ਪੰਜਾਬੀ 'ਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਨੇ ਕਰਵਾਇਆ ਗੋਲਡਨ ਜੁਬਲੀ ਸਮਾਗਮ
ਪਟਿਆਲਾ, 23 ਨਵੰਬਰ: ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਨੇ ਅੱਜ ਆਪਣੀ ਗੋਲਡਨ ਜੁਬਲੀ ਮਨਾਈ। 1974 ਵਿੱਚ ਸਥਾਪਿਤ ਹੋਏ ਭਾਰਤ ਦੇ ਦੂਜੇ ਸਭ ਤੋਂ ਪੁਰਾਣੇ ਅਤੇ ਉੱਤਰੀ ਭਾਰਤ ਦੇ ਸਭ ਤੋਂ ਪੁਰਾਣੇ ਇਸ ਫ਼ੋਰੈਂਸਿਕ ਸਾਇੰਸ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਸਾਬਕਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।

ਡੀਨ ਅਕਾਦਮਿਕ ਮਾਮਲੇ ਪ੍ਰੋ ਨਰਿੰਦਰ ਕੌਰ ਮੁਲਤਾਨੀ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਸਾਇੰਸ ਦਾ ਵਿਸ਼ਾ ਅੱਜ ਦੁਨੀਆਂ ਵਿੱਚ ਬਹੁਤ ਹੀ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਜੋ ਨਿਆਂ ਦੇ ਖੇਤਰ ਵਿੱਚ ਵਿਗਿਆਨਿਕ ਤੱਥਾਂ ਦੇ ਸਹਾਰੇ ਪੜਚੋਲ ਕਰ ਕੇ ਸੱਚ ਨੂੰ ਸਾਹਮਣੇ ਲਿਆਉਣ ਵਿੱਚ ਮਦਦਗਾਰ ਬਣਦਾ ਹੈ।
ਵਿਭਾਗ ਮੁਖੀ ਪ੍ਰੋ. ਮੁਕੇਸ਼ ਠਾਕੁਰ ਨੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਦੱਸਿਆ ਕਿ ਸਿਰਫ ਇਕ ਕਮਰੇ ਤੋਂ ਸ਼ੁਰੂ ਹੋਇਆ ਇਹ ਵਿਭਾਗ ਹੁਣ ਆਪਣੇ ਵਿਦਿਆਰਥੀਆਂ ਅਤੇ ਖੋਜ ਕਾਰਜਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਵਿਭਾਗ ਦੇ ਖੋਜਾਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਵੱਲੋਂ ਲਿਖੇ 700 ਤੋਂ ਵੱਧ ਖੋਜ ਪੱਤਰ ਅੰਤਰਰਾਸ਼ਟਰੀ ਪੱਧਰ ਦੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਮੌਕੇ ਵਿਭਾਗ ਦੇ ਸਥਾਪਨਾ ਸਮੇਂ ਤੋਂ ਲੈ ਕੇ ਹੁਣ ਤਕ ਵਿਭਾਗ ਨੂੰ ਅਹਿਮ ਯੋਗਦਾਨ ਦੇਣ ਵਾਲ਼ੇ ਚਾਰ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਵਿੱਚ ਵਿਭਾਗ ਦੇ ਪਹਿਲੇ ਮੁਖੀ ਪ੍ਰੋ. ਪੀ. ਕੇ. ਚੱਟੋਪਾਧਿਆਏ, ਪ੍ਰੋ. ਆਰ. ਕੇ. ਗਰਗ, ਪ੍ਰੋ. ਓ.ਪੀ. ਜਸੂਜਾ ਅਤੇ ਪ੍ਰੋ. ਰਾਕੇਸ਼ ਮੋਹਨ ਸ਼ਰਮਾ ਸ਼ਾਮਲ ਸਨ।
ਗੋਲਡਨ ਜੁਬਲੀ ਦੇ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਦੌਰਾਨ ਵਿਭਾਗ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਤਮਕ ਵਨਗੀਆਂ ਪੇਸ਼ ਕੀਤੀਆਂ ਗਈਆਂ।