ਡਾਕਟਰਾਂ ਦੀਆਂ ਪ੍ਰਵਾਨ ਹੋਈਆਂ ਮੰਗਾਂ ਲਾਗੂ ਕਰੋ, ਨਹੀਂ ਤਾਂ 20 ਤੋਂ ਹੜਤਾਲ ਪੱਕੀ : ਡਾ. ਸਰੀਨ

ਪਟਿਆਲਾ, 4 ਜਨਵਰੀ-ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਦੇ ਬੈਨਰ ਹੇਠ ਪੰਜਾਬ ਦੇ ਡਾਕਟਰ, ਰਾਜ ਸਰਕਾਰ ਦੇ ਲਿਖਤੀ ਭਰੋਸੇ ਦੇ ਲਗਭਗ ਤਿੰਨ ਮਹੀਨੇ ਮਗਰੋਂ ਵੀ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 20 ਜਨਵਰੀ ਤੋਂ ਹੜਤਾਲ 'ਤੇ ਜਾਣਗੇ।

ਪਟਿਆਲਾ, 4 ਜਨਵਰੀ-ਪੰਜਾਬ ਸਿਵਲ  ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਦੇ ਬੈਨਰ ਹੇਠ ਪੰਜਾਬ ਦੇ ਡਾਕਟਰ, ਰਾਜ ਸਰਕਾਰ ਦੇ ਲਿਖਤੀ ਭਰੋਸੇ ਦੇ ਲਗਭਗ ਤਿੰਨ ਮਹੀਨੇ ਮਗਰੋਂ ਵੀ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 20 ਜਨਵਰੀ ਤੋਂ ਹੜਤਾਲ 'ਤੇ ਜਾਣਗੇ।
ਇਹ ਫੈਸਲਾ ਐਸੋਸੀਏਸ਼ਨ ਦੀ ਹੋਈ ਜਨਰਲ ਬਾਡੀ ਦੀ ਮੀਟਿੰਗ 'ਚ ਲਿਆ ਗਿਆ। ਮੀਟਿੰਗ ਦੌਰਾਨ ਕਰੀਅਰ ਦੀ ਤਰੱਕੀ ਅਤੇ ਕੰਮ ਵਾਲੇ ਸਥਾਨ 'ਤੇ ਸੁਰੱਖਿਆ ਪ੍ਰਬੰਧਾਂ  ਨਾਲ ਸਬੰਧਤ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਦੇਰੀ ਲਈ ਨਿਰਾਸ਼ਾ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਮੀਟਿੰਗ ਮਗਰੋਂ ਪੀ ਸੀ ਐਮ ਐਸ ਏ ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਐਸੋਸੀਏਸ਼ਨ ਨੇ 1 ਜੁਲਾਈ, 2021 ਤੋਂ ਰੁਕੇ ਹੋਏ ਡਾਇਨਾਮਿਕ ਐਸ਼ਿਓਰਡ ਕੈਰੀਅਰ ਪ੍ਰੋਗਰੈਸ਼ਨਜ਼ (ਡੀ ਏ ਸੀ ਪੀ) ਸਮੇਤ ਜਨਤਕ ਸਿਹਤ ਸੰਭਾਲ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਡਾ. ਸਰੀਨ ਨੇ ਕਿਹਾ ਕਿ ਸਤੰਬਰ 2024 ਦੀਆਂ ਮੀਟਿੰਗਾਂ ਦੌਰਾਨ ਪੰਜਾਬ ਦੇ ਮੰਤਰੀਆਂ ਅਤੇ ਸਿਹਤ ਅਧਿਕਾਰੀਆਂ ਵੱਲੋਂ ਕਈ ਭਰੋਸੇ ਦਿੱਤੇ ਜਾਣ ਦੇ ਬਾਵਜੂਦ ਕੋਈ ਠੋਸ ਪ੍ਰਗਤੀ ਨਹੀਂ ਹੋਈ। "ਲਿਖਤੀ ਵਚਨਬੱਧਤਾਵਾਂ, ਜਿਸ ਵਿੱਚ ਇੱਕ ਹਫ਼ਤੇ ਦੇ ਅੰਦਰ ਸੁਰੱਖਿਆ ਫਰੇਮਵਰਕ ਦਾ ਰੋਲਆਊਟ ਅਤੇ 12 ਹਫ਼ਤਿਆਂ ਦੇ ਅੰਦਰ ਡੀ ਏ ਸੀ ਪੀ ਐਸ ਦੀ ਬਹਾਲੀ ਸ਼ਾਮਲ ਹੈ, 16 ਹਫ਼ਤਿਆਂ ਬਾਅਦ ਵੀ ਅਧੂਰੀਆਂ ਰਹੀਆਂ ਹਨ।"
ਡਾ. ਸਰੀਨ ਨੇ ਹੋਰ ਦੱਸਿਆ ਕਿ  ਸਤੰਬਰ 'ਚ ਸਰਕਾਰ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰਕੇ  ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਮਿਥੇ ਗਏ ਸਮੇਂ ਵਿੱਚ ਸਰਕਾਰ ਵੱਲੋਂ ਮੁੱਦਿਆਂ 'ਤੇ ਕੁਝ ਨਾ ਕੀਤੇ ਜਾਣ ਕਾਰਨ ਪੂਰੇ ਪੰਜਾਬ ਦੇ ਮੈਡੀਕਲ ਅਫਸਰਾਂ ਵਿੱਚ ਭਾਰੀ ਰੋਸ ਹੈ ਅਤੇ ਬਹੁਤੀਆਂ ਥਾਵਾਂ ਤੇ ਕਈ ਸਪੈਸ਼ਲਿਸਟ ਸਰਕਾਰੀ ਸੇਵਾਵਾਂ ਤੋਂ ਅਸਤੀਫਾ ਦੇ ਕੇ ਹਸਪਤਾਲ ਛੱਡ ਰਹੇ ਹਨ। ਉਨ੍ਹਾਂ   ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਦਿੱਤੀ ਕਿ ਜੇ ਸੁਰੱਖਿਆ ਤੇ ਕੈਰੀਅਰ ਪ੍ਰੋਗਰੈਸ਼ਨ ਦੀਆਂ ਦੋਵਾਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 20 ਜਨਵਰੀ ਤੋਂ ਮੁੜ ਓ ਪੀ ਡੀ ਸੇਵਾਵਾਂ ਬੰਦ ਕਰਕੇ ਧਰਨੇ ਲਾਏ ਜਾਣਗੇ।
 ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਨੇ ਸਾਰੀਆਂ ਜ਼ਿਲ੍ਹਾ  ਇਕਾਈਆਂ ਦੀ 12 ਜਨਵਰੀ ਨੂੰ ਅਗਲੀ ਨੀਤੀ ਸਬੰਧੀ ਮੀਟਿੰਗ ਵੀ ਸੱਦੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਿ ਐਸੋਸੀਏਸ਼ਨ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਜਥੇਬੰਦੀ ਹੈ। ਹਸਪਤਾਲਾਂ ਵਿੱਚ ਸੁਰੱਖਿਆ ਸਿਰਫ ਡਾਕਟਰਾਂ ਲਈ ਹੀ ਨਹੀਂ, ਉੱਥੇ ਹਰੇਕ ਸਟਾਫ ਅਤੇ ਆਉਣ ਵਾਲੇ ਮਰੀਜ਼ਾਂ ਦੀ ਵੀ ਲੋੜ ਹੈ ਕਿਉਂਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਸਮਾਨ ਦੀ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਗਾਰਡ ਹੋਣੇ ਜ਼ਰੂਰੀ ਹਨ।
 ਉਨ੍ਹਾਂ ਕਿਹਾ ਕਿ ਰਾਜ ਸਰਕਾਰ ਡਾਕਟਰਾਂ ਦੀਆਂ ਮੰਗਾਂ ਪ੍ਰਤੀ ਉਦਾਸੀਨ ਰਵਈਆ ਛੱਡ ਕੇ ਪ੍ਰਵਾਨ ਕੀਤੀਆਂ ਗਈਆਂ ਮੰਗਾਂ ਨੂੰ ਬਿਨਾ ਕਿਸੇ ਦੇਰੀ ਦੇ ਤੁਰੰਤ ਲਾਗੂ ਕਰੇ।