ਢੋਲ ਦੇ ਡਗੇ 'ਤੇ ਲੋਹੜੀ ਦੇ ਗੀਤਾਂ ਨਾਲ ਗੂੰਜਿਆ ਤਹਿਸੀਲ ਕੰਪਲੈਕਸ ਨਵਾਂਸ਼ਹਿਰ

ਨਵਾਂਸ਼ਹਿਰ- ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਅਤੇ ਐਸ.ਡੀ.ਐਮ ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਐਸ.ਡੀ.ਐਮ ਅਤੇ ਤਹਿਸੀਲ ਦਫਤਰ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਇਸ ਸਮਾਗਮ ਦੌਰਾਨ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਉੱਪ ਚੇਅਰਮੈਨ ਲਲਿਤ ਮੋਹਨ ਪਾਠਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਜਦਕਿ ਦੋਹਾਂ ਦਫ਼ਤਰਾਂ ਦੇ ਸਟਾਫ਼ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫਤਰ, ਸੇਵਾ ਕੇਂਦਰ ਅਤੇ ਹੋਰਨਾਂ ਵਿਭਾਗਾਂ ਦਾ ਸਟਾਫ ਵੀ ਮੌਜੂਦ ਰਿਹਾ।

      ਇਸ ਮੌਕੇ  ਲਲਿਤ ਮੋਹਨ ਪਾਠਕ ਨੇ  ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਅਤੇ ਉਹ ਸਮਾਜ ਦੇ ਹਰ ਖੇਤਰ ਵਿਚ ਸਫ਼ਲਤਾਪੂਰਵਕ ਨੁਮਾਇੰਦਗੀ ਕਰ ਰਹੀਆਂ ਹਨ।  ਇਸ ਲਈ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਵਰਗੀ ਗ਼ਲਤ ਸੋਚ ਨੂੰ ਤਿਆਗ ਕੇ ਲੜਕੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਇਸ ਮੌਕੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਤਾਂ ਹੀ ਸੰਭਵ ਹੋ ਸਕਦਾ ਹੈ, ਜਦ ਲੜਕੀਆਂ ਪੜ੍ਹਾਈ ਕਰਕੇ ਆਪਣਾ ਵਿਕਾਸ ਕਰਨ ਅਤੇ ਆਰਥਿਕ ਤੌਰ ’ਤੇ ਆਜ਼ਾਦ ਹੋ ਕੇ ਸਮਾਜ ਵਿਚ ਸਿਰ ਉਠਾ ਕੇ ਜਿਉਣ। ਇਸੇ ਤਰ੍ਹਾਂ ਹੋਰਨਾਂ ਬੁਲਾਰਿਆਂ ਨੇ ਵੀ ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਅਤੇ ਅੱਗੇ ਵੱਧਣ ਦੇ ਮੌਕੇ ਦੇਣ ਦਾ ਸੱਦਾ ਦਿੱਤਾ।
        ਇਸ ਦੌਰਾਨ ਮੂੰਗਫਲੀ ਤੇ ਰਿਓੜੀਆਂ ਦੀ ਮਹਿਕ ਵਿਚ ਲੋਹੜੀ ਬਾਲ ਕੇ ਸਮਾਰੋਹ ਦੀ ਰਵਾਇਤੀ ਢੰਗ ਨਾਲ ਸ਼ੁਰੂਆਤ ਕੀਤੀ ਗਈ ਅਤੇ ਢੋਲ ਦੇ ਡਗੇ 'ਤੇ ਪਏ ਗਿੱਧੇ-ਭੰਗੜੇ ਅਤੇ ਲੋਹੜੀ ਦੇ ਗੀਤਾਂ ਨੇ ਪੂਰਾ ਤਹਿਸੀਲ ਕੰਪਲੈਕਸ ਗੂੰਜਾ ਦਿੱਤਾ। ਇਸ ਮੌਕੇ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਵੀ ਦਿੱਤੇ ਗਏ। ਸੀਨੀਅਰ ਕੌਂਸਲਰ ਚੇਤ ਰਾਮ ਰਤਨ ਵੱਲੋਂ ਇਸ ਸਮਾਗਮ ਵਿਚ ਵਿਸ਼ੇਸ਼ ਯੋਗਦਾਨ ਪਾਇਆ ਗਿਆ।
     ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਮਨਦੀਪ ਸਿੰਘ ਮਾਨ, ਤਹਿਸੀਲਦਾਰ ਨਵਾਂਸ਼ਹਿਰ ਪਰਵੀਨ ਛਿੱਬਰ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਗੁੱਡ ਗਵਰਨੈਂਸ ਫੈਲੋ ਅਸਮਿਤਾ ਪਰਮਾਰ, ਸੁਪਰਡੈਂਟ ਹਰਵਿੰਦਰ ਸਿੰਘ, ਸੁਪਰਡੈਂਟ ਬਹਾਦਰ ਸਿੰਘ, ਪੀ.ਏ-ਟੂ-ਡੀ.ਸੀ ਜਸਬੀਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।