ਦੇਸ਼ ਭਗਤ ਯਾਦਗਾਰ ਹਾਲ ਨੇ ਪੀੜ੍ਹਤ ਕਸ਼ਮੀਰੀ ਵਿਦਿਆਰਥੀਆਂ ਲਈ ਦਰਵਾਜ਼ੇ ਖੋਲ੍ਹੇ

ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਹਾਲ ਦੀ ਦੇਖ ਰੇਖ ਕਮੇਟੀ ਅਤੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਅੱਜ ਕਮੇਟੀ ਤਰਫੋਂ ਲਿਖ਼ਤੀ ਬਿਆਨ ਜਾਰੀ ਕਰਦਿਆਂ ਆਪਣੇ ਜਾਰੀ ਕੀਤੇ ਫੋਨ ਨੰਬਰਾਂ ਉਪਰ ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਲਿੰਕ ਕਰਕੇ ਕਿਸੇ ਕਿਸਮ ਦੀ ਸਹਾਇਤਾ ਜਾਂ ਰਿਹਾਇਸ਼ ਦੀ ਜ਼ਰੂਰਤ ਪੂਰੀ ਕਰਨ ਦਾ ਵਿਸ਼ਵਾਸ ਦੁਆਇਆ ਹੈ|

       ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਮੁਲਕ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ  ਦੇਸ਼ ਵਾਸੀਆਂ ਨੇ ਧਰਮ, ਫਿਰਕੇ, ਬੋਲੀ, ਰੰਗ ਅਤੇ ਇਲਾਕੇ ਦੇ ਭੇਦ ਭਾਵ ਤੋਂ ਉਪਰ ਉਠ ਕੇ ਆਜ਼ਾਦੀ ਜੱਦੋਜਹਿਦ ਲਈ ਪਰਚਮ ਉਠਾਇਆ। ਸਭਨਾਂ ਦੇ ਸਾਂਝੇ ਖੂਨ ਨਾਲ਼ ਜੱਲ੍ਹਿਆਂ ਵਾਲਾ ਬਾਗ਼ ਦੀ ਧਰਤੀ ਸਿੰਜੀ ਗਈ।
    ਅੱਜ ਪਹਿਲਗਾਮ ਕਤਲ ਕਾਂਡ ਦੇ ਕਾਰਨਾਂ ਉਪਰ ਉਂਗਲ ਰੱਖਣ ਅਤੇ ਹਕੂਮਤ ਦੀ ਜਵਾਬਦੇਹੀ ਤੈਅ ਕਰਨ ਦੀ ਬਜਾਏ ਲੋਕਾਂ ਬੇਦੋਸ਼ਿਆਂ ਦੀਆਂ ਲੋਥਾਂ ਦੀ ਪੌੜੀ ਬਣਾ ਕੇ ਆਪਣੀ ਸੌੜੀ ਸਿਆਸਤ ਦੀਆਂ ਕੁਚਾਲਾਂ ਨਾਲ ਗਰਜ਼ਾਂ ਦੀ ਪੂਰਤੀ ਕਰਨ ਦਾ ਕੁਕਰਮ ਕਰ ਰਹੇ ਤੱਤਾਂ ਨੂੰ ਭਾਂਜ ਦੇਣ ਲਈ ਸਮਾਜਿਕ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਜਿਥੇ ਪਹਿਲਗਾਮ ਕਾਂਡ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ਼ ਪਹਿਲਾਂ ਹੀ ਗਹਿਰੀ ਹਮਦਰਦੀ ਕੀਤੀ ਹੈ| ਓਥੇ ਕਸ਼ਮੀਰੀ ਕੁੜੀਆਂ ਮੁੰਡਿਆਂ ਖ਼ਾਸ ਕਰਕੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਉਪਰ ਹਮਲੇ ਕਰਨ , ਧਮਕੀਆਂ ਦੇਣ ਅਤੇ ਇੱਥੋਂ ਫੌਰੀ ਚਲੇ ਜਾਣ ਦੀਆਂ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲਿਆ ਹੈ।
       ਦੇਸ਼ ਭਗਤ ਯਾਦਗਾਰ ਕਮੇਟੀ ਨੇ ਫਿਰਕੂ ਫਾਸ਼ੀ,ਸਮਾਜ ਦੋਖੀ ਤੱਤਾਂ ਵੱਲੋਂ ਹਕੂਮਤੀ ਥਾਪੜੇ ਸਦਕਾ ਵਿਸ਼ੇਸ਼ ਕਰਕੇ ਕਸ਼ਮੀਰੀ ਵਿਦਿਆਰਥਣਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਏ ਜਾਣ ਅਤੇ ਨਫ਼ਰਤੀ ਹਨੇਰੀ ਵਗਾਉਣ ਲਈ ਹਰ ਹਰਬਾ ਵਰਤੇ ਜਾਣ ਦਾ ਸ਼ਖਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ|
   ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਦੇਸ਼ ਭਗਤ,ਲੋਕ ਹਿਤੈਸ਼ੀ, ਧਰਮ ਨਿਰਪੱਖ ਅਤੇ ਅਮਨਪਸੰਦ ਲੋਕਾਂ ਨੂੰ ਇਸ ਪਰਖ਼ ਦੀ ਘੜੀ ਹਰ ਪ੍ਰਕਾਰ ਦੇ ਕੂੜ ਪ੍ਰਚਾਰ ਨੂੰ ਕਾਟ ਕਰਨ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਲਈ ਅੱਗੇ ਆਉਣ।