈ ਜੋ ਬੇਰਹਿਮ ਹਲਾਤਾਂ ਦੇ ਚਲਦਿਆਂ ਦਿਮਾਗ਼ੀ ਸੰਤੁਲਨ ਗਵਾ ਦਿੰਦੀ ਹੈ। ਇਸ ਮੌਕੇ ਪ੍ਰੋ. ਸੁਰਿੰਦਰ ਮੰਡ, ਰਵਿੰਦਰ ਸਿੰਘ ਚੋਟ, ਜਗਦੇਵ ਸਿੰਘ ਸੰਧੂ, ਪ੍ਰੋ. ਬੀ. ਐੱਸ. ਬੱਲੀ, ਨਵਤੇਜ ਗੜ੍ਹਦੀਵਾਲਾ, ਪ੍ਰੋ. ਅਜੇ ਸਹਿਗਲ ਸਮੇਤ ਹੋਰ ਸਾਹਿਤ ਪ੍ਰੇਮੀ ਮੌਜੂਦ ਸਨ।

 ਇਸ ਮੌਕੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ: ) ਤਲਵਾੜਾ ਦੇ ਪ੍ਰਧਾਨ ਪ੍ਰੋ. ਸੁਰਿੰਦਰ ਮੰਡ ਨੇ ਕਿਹਾ ਕਿ ਬੇਅੰਤ ਬਰੀਵਾਲਾ ਬੇਹੱਦ ਪ੍ਰਤਿਭਾਸ਼ੀਲ ਲੇਖਕ ਹੈ ਆਪਣੇ ਪਹਿਲੇ ਪ੍ਰਕਾਸ਼ਿਤ ਨਾਵਲ ਨਾਲ਼ ਹੀ ਉਹ ਸਾਹਿਤਿਕ ਸਫ਼ਾਂ ਵਿੱਚ ਵੱਖਰੀ ਪਹਿਚਾਣ ਬਣਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵਿਸ਼ਵ ਪੱਧਰ ਦੇ ਵਾਤਾਵਰਨ ਵਿਗਾੜਾਂ ਪ੍ਰਤੀ ਫ਼ਿਕਰਮੰਦੀ ਜਾਹਿਰ ਕਰਦੀ ਰਚਨਾ ਧਰਤੀ ਦੀ ਵਾਰ ਵਿੱਚੋਂ ਕੁਝ ਅੰਸ਼ ਪੇਸ਼ ਕੀਤੇ ਅਤੇ ਕਿਹਾ ਕਿ ਮਨੁੱਖ ਹੋਂਦ ਕਾਇਮ ਰੱਖਣ ਲਈ ਜਾਗਰੂਕਤਾ ਬੇਹੱਦ ਜਰੂਰੀ ਹੈ। 
ਪੌਡਕਾਸਟਰ ਸਮਰਜੀਤ ਸਿੰਘ ਸ਼ਮੀ ਨੇ ਦੱਸਿਆ ਕਿ ਦੋਆਬਾ ਰੇਡੀਓ ਦੇ ਫ਼ਿਨਲੈਂਡ ਸਟੂਡੀਓ ਤੋਂ ਭੁਪਿੰਦਰ ਭਾਰਜ ਰਾਹੀਂ ਪਹਿਲਾਂ ਇਸ ਨਾਵਲ ਨੂੰ ਸਾਂਝਾ ਕੀਤਾ ਗਿਆ ਅਤੇ ਫ਼ਿਰ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਨ ਲਈ ਪਹਿਲਕਦਮੀ ਕੀਤੀ ਗਈ। ਅਮਰੀਕਾ ਤੋਂ ਸਾਹਿਤਕਾਰ ਸਿਕੰਦਰ ਸਿੰਘ ਔਜਲਾ ਅਤੇ ਹੋਰ ਦੋਸਤਾਂ ਵੱਲੋਂ ਸਹਿਯੋਗ ਸਦਕਾ ਇਸ ਨਾਵਲ ਪਾਠਕਾਂ ਦੀ ਝੋਲੀ ਵਿੱਚ ਪਾਇਆ ਗਿਆ ਹੈ। 
ਰਵਿੰਦਰ ਸਿੰਘ ਚੋਟ ਨੇ ਕਿਹਾ ਕਿ ਇਹ ਨਾਵਲ ਆਪਣੇ ਵਿਸ਼ੇ ਨਾਲ ਇਨਸਾਫ਼ ਕਰਦਾ ਹੈ ਅਤੇ ਇਸ ਨਾਲ ਪੰਜਾਬੀ ਸਾਹਿਤ ਦੇ ਖ਼ਜਾਨੇ ਵਿੱਚ ਵਾਧਾ ਹੋਇਆ ਹੈ। ਪ੍ਰੋ. ਬੀ. ਐੱਸ. ਬੱਲੀ ਨੇ ਆਪਣੀ ਰਚਨਾ ਸੈਦਪੁਰ ਰਾਹੀ ਹਾਜਰੀ ਲਵਾਈ ਅਤੇ ਨਾਵਲ ਦੀ ਪ੍ਰਕਾਸ਼ਨਾ ਤੇ ਖੁਸ਼ੀ ਦਾ ਪ੍ਰਗਾਟਾਵਾ ਕੀਤਾ। ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ ਆਪਣੀ ਰਚਨਾ ਭੇਡ ਦਿਵਸ ਰਾਹੀਂ ਭੀੜ ਦੇ ਮਨੋਵਿਗਿਆਨ ਉੱਤੇ ਪ੍ਰਭਾਵਸ਼ਾਲੀ ਟਿੱਪਣੀਆਂ ਕੀਤੀਆਂ। ਪ੍ਰੋ. ਅਜੇ ਸਹਿਗਲ ਵੱਲੋਂ ਆਪਣੀ ਖ਼ੂਬਸੂਰਤ ਸੰਗੀਤਕ ਰਚਨਾ ਰਾਹੀਂ ਪ੍ਰਭਾਵਸ਼ਾਲੀ ਹਾਜ਼ਰੀ ਲਗਾਈ ਗਈ। ਐਡਵੋਕੇਟ ਰਾਜਨ ਸੈਣੀ ਨੇ ਕਿਹਾ ਕਿ ਪੁਸਤਕ ਦੀ ਰਚਨਾ ਨਾਲ਼ ਲੇਖਕ ਅਤੇ ਉਸਦੇ ਪਾਤਰ ਅਮਰ ਹੋ ਜਾਂਦੇ ਹਨ। ਰੱਜੋ ਕਮਲ਼ੀ ਰਾਹੀਂ ਲੇਖਕ ਬੇਅੰਤ ਬਰੀਵਾਲਾ ਨੇ ਪੂਰੀ ਬੇਬਾਕੀ ਨਾਲ਼ ਕਹਾਣੀ ਸਿਰਜੀ ਹੈ। 
ਲੇਖਕ ਬੇਅੰਤ ਬਰੀਵਾਲਾ ਨੇ ਇਸ ਮੌਕੇ ਹਾਜਰ ਪਤਵੰਤਿਆਂ ਦਾ ਸ਼ੁਕਰੀਆ ਅਦਾ ਕਰਦਿਆਂ ਨਾਵਲ ਰੱਜੋ ਕਮਲੀ ਦੇ ਸਫ਼ਰ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਦੀ ਸ਼ਿਕਾਰ ਇੱਕ ਅਭਾਗੀ ਲੜਕੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਉਸਦੀ ਕਹਾਣੀ ਨੂੰ ਲਿਖਣ ਦਾ ਬੀੜਾ ਚੁੱਕਿਆ ਅਤੇ ਇਸ ਕਹਾਣੀ ਰਾਹੀਂ ਮਨੁੱਖ ਦੇ ਵਹਿਸ਼ੀਪੁਣੇ ਕਾਰਨ ਲਤਾੜੇ ਗਏ ਲੋਕਾਂ ਦੀ ਹੂਕ ਨੂੰ ਸ਼ਬਦੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਕਾਸ਼ਕ ਕੁਲਦੀਪ ਸਿੰਘ ਦੀਪ ਨੇ ਵੀ ਨਾਵਲ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਪੁਸਤਕ ਗੁਆਚੀ ਧਰਤ ਵਿੱਚੋਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਯੋਗੇਸ਼ਵਰ ਸਲਾਰੀਆ, ਮਨਦੀਪ ਸਿੰਘ ਨਕੋਦਰ, ਅਮਰਿੰਦਰ ਸਿੰਘ ਬੱਲ, ਚਰਨਜੀਤ ਕੌਰ, ਸੁਖਵਿੰਦਰ ਕੌਰ, ਮਨਦੀਪ ਕੌਰ ਦੋਆਬਾ ਰੇਡੀਓ, ਅੰਮ੍ਰਿਤ ਕੌਰ ਆਦਿ ਸਮੇਤ ਸਾਹਿਤ ਪ੍ਰੇਮੀ ਹਾਜਰ ਸਨ।