ਪੰਜਾਬ ਵਿੱਚ ਚਲਦੇ ਸਕੂਲ ਅਤੇ ਹੋਰ ਅਦਾਰਿਆਂ ਵੱਲੋਂ ਪੰਜਾਬੀ ਜੁਬਾਨ ਨਾਲ ਵਿਤਕਰਾ ਮੰਦਭਾਗਾ : ਧਨੋਆ ਗ੍ਰਿਫਤਾਰ ਕੀਤੇ ਪੰਜਾਬੀ ਪ੍ਰੇਮੀਆਂ ਨੂੰ ਬਿਨਾਂ ਦੇਰੀ ਰਿਹਾਅ ਕਰਨ ਦੀ ਮੰਗ

ਐਸ ਏ ਐਸ ਨਗਰ, 8 ਨਵੰਬਰ - ਪੰਜਾਬੀ ਵਿਰਸਾ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸz. ਸਤਵੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਚਲਦੇ ਸਕੂਲ ਅਤੇ ਹੋਰ ਅਦਾਰਿਆਂ ਵੱਲੋਂ ਪੰਜਾਬੀ ਜੁਬਾਨ ਨਾਲ ਵਿਤਕਰਾ ਮੰਦਭਾਗਾ ਹੈ।

ਐਸ ਏ ਐਸ ਨਗਰ, 8 ਨਵੰਬਰ - ਪੰਜਾਬੀ ਵਿਰਸਾ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸz. ਸਤਵੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਚਲਦੇ ਸਕੂਲ ਅਤੇ ਹੋਰ ਅਦਾਰਿਆਂ ਵੱਲੋਂ ਪੰਜਾਬੀ ਜੁਬਾਨ ਨਾਲ ਵਿਤਕਰਾ ਮੰਦਭਾਗਾ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਫੀ ਪ੍ਰਾਈਵੇਟ ਸਕੂਲ ਹਨ ਜੋ ਪੰਜਾਬ ਦੀ ਸਰਜ਼ਮੀਨ ਅਤੇ ਹੋਰ ਸਰੋਤ ਵਰਤਦੇ ਹਨ, ਪਰ ਇਸ ਖਿੱਤੇ ਦੀ ਮਾਂ ਬੋਲੀ ਨੂੰ ਨੁੱਕਰੇ ਲਾਉਣ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਮੇਤ ਵਿਸ਼ਵ ਦੇ ਬੁੱਧੀਜੀਵੀਆਂ ਵੱਲੋਂ ਇਹ ਗੱਲ ਜਨਤਕ ਕੀਤੀ ਹੋਈ ਹੈ ਕਿ ਬੱਚੇ ਦਾ ਮਾਨਸਿਕ ਵਿਕਾਸ ਆਪਣੀ ਮਾਂ ਬੋਲੀ ਵਿੱਚ ਹੀ ਵਧੇਰੇ ਪ੍ਰਫੁੱਲਿਤ ਹੁੰਦਾ ਹੈ ਪਰੰਤੂ ਫਿਰ ਵੀ ਮਾੜੀ ਸੋਚ ਵਾਲੇ ਸਕੂਲ ਪੰਜਾਬੀ ਬੱਚਿਆਂ ਨੂੰ ਮਾਂ ਬੋਲੀ ਤੋਂ ਵਿਰਵੇ ਰੱਖਣ ਦੀਆਂ ਸਾਜ਼ਿਸ਼ਾਂ ਕਰਦੇ ਰਹਿੰਦੇ ਹਨ।

ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਪੰਜਾਬੀ ਵਿਰੋਧੀ ਸਕੂਲਾਂ ਦੀ ਪੜਤਾਲ ਕਰਕੇ ਜੁਰਮਾਨੇ ਲਾਏ ਜਾਣ ਜੇਕਰ ਪੰਜਾਬੀ ਵਿਰੋਧੀ ਕਾਰਵਾਈਆਂ ਫਿਰ ਵੀ ਜਾਰੀ ਰਹਿੰਦੀਆਂ ਹਨ ਤਾਂ ਭਾਸ਼ਾ ਐਕਟ ਤਹਿਤ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਕਿਉਂਕਿ ਪੰਜਾਬੀ ਲੋਕ ਹੁਣ ਜਾਗਰੂਕ ਹੋ ਗਏ ਹਨ। ਮਾਂ ਬੋਲੀ ਦੀ ਤੌਹੀਨ ਹੁਣ ਲੋਕ ਹੋਰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਮੰਗ ਕੀਤੀ ਕਿ ਰਾਮਪੁਰਾ ਫੂਲ ਦੇ ਇੱਕ ਸਕੂਲ ਵਿੱਚ ਪੰਜਾਬੀ ਪ੍ਰੇਮੀਆਂ ਇਸ ਸੰਬੰਧੀ ਕੀਤੇ ਜਾ ਰਹੇ ਸ਼ਾਂਤਮਈ ਰੋਸ ਦੌਰਾਨ ਗ੍ਰਿਫਤਾਰ ਕੀਤੇ ਪੰਜਾਬੀ ਪ੍ਰੇਮੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ।