ਵੈਟਨਰੀ ਯੂਨੀਵਰਸਿਟੀ ਨੇ ਬੱਕਰੀ ਪਾਲਕਾਂ ਲਈ ਆਯੋਜਿਤ ਕੀਤੀ ਵਿਚਾਰ ਵਟਾਂਦਰਾ ਗੋਸ਼ਠੀ
ਲੁਧਿਆਣਾ 18 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪੰਜਾਬ ਦੇ ਬੱਕਰੀ ਪਾਲਕਾਂ, ਉਦਮੀਆਂ ਅਤੇ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਲਈ ਹੋਰ ਉਦਮੀ ਸੰਭਾਵਨਾਵਾਂ ਪਛਾਨਣ ਹਿੱਤ ਇਕ ਵਿਚਾਰ ਵਟਾਂਦਰਾ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਬੱਕਰੀ ਨੂੰ ਸਾਰੇ ਵਿਸ਼ਵ ਵਿੱਚ ਭਵਿੱਖ ਦੇ ਜਾਨਵਰ ਵਜੋਂ ਜਾਣਿਆ ਜਾ ਰਿਹਾ ਹੈ ਜੋ ਕਿ ਵਧਦੀ ਮਨੁੱਖੀ ਅਬਾਦੀ ਲਈ ਭੋਜਨ ਸੁਰੱਖਿਆ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਨੇ ਬੱਕਰੀ ਪਾਲਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਵਧੇਰੇ ਮੁਨਾਫ਼ੇ ਲਈ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ।

ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਵਿਚਾਰ ਵਟਾਂਦਰੇ ਦਾ ਉਦੇਸ਼ ਬੇਰੁਜ਼ਗਾਰ ਨੌਜਵਾਨਾਂ ਨੂੰ ਪਸ਼ੂ ਪਾਲਣ ਖੇਤਰ ਵੱਲ ਪ੍ਰੇਰਿਤ ਕਰਨਾ ਸੀ ਜਿਸ ਨਾਲ ਕਿ ਉਹ ਬੱਕਰੀ ਪਾਲਣ ਕਿੱਤੇ ਤੋਂ ਮੁਨਾਫ਼ਾ ਲੈ ਸਕਣ। ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਹ ਕਿੱਤਾ ਕਰਦਿਆਂ ਹੋਇਆਂ ਸਾਨੂੰ ਪੂਰਨ ਵਹੀ ਖਾਤਾ ਰੱਖਣਾ ਚਾਹੀਦਾ ਹੈ ਜੋ ਕਿ ਇਕ ਬੁਨਿਆਦੀ ਲੋੜ ਹੈ। ਡਾ. ਮਨਦੀਪ ਸਿੰਗਲਾ ਨੇ ਪੰਜਾਬ ਵਿੱਚ ਬੱਕਰੀ ਪਾਲਣ ਦੀ ਵਰਤਮਾਨ ਸਥਿਤੀ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਪੇਸ਼ਕਾਰੀ ਸਾਂਝੀ ਕੀਤੀ।
ਵਿਚਾਰ ਵਟਾਂਦਰੇ ਦੌਰਾਨ ਅਗਾਂਹਵਧੂ ਬੱਕਰੀ ਪਾਲਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵੱਖੋ-ਵੱਖਰੇ ਮੁੱਦਿਆਂ ’ਤੇ ਗੱਲ ਕੀਤੀ। ਸ਼੍ਰੀ ਬਲਵਿੰਦਰ ਸਿੰਘ ਮਾਨ ਨੇ ਦੂਜਿਆਂ ਸੂਬਿਆਂ ਵਿੱਚ ਮੰਡੀਕਾਰੀ ਸੰਬੰਧੀ ਚਰਚਾ ਕੀਤੀ। ਸ਼੍ਰੀ ਬਲਦੇਵ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਦੁੱਧ ਦੀ ਪੈਦਾਵਾਰ ਅਤੇ ਮੰਡੀਕਾਰੀ ਸੰਬੰਧੀ ਵੀ ਉਪਰਾਲੇ ਕਰਨੇ ਲੋੜੀਂਦੇ ਹਨ। ਸ਼੍ਰੀ ਭੁਪਿੰਦਰ ਸਿੰਘ ਬਰਾੜ ਨੇ ਵੱਡੇ ਫਾਰਮ ਵਿਕਸਿਤ ਕਰਨ ਦਾ ਸੁਝਾਅ ਦਿੱਤਾ ਜਿਸ ਨਾਲ ਕਿ ਦੁੱਧ ਅਤੇ ਮੀਟ ਦੀ ਮੰਗ ਪੂਰੀ ਕੀਤੀ ਜਾ ਸਕੇ। ਸ਼੍ਰੀ. ਸੰਦੀਪ ਸਿੰਘ ਅਤੇ ਰਾਜਪ੍ਰੀਤ ਸਿੰਘ ਨੇ ਮੰਡੀਕਾਰੀ ਲਈ ਕਿਸਾਨ ਸਾਂਝ ਦੀ ਲੋੜ ਸੰਬੰਧੀ ਗੱਲ ਕੀਤੀ। ਸ਼੍ਰੀ ਸੰਨੀ ਕੰਗ ਨੇ ਬੱਕਰੀ ਦੇ ਸਾਰੇ ਉਤਪਾਦਾਂ ਦੀ ਗੁਣਵੱਤਾ ਲੜੀ ਬਣਾ ਕੇ ਮੰਡੀਕਾਰੀ ਸੰਬੰਧੀ ਸੁਝਾਅ ਦਿੱਤੇ। ਸ਼੍ਰੀ ਕਾਲਾ ਗੋਸਲ ਨੇ ਕਿਹਾ ਕਿ ਗੁਣਵੱਤਾ ਭਰਪੂਰ ਉਤਪਾਦਾਂ ਨਾਲ ਸਹਿਕਾਰੀ ਢੰਗ ਰਾਹੀਂ ਮੰਡੀਕਾਰੀ ਸੌਖੀ ਹੋ ਸਕਦੀ ਹੈ। ਸ਼੍ਰੀਮਤੀ ਪਰਮਜੀਤ ਕੌਰ ਕੱਟੂ ਨੇ ਸ਼ਹਿਰੀ ਖੇਤਰਾਂ ਵਿੱਚ ਖੋਏ ਅਤੇ ਪਨੀਰ ਦੀ ਮੰਡੀਕਾਰੀ ਬਾਰੇ ਚਰਚਾ ਕੀਤੀ। ਉਪ-ਕੁਲਪਤੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਉਨ੍ਹਾਂ ਦੀ ਹਰੇਕ ਲੋੜ ਦਾ ਧਿਆਨ ਰੱਖਦੇ ਹੋਏ ਖੋਜ ਅਤੇ ਪਸਾਰ ਸੇਵਾਵਾਂ ਮੁਹੱਈਆ ਕਰਵਾਏਗੀ।